ਲੋਕ ਵੀ ਤਾਂ ਕੁਝ ਸੋਚਣ

Mexico Border

ਮੈਕਸੀਕੋ ਸਰਹੱਦ ਰਾਹੀਂ ਇੱਕ ਸਾਲ ਅੰਦਰ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਵਾਲੇ 97000 ਭਾਰਤੀ ਗ੍ਰਿਫਤਾਰ ਕੀਤੇ ਗਏ ਹਨ ਇਹ ਅੰਕੜਾ ਬੇਹੱਦ ਖਤਰਨਾਕ ਤੇ ਚਿੰਤਾਜਨਕ ਹਾਲਾਤਾਂ ਵੱਲ ਸੰਕੇਤ ਕਰਦਾ ਹੈ ਬੇਸ਼ੱਕ ਇਸ ਪਰਦੇਸੀ ਹੋਣ ਦੀ ਹੋੜ ਲਈ ਦੇਸ਼ ਅੰਦਰ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਇਹ ਤਸਵੀਰ ਦਾ ਇੱਕ ਹੀ ਪਹਿਲੂ ਹੈ ਇੱਥੇ ਲੋਕਾਂ ਨੂੰ ਵੀ ਗੌਰ ਕਰਨ ਦੀ ਲੋੜ ਹੈ। ਪੰਜਾਬ ਦੇ ਪਿੰਡਾਂ ’ਚ ਇਹ ਗੱਲ ਆਮ ਹੀ ਸੁਣੀ ਜਾਂਦੀ ਹੈ ਕਿ ਫਲਾਣਾ 40 ਲੱਖ ’ਚ ਅਮਰੀਕਾ ਭੇਜ ਦਿੰਦਾ ਹੈ ਅਤੇ ਇੱਕ ਮਹੀਨੇ ’ਚ ਬੰਦੇ ਨੂੰ ਸਹੀ ਟਿਕਾਣੇ ’ਤੇ ਪਹੁੰਚਾ ਦਿੰਦਾ ਹੈ। (Mexico Border)

ਭਾਵੇਂ ਮਜ਼ਬੂਰੀ ਹੀ ਸਹੀ ਪਰ ਕਿਸੇ ਦੇਸ਼ ਲਈ 40 ਲੱਖ ਹੀ ਕਿਉਂ ਦਿੱਤੇ ਜਾਣ ਜਾਂ ਜਾਣ ਲਈ ਇੱਕੋ-ਇੱਕ ਦੇਸ਼ ਅਮਰੀਕਾ ਹੀ ਕਿਉਂ ਰਹਿ ਗਿਆ ਹੈ? ਕੈਨੇਡਾ ਤੇ ਅਸਟਰੇਲੀਆ ਤੋਂ ਬਿਨਾਂ ਵੀ ਮੁਲਕ ਹਨ। ਜਿੱਥੇ ਰੁਜ਼ਗਾਰ ਦੇ ਮੌਕੇ ਹੋ ਸਕਦੇ ਹਨ ਮੋਟੇ ਪੈਸੇ ਵੀ ਲਾਉਣੇ ਤੇ ਜਾਣਾ ਵੀ ਖਤਰਨਾਕ ਹਾਲਾਤਾਂ ’ਚ, ਇਹ ਗੱਲ ਸਹੀ ਨਹੀਂ ਦੂਜੇ ਪਾਸੇ ਅਮਰੀਕਾ ਜਾਣ ਦੇ ਚਾਹਵਾਨਾਂ ਦੀ ਇੱਛਾ ਸਿਰਫ ਰੋਜ਼ੀ-ਰੋਟੀ ਨਹੀਂ ਰਹਿ ਗਈ ਸਗੋਂ ਉਹਨਾਂ ਦੀ ਆਪਣੀ ਅਤੇ ਪਿੱਛੇ ਪਰਿਵਾਰਾਂ ਦੀ ਵੱਡੀ ਇੱਛਾ ਮੋਟੀ ਕਮਾਈ ਦੀ ਹੈ।

ਦੇਸ਼ ਅੰਦਰ ਰੁਜ਼ਗਾਰ ਸੌਖਾ ਨਹੀਂ ਪਰ ਇਹ ਅਸੰਭਵ ਵੀ ਨਹੀਂ ਹੈ ਜਦੋਂ 10 ਏਕੜ ਦਾ ਮਾਲਕ ਅਤੇ ਇਕਲੌਤਾ ਪੁੱਤਰ ਹੀ 40 ਲੱਖ ਦੇ ਕੇ ਅਮਰੀਕਾ ਦੇ ਜੰਗਲ ਤੇ ਮਾਰੂਥਲ ਪਾਰ ਕਰਦਾ ਹੈ ਤਾਂ ਸਮਝ ਨਹੀਂ ਆਉਂਦੀ ਕਰੋੜਾਂਪਤੀ ਅਜਿਹਾ ਕਿਉਂ ਕਰ ਰਹੇ ਹਨ। ਭਾਵੇਂ ਦੇਸ਼ ਅੰਦਰ ਬੇਰੁਜ਼ਗਾਰੀ ਹੈ ਪਰ ਭੇਡਚਾਲ ਵੀ ਬਹੁਤ ਹੈ। ਸ਼ਰੀਕ ਜਾਂ ਗੁਆਂਢੀ ਨੇ ਜੇਕਰ ਮਹਿੰਗੀ ਗੱਡੀ ਖਰੀਦ ਲਈ ਤਾਂ ਲੋਕ ਬਿਨਾਂ ਜ਼ਰੂਰਤ ਤੋਂ ਲਿਆ ਵਿਹੜੇ ਖੜ੍ਹੀ ਕਰਦੇ ਹਨ। (Mexico Border)

ਇਹ ਵੀ ਪੜ੍ਹੋ : ਖ਼ਤਰਨਾਕ ਪ੍ਰਦੂਸ਼ਣ ਦੀ ਚਾਦਰ ’ਚ ਲਿਪਟੀ ਦਿੱਲੀ

ਇਹ ਰੀਸ ਘੱਟ ਪਰ ਭੇਡਚਾਲ ਤੇ ਹੈਂਕੜ ਜ਼ਿਆਦਾ ਹੈ ਇਹੀ ਹਾਲ ਵਿਦੇਸ਼ ਜਾਣ ਵਾਲਿਆਂ ਦਾ ਹੈ, ਗੁਆਂਢੀ ਦਾ ਮੁੰਡਾ ਗਿਆ ਤਾਂ ਸਾਡਾ ਕਿਉਂ ਨਹੀਂ ਇੱਥੇ ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲੇ ਵੀ ਅਮਰੀਕਾ ਦੇ ਮਾਰੂਥਲ ’ਚ ਪਾਣੀ ਲਈ ਤਰਸਦੇ ਮਰ ਜਾਂਦੇ ਹਨ। ਬਿਨਾਂ ਸ਼ੱਕ ਸਰਕਾਰਾਂ ਰੁਜ਼ਗਾਰ ਦੇ ਮੌਕੇ ਵਧਾਉਣ ਪਰ ਲੋਕ ਵੀ ਸੋਚਣ ਕਿ ਵਿਦੇਸ਼ ਜਾਣਾ ਕਿੰਨਾ ਕੁ ਜ਼ਰੂਰੀ ਹੈ? ਰੋਟੀ, ਕੱਪੜਾ, ਮਕਾਨ ਜਰੂਰ ਚਾਹੀਦਾ ਹੈ ਭਾਰਤ ’ਚ ਸੰਤੁਸ਼ਟੀ ਦੀ ਖੁਸ਼ੀ ਅਸਲ ਤੇ ਸੰਪੂਰਨ ਜ਼ਿੰਦਗੀ ਹੈ ਖਪਤਕਾਰਵਾਦੀ ਕਲਚਰ ਦੇ ਤੂਫਾਨ ’ਚੋਂ ਬਾਹਰ ਆ ਕੇ ਚੈਨ-ਸਕੂਨ ਵਾਲੀ ਜ਼ਿੰਦਗੀ ਦੇ ਮਹੱਤਵ ਨੂੰ ਨਹੀਂ ਭੁੱਲਣਾ ਚਾਹੀਦਾ ਸਾਡੇ ਕਈ ਸੰਕਟਾਂ ਦਾ ਹੱਲ ਸਾਡਾ ਵਿਰਾਸਤ ਨਾਲ ਜੁੜਨਾ ਹੈ ਵੇਖਾ-ਵੇਖੀ ਜਹਾਜ਼ ਦੀ ਬਾਰੀ ਨਾਲ ਲਮਕਣ ਦਾ ਕੋਈ ਫਾਇਦਾ ਨਹੀਂ। (Mexico Border)

LEAVE A REPLY

Please enter your comment!
Please enter your name here