ਪਟਿਆਲਾ ਦੇ ਨੌਜਵਾਨ ਦੀ ਅਸਟਰੇਲੀਆ ‘ਚ ਮੌਤ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸਥਾਨਕ ਸ਼ਹਿਰ ਦੇ ਅਸਟਰੇਲੀਆ ਦੇ (Australia) ਸ਼ਹਿਰ ਮੈਲਬੋਰਨ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਪਟਿਆਲਾ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਮਹੰਤ (18) ਪੁੱਤਰ ਮਹੰਤ ਜਸਪਾਲ ਦਾਸ ਵਾਸੀ ਪਟਿਆਲਾ ਕਰੀਬ ਢਾਈ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਅਸਟਰੇਲੀਆ ਗਿਆ ਸੀ।

ਉੱਥੇ ਆਪਣੇ ਰਿਸ਼ਤੇਦਾਰਾਂ ਦਾ ਸ਼ੋ ਰੂਮ ਬੰਦ ਕਰਕੇ ਜਦੋਂ ਵਿਸ਼ਾਲ ਘਰ ਵਾਪਸ ਜਾਣ ਮੌਕੇ ਗੱਡੀ ‘ਚ ਬੈਠਣ ਲੱਗਾ ਤਾਂ ਪਿੱਛੋਂ ਤੇਜ਼ ਰਫਤਾਰ ਆ ਰਹੇ ਟਰੱਕ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਸ਼ਾਲ ਦੇ ਪਿਤਾ ਮਹੰਤ ਜਸਪਾਲ ਦਾਸ ਇੱਕ ਸਮਾਜ ਸੇਵਕ ਹਨ ਜੋ ਕਿ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਵਿਸ਼ਾਲ ਮਹੰਤ ਦੀ ਮੌਤ ‘ਤੇ ਉਹਨਾਂ ਦੇ ਪਿਤਾ ਮਹੰਤ ਜਸਪਾਲ ਦਾਸ ਨਾਲ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਹਰਦਿਆਲ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਰਜਿੰਦਰ ਸਿੰਘ ਸਮੇਤ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

LEAVE A REPLY

Please enter your comment!
Please enter your name here