ਮਿਲਟਰੀ ਲਿਟਰੇਚਰ ਫੈਸਟੀਵਲ: ਵੈਸਟਰਨ ਕਮਾਂਡ ਪੋਲੋ ਚੈਲੇਂਜ ਪ੍ਰਦਰਸ਼ਨੀ ਮੈਚ ਹੋਏ
ਸੱਚ ਕਹੂੰ ਨਿਊਜ਼/ਪਟਿਆਲਾ। ਤੀਸਰੇ ਮਿਲਟਰੀ ਸਾਹਿਤ ਮੇਲੇ ਦੇ ਉਤਸਵ ਵਜੋਂ ਵੈਸਟਰਨ ਕਮਾਂਡ ਪੋਲੋ ਚੈਲੇਂਜ ਦਾ ਪ੍ਰਦਰਸ਼ਨੀ ਮੈਚ ਪਟਿਆਲਾ ਰੇਡਰਜ ਅਤੇ ਪਟਿਆਲਾ ਚਾਰਜਰਸ ਦੀ ਟੀਮ ਦਰਮਿਆਨ ਅੱਜ ਸ਼ਾਮ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਸੰਗਰੂਰ ਰੋਡ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਪਟਿਆਲਾ ਰੇਡਰਜ ਦੀ ਟੀਮ ਨੇ ਇਹ ਮੈਚ 5-3 ਦੇ ਫ਼ਰਕ ਨਾਲ ਜਿੱਤ ਲਿਆ।
ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਏ ਗਏ ‘ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ’ ਦੇ ਇਸ ਪ੍ਰਦਰਸ਼ਨੀ ਮੈਚ ‘ਚ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲਾ ਹੋਇਆ। ਇਸ ਦੌਰਾਨ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਅਤੇ ਸਥਾਨਕ ਦਰਸ਼ਕਾਂ ਨੇ ਘੋੜ ਸਵਾਰਾਂ ਦੀ ਪੋਲੋ ਦੇ ਇਸ ਸਾਹਸ ਭਰਪੂਰ ਦਿਲਦਾਰ-ਜਾਨਦਾਰ ਤੇ ਦਿਲਕਸ਼ ਖੇਡ ਦਾ ਭਰਪੂਰ ਅਨੰਦ ਮਾਣਿਆ। ਮਿਲਟਰੀ ਸਾਹਿਤ ਮੇਲੇ ਦੀ ਲੜੀ ਤਹਿਤ ਕਰਵਾਏ ਗਏ ਇਸ ਪ੍ਰਦਰਸ਼ਨੀ ਮੈਚ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਆਰ.ਪੀ. ਸਿੰਘ ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਸ਼ਿਰਕਤ ਕੀਤੀ ਅਤੇ ਮੈਦਾਨ ‘ਚ ਗੇਂਦ ਸੁੱਟਕੇ ਮੈਚ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇਸ਼ ਸੇਵਾ ਨੂੰ ਸਮਰਪਿਤ ਸੇਵਾ ਹੈ, ਇਸ ਲਈ ਨੌਜਵਾਨਾਂ ਨੂੰ ਇਸ ਸਾਹਸੀ ਸੇਵਾ ਦਾ ਹਿੱਸਾ ਬਨਣਾ ਚਾਹੀਦਾ ਹੈ।
ਇਸ ਮੈਚ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਪੀ.ਵੀ.ਐਸ.ਐਮ. ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਨੂੰ ਪੂਰਾ ਕਰਦਿਆਂ ਰਾਜ ਸਰਕਾਰ ਨੌਜਵਾਨਾਂ ਨੂੰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰ ਰਹੀ ਹੈ, ਜਿਸ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪੋਲੋ ਮੈਚ ਨੇ ਮਿਲਟਰੀ ਸਾਹਿਤ ਮੇਲੇ ਲਈ ਚੰਗਾ ਮਾਹੌਲ ਸਿਰਜਿਆ ਹੈ।
ਇਸ ਦੌਰਾਨ ਫ਼ੌਜ ਦੀ 61 ਕੈਵਲਰੀ ਦੇ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਦੇ ਕਰਤੱਬ ਦਿਖਾਏ। ਜਦੋਂਕਿ ਪਟਿਆਲਾ ਏਵੀਏਸ਼ਨ ਕਲੱਬ ਦੇ ਸੀਨੀਅਰ ਇੰਸਟ੍ਰਕਰ ਕੈਪਟਨ ਮਲਕੀਅਤ ਸਿੰਘ, ਜ਼ਿਨ੍ਹਾਂ ਕੋਲ 10 ਹਜ਼ਾਰ ਘੰਟੇ ਹਵਾਈ ਜਹਾਜ ਉਡਾਉਣ ਦਾ ਤਜਰਬਾ ਹੈ, ਨੇ ਸੈਸਨਾ 172 ਜਹਾਜ ਨਾਲ ਏਅਰੋਬੈਟਿਕ ਸਕਿਲਜ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।