ਤਲਾਸ਼ੀ ਦੌਰਾਨ ਪਿੱਠੂ ਬੈਗ ’ਚੋਂ 22200 ਨਸ਼ੀਲੀਆਂ ਗੋਲੀਆਂ ਬਰਾਮਦ : ਐਸ.ਪੀ. ਜਾਂਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ 10 ਪਿਸਟਲ (10 Pistols Recovered) ਅਤੇ ਇੱਕ ਪਿੱਠੂ ਬੈਗ ’ਚੋਂ 22200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਪਟਿਆਲਾ ਦੇ ਐਸ.ਪੀ. (ਜਾਂਚ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ. ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਥਾਣਾ ਸਿਟੀ ਰਾਜਪੁਰਾ, ਸਦਰ ਰਾਜਪੁਰਾ ਅਤੇ ਬਨੂੜ ਦੇ ਥਾਣਾ ਮੁਖੀਆਂ ਸਮੇਤ ਚੌਂਕੀ ਇੰਚਾਰਜਾਂ ਵੱਲੋਂ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤ ਦੌਰਾਨ ਇਹ ਬਰਾਮਦਗੀ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਨੇੜਿਓਂ ਹੋਈ ਹੈ।
ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 8 ਫਰਵਰੀ ਨੂੰ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਕੀਤੀ ਨਾਕਾਬੰਦੀ ਦੌਰਾਨ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਗੱਡੀਆਂ ਤੇ ਬੱਸਾਂ ਦੀ ਚੈਕਿੰਗ ਕਰ ਰਹੇ ਸੀ ਇਸੇ ਦੌਰਾਨ ਇੱਕ ਵਿਅਕਤੀ ਇੱਕ ਬੈਗ ਛੱਡ ਕੇ ਨਿੱਕਲ ਗਿਆ, ਜਦੋਂ ਬੈਗ ਦੀ ਤਲਾਸ਼ੀ ਕੀਤੀ ਗਈ ਤਾਂ ਇਸ ’ਚੋਂ 350 ਬੋਰ ਦੇ 9 ਪਿਸਟਲ ਅਤੇ 32 ਬੋੋਰ ਦਾ ਮੈਗ਼ਜੀਨ ਵਾਲਾ 1 ਪਿਸਟਲ ਬ੍ਰਾਮਦ ਹੋਇਆ। ਉਨ੍ਹਾਂ ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ’ਤੇ ਬੈਗ ਦੇ ਮਾਲਕ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰੰਤੂ ਕੋਈ ਵਿਅਕਤੀ ਨਹੀਂ ਮਿਲਿਆ, ਜਿਸ ਤੋਂ ਜਾਪਦਾ ਹੈ ਕਿ ਚੋਣਾਂ ਦੇ ਮੱਦੇਨਜਰ ਇਹ ਅਸਲਾ ਕੋਈ ਵਿਅਕਤੀ ਬਾਹਰੋਂ ਲੈਕੇ ਆਇਆ ਹੋ ਸਕਦਾ ਹੈ। ਇਸ ਸਬੰਧੀ ਮੁਕੱਦਮਾ ਥਾਣਾ ਬਨੂੜ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਨੂੰ ਬਹੁਤ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਟੀ-ਪੁਆਇੰਟ ਜਲਾਲਪੁਰ ਕੋਲ ਚੈਕਿੰਗ ਕਰਦਿਆਂ ਹਿਮਾਂਸ਼ੂ ਚੋਪੜਾ ਪੁੱਤਰ ਚੰਦਰਮੋਹਨ ਚੋਪੜਾ ਵਾਸੀ ਧਰਮਪੁਰਾ ਮੁਹੱਲਾ, ਨੇੜੇ ਸਿੰਗਾਰ ਸਿਨੇਮਾ, ਸਮਰਾਲਾ ਰੋਡ ਲੁਧਿਆਣਾ ਦੀ ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ ’ਚੋਂ 22200 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ, ਇਸ ਵਿਰੁੱਧ ਮੁਕੱਦਮਾ ਥਾਣਾ ਬਨੂੜ ਵਿਖੇ ਦਰਜ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ