ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫੀਮ ਸਮੇਤ ਤਿੰਨ ਗ੍ਰਿਫ਼ਤਾਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪਟਿਆਲਾ ਪੁਲਿਸ ਨੇ ਤਿੰਨ ਵੱਖ-ਵੱਖ ਵਿਅਕਤੀਆਂ ਨੂੰ ਦੋ ਮਾਮਲਿਆਂ ’ਚ ਸਾਢੇ ਚਾਰ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ ਨੇ ਦੱਸਿਆ ਕਿ ਐਸ.ਪੀ. (ਇਨਵੈਸਟੀਗੇਸ਼ਨ) ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 4 ਕਿੱਲੋ 500 ਗ੍ਰਾਮ ਅਫ਼ੀਮ ਦੀ ਬ੍ਰਾਮਦਗੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਇਹ ਕਾਮਯਾਬੀ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸੀ.ਆਈ.ਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸਮਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਦੋ ਵੱਖ-ਵੱਖ ਮੁੱਕਦਮੇ ਦਰਜ ਕਰਕੇ ਇਨ੍ਹਾਂ ’ਚ ਸ਼ਾਮਲ ਤਿੰਨ ਜਣਿਆਂ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ, ਜੋ ਕਿ ਯੂ.ਪੀ. ਦੇ ਨਿਵਾਸੀ ਸਨ। ਉਨ੍ਹਾਂ ਦੱਸਿਆ ਕਿ 20 ਸਤੰਬਰ 2021 ਨੂੰ ਏ.ਐਸ.ਆਈ. ਜਸਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਬੱਸ ਅੱਡਾ ਖਾਸੀਆ ਦੇਵੀਗੜ੍ਹ-ਪਟਿਆਲਾ ਰੋਡ ਤੋਂ ਇੱਕ ਵਿਅਕਤੀ ਨੂੰ 3 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ, ਜਿਸ ਦੀ ਪਛਾਣ ੳਵਿੰਦਰਾ ਪੁੱਤਰ ਚੰਦਰਾ ਪਾਲਾ ਵਾਸੀ ਪਿੰਡ ਗੁਲਚੰਪਾ ਮੇ ਚੱਕ ਹਾਜੀਪੁਰ ਥਾਣਾ ਤਿਲਹਰ ਜਿਲਾ ਸਾਹਜਹਾਨਪੁਰ ਯੂ.ਪੀ ਵਜੋਂ ਹੋਈ, ਇਸ ਵਿਰੁੱਧ ਮੁੱਕਦਮਾ ਨੰਬਰ 124 ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18, 61, 85 ਤਹਿਤ ਥਾਣਾ ਸਨੌਰ ਵਿਖੇ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਐਸ.ਆਈ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਗੁਰਦੁਆਰਾ ਝਾਲ ਸਾਹਿਬ ਨੇੜੇ ਡੋਗਰਾ ਮੁੱਹਲਾ ਪਟਿਆਲਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ’ਤੇ ਦੋ ਵਿਅਕਤੀਆਂ ਨੂੰ 1 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੀ ਪਛਾਣ ਅਵਧੇਸ਼ ਪੁੱਤਰ ਪ੍ਰਸ਼ਾਦੀ ਲਾਲ ਵਾਸੀ ਪਿੰਡ ਬਹਾਦਰਪੁਰ ਅਤੇ ਅਖਲੇਸ਼ ਪੁੱਤਰ ਮੋਤੀ ਲਾਲ ਵਾਸੀ ਪਿੰਡ ਰਾਏਪੁਰ, ਥਾਣਾ ਜਲਾਲਾਬਾਦ ਜ਼ਿਲ੍ਹਾ ਸਾਹਜਹਾਨਪੁਰ ਯੂ.ਪੀ ਵਜੋਂ ਹੋਈ।
ਡੀ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਮੁੱਕਦਮਾ ਨੰਬਰ 211 ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 18, 61, 85 ਤਹਿਤ 20 ਸਤੰਬਰ 2021 ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ