ਕਸਬਾ ਡਕਾਲਾ ਤੋਂ ਕਰਹਾਲੀ ਸਾਹਿਬ ਨੂੰ ਜਾਂਦੀ 18 ਫੁੱਟੀ ਸੜਕ ਦੀ ਹਾਲਤ ਹੋਈ ਬਦਤਰ | Patiala News
- ਰਾਹੀਗਰਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਪਟਿਆਲਾ (ਨਰਿੰਦਰ ਸਿੰਘ ਬਠੋਈ)। ਹਲਕਾ ਸਮਾਣਾ ਦੇ ਕਸਬਾ ਡਕਾਲਾ ਤੋਂ ਕਰਹਾਲੀ ਸਾਹਿਬ ਨੂੰ ਜਾਂਦੀ 18 ਫੁੱਟੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਅਤੇ ਹੁਣ ਮੀਂਹ ਪੈਣ ਕਾਰਨ ਇਸ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਸੜਕ ’ਤੇ ਮੀਂਹ ਦਾ ਪਾਣੀ ਇੱਕਠਾ ਹੋਣ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਸੜਕ ’ਤੇ ਪਏ ਖੱਡਿਆਂ ਦਾ ਪਤਾ ਨਹੀਂ ਚੱਲਦਾ।
ਜਿਸ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਖੜੇ੍ਹ ਮੀਂਹ ਦੇ ਪਾਣੀ ਵਿੱਚ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਹਲਕਾ ਸਮਾਣਾ ਦੇ ਕਸਬਾ ਡਕਾਲਾ ਤੋਂ ਇਤਿਹਾਸਕ ਗੁਰੂ ਘਰ ਕਰਹਾਲੀ ਸਾਹਿਬ ਨੂੰ ਜਾਂਦੀ ਮੁੱਖ ਸੜਕ ’ਤੇ ਥਾਂ-ਥਾਂ ਪਏ ਖੱਡਿਆਂ ਅਤੇ ਹੁਣ ਮੀਂਹ ਦਾ ਪਾਣੀ ਭਰ ਜਾਣ ਕਾਰਨ ਸੜਕ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ।
ਦਰਜ਼ਨਾਂ ਪਿੰਡ ਹੋ ਰਹੇ ਨੇ ਪ੍ਰਭਾਵਿਤ | Patiala News
ਇਸ ਸੜਕ ਨਾਲ ਲਗਭਗ ਇੱਕ ਦਰਜਨ ਤੋਂ ਵੱਧ ਪਿੰਡ ਜੁੜੇ ਹੋਏ ਹਨ, ਇਨ੍ਹਾਂ ਪਿੰਡਾਂ ਦੇ ਲੋਕ ਜੋ ਰੋਜ਼ਾਨਾ ਦੇ ਕੰਮਾਂ ਕਾਰਾਂ ਲਈ ਪਟਿਆਲਾ ਸ਼ਹਿਰ ਅਤੇ ਕਸਬਾ ਬਲਬੇੜਾ ਅਤੇ ਰਾਮਨਗਰ ਨੂੰ ਜਾਂਦੇ ਹਨ, ਕਰਹਾਲੀ ਸਾਹਿਬ ਤੇ ਕਸਬਾ ਡਕਾਲਾ ਨੂੰ ਆਪਸ ’ਚ ਜੋੜਦੀ ਮੁੱਖ ਸੜਕ ਹੈ। ਪਟਿਆਲਾ ਸ਼ਹਿਰ ਤੋਂ ਰੋਜ਼ਾਨਾ ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਸੰਗਤਾਂ ਨੂੰ ਇਸ ਟੁੱਟੀ ਸੜਕ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸੜਕ ਨੂੰ ਬਣਿਆਂ ਲਗਭਗ 7-8 ਸਾਲ ਹੋ ਗਏ ਹਨ, ਇਸ ਤੋਂ ਬਾਅਦ ਇਸ ਸੜਕ ਨੂੰ ਬਣਾਉਣ ਲਈ ਨਾ ਤਾਂ ਕਾਂਗਰਸ ਸਰਕਾਰ ਅੱਗੇ ਆਈ ਅਤੇ ਨਾ ਹੀ ਮੌਜੂਦਾ ਸਰਕਾਰ ਨੇ ਵੀ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਇਸ ਸਬੰਧੀ ਹਲਕਾ ਸਮਾਣਾ ਦੇ ਪਿੰਡ ਚੂਹੜਪੁਰ, ਬਠੋਈ ਖੁਰਦ, ਬਠੋਈ ਕਲਾਂ ਅਤੇ ਕਰਹਾਲੀ ਸਾਹਿਬ ਦੇ ਵਿਅਕਤੀਆਂ ਗੁਰਪ੍ਰੀਤ ਸਿੰਘ, ਚਮਕੀਲਾ, ਦਰਬਾਰਾ ਸਿੰਘ, ਗੁਰਵਿੰਦਰ ਸਿੰਘ, ਗੁਰਪਿਆਰ ਸਿੰਘ, ਦਰਸ਼ਨ ਸਿੰਘ ਅਤੇ ਕਿਸਾਨ ਲਖਵੀਰ ਸਿੰਘ, ਹਰਭਜਨ ਸਿੰਘ, ਲਾਭ ਸਿੰਘ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਇਸ ਟੁੱਟੀ ਸੜਕ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਫ਼ਸਲਾਂ ਅਨਾਜ਼ ਮੰਡੀ ਲਿਜਾਣੀਆਂ ਹੋਈਆਂ ਔਖੀਆਂ
ਕਸਾਨਾਂ ਨੇ ਕਿਹਾ ਕਿ ਜਲਦ ਹੀ ਕਣਕ ਦੀ ਫਸਲ ਪੱਕਣ ਵਾਲੀ ਹੈ ਅਤੇ ਕਿਸਾਨਾਂ ਨੇ ਆਪਣੀ ਫਸਲ ਅਨਾਜ ਮੰਡੀ ਡਕਾਲਾ ਵਿੱਚ ਲੈ ਕੇ ਆਉਣੀ ਹੁੰਦੀ ਹੈ। ਇਸ ਟੁੱਟੀ ਸੜਕ ਕਾਰਨ ਉਨ੍ਹਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਹਲਕੇ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦ ਇਸ ਸੜਕ ਨੂੰ ਬਣਾਉਣ ਲਈ ਅੱਗੇ ਆਉਣ ਤਾਂ ਜੋ ਲੋਕਾਂ ਨੂੰ ਆਉਂਦੀਆਂ ਦਿੱਕਤਾਂ ਤੋਂ ਨਿਯਾਤ ਮਿਲ ਸਕੇ।
ਜਲਦ ਬਣਾਈ ਜਾਵੇਗੀ ਸੜਕ : ਜੌੜਾਮਾਜਰਾ
ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਸਬਾ ਡਕਾਲਾ ਤੋਂ ਕਰਹਾਲੀ ਸਾਹਿਬ ਨੂੰ ਜੋੜਦੀ ਸੜਕ ਜਲਦ ਹੀ ਬਣਾਈ ਜਾਵੇਗੀ ਤੇ ਇਸ ਸੜਕ ਨਾਲ ਜੁੜੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਜਲਦ ਹੀ ਰਾਹਤ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਤਿੰਨ ਸਕੀਮਾਂ ਵਿੱਚ ਪਾਈ ਹੋਈ ਹੈ ਅਤੇ ਜਿਸ ਸਕੀਮ ਵਿੱਚ ਪਹਿਲਾ ਨੰਬਰ ਆ ਗਿਆ, ਉਸੇ ਸਕੀਮ ਤਹਿਤ ਜਲਦ ਬਣਾਈ ਜਾਵੇਗੀ।