ਛੇ ਮਹੀਨੇ ਪਹਿਲਾਂ ਉਮੀਦਵਾਰ ਐਲਾਨਣ ਦੇ ਦਾਅਵੇ ਕਰਨ ਵਾਲੀ ਆਪ ਅਜੇ ਤੱਕ ਨਹੀਂ ਕਰ ਸਕੀ ਐਲਾਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਲੋਕ ਸਭਾ ਹਲਕਾ ਪਟਿਆਲਾ ਅੰਦਰ ਕਾਂਗਰਸ, ਅਕਾਲੀ ਦਲ ਅਤੇ ਪੀਡੀਏ ਦੇ ਉਮੀਦਵਾਰ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਪਰ ਆਮ ਆਦਮੀ ਪਾਰਟੀ ਚੁੱਪ ਬੈਠੀ ਹੈ। ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਵੀ ਕੋਈ ਸਰਗਰਮੀ ਨਹੀਂ ਕੀਤੀ ਜਾ ਰਹੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਣ ਕਾਰਨ ਲੋਕ ਸਭਾ ਹਲਕਾ ਪਟਿਆਲਾ ‘ਤੇ ਸਾਰਿਆਂ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ। ਕਾਂਗਰਸ ਦੀ ਸੰਭਾਵੀ ਉਮੀਦਾਵਾਰ ਪਰਨੀਤ ਕੌਰ ਵੱਲੋਂ ਆਪਣਾ ਚੋਣ ਪ੍ਰਚਾਰ ਪੂਰੀ ਤਰਾ ਭਖਾਇਆ ਹੋਇਆ ਹੈ, ਜਦਕਿ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਅ ਦਾ ਐਲਾਨ ਕਰਨ ਤੋਂ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਮੈਦਾਨ ਵਿੱਚ ਆ ਗਿਆ ਹੈ।
ਇੱਧਰ ਪੀਡੀਏ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਆਮ ਲੋਕਾਂ ਨਾਲ ਸਭ ਤੋਂ ਵਧੇਰੇ ਰਾਬਤਾ ਵਿੱਢਿਆ ਹੋਇਆ ਹੈ ਅਤੇ ਗਾਂਧੀ ਆਮ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾ ਜ਼ਿਲ੍ਹੇ ਅੰਦਰ ਇਸ ਪਾਰਟੀ ਦੇ ਸੰਭਾਵੀ ਉਮੀਦਵਾਰ ਵੀ ਦਿਖਾਈ ਨਹੀਂ ਦੇ ਰਹੇ, ਜਿਸ ਕਾਰਨ ਲੋਕਾਂ ਵਿੱਚ ਇਸ ਪਾਰਟੀ ਦੇ ਉਮੀਦਵਾਰ ਦੀ ਚਰਚਾ ਨਹੀਂ ਹੈ। ਉਂਜ ਆਪ ਵੱਲੋਂ ਆਖਿਆ ਗਿਆ ਸੀ ਕਿ ਉਹ ਲੋਕ ਸਭਾ ਚੋਣਾ ਵਿੱਚ ਛੇ ਮਹੀਨੇ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਕਰ ਦੇਵੇਗੀ। ਇੱਧਰ ਇਸ ਵਾਰ ਚੋਣਾਂ ਅੰਦਰ ਮੋਤੀ ਮਹਿਲ ਵੱਲੋਂ ਲੋਕਾਂ ‘ਚ ਵਿਚਰਨ ਦੀ ਵੱਡੀ ਵਾਹ ਲਾਈ ਜਾ ਰਹੀ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਨੇ ਪਰਨੀਤ ਕੌਰ ਨੂੰ ਵੱਡਾ ਝਟਕਾ ਦਿੱਤਾ ਸੀ।
ਮੋਤੀ ਮਹਿਲ ਨੂੰ ਹਰਾ ਕੇ ਸੰਸਦ ਦੀਆਂ ਪੋੜੀਆਂ ਚੜ੍ਹੇ ਡਾ. ਧਰਮਵੀਰ ਗਾਂਧੀ ਇਸ ਵਾਰ ਭਾਵੇਂ ਆਮ ਆਦਮੀ ਪਾਰਟੀ ਤੋਂ ਚੋਣ ਨਹੀਂ ਲੜ ਰਹੇ ਪਰ ਡਾ. ਗਾਂਧੀ ਵੱਲੋਂ ਆਪਣੇ ਆਪ ਨੂੰ ਆਮ ਆਦਮੀ ਦਰਸਾ ਕੇ ‘ਰਜਵਾੜਾਸ਼ਾਹੀ’ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਹੈ। ਉਹ ਲੋਕਾਂ ਨੂੰ ਆਪਣੇ ਪੰਜ ਸਾਲਾਂ ਦਾ ਰਿਪੋਰਟ ਕਾਰਡ ਜਾਰੀ ਕਰ ਰਹੇ ਹਨ। ਇੱਧਰ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਉਨ੍ਹਾਂ ਦੇ ਭਰਾ ਚਰਨਜੀਤ ਸਿੰਘ ਰੱਖੜਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਰੱਖੜਾ ਅਕਾਲੀ ਭਾਜਪਾ ਦੇ ਕੰਮਾਂ ਅਤੇ ਕੈਪਟਨ ਸਰਕਾਰ ਦੇ ਝੂਠੇ ਵਾਅਦਿਆ ਨੂੰ ਉਭਾਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਜ਼ਿਲ੍ਹੇ ਅੰਦਰ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਸੱਤਾ ਦੇ ਨਸ਼ੇ ਵਿੱਚ ਨਜਾਇਜ਼ ਕੰਮ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਤੋਂ ਪਿੱਛੇ ਚੱਲ ਰਹੀ ਹੈ ਅਤੇ ਇਸ ਦੇ ਵਰਕਰ ਆਪਣੇ ਉਮੀਦਵਾਰ ਦੀ ਉਡੀਕ ‘ਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।