ਬੱਸਾਂ ਵਿੱਚ ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਵਾਂਗੇ, ਸਰਕਾਰ ਮੰਗਾਂ ਵੱਲ ਨਹੀਂ ਦੇ ਰਹੀ ਧਿਆਨ | Punjab Roadways
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਕਿ ਉਹ 23 ਜਨਵਰੀ ਤੋਂ ਸਰਕਾਰੀ ਬੱਸਾਂ ਵਿੱਚ ਸੀਟਾਂ ਦੇ ਅਨੁਸਾਰ ਹੀ ਸਵਾਰੀਆਂ ਨੂੰ ਬਿਠਾਉਣਗੇ ਅਤੇ ਸੀਟਾਂ ਤੋਂ ਵੱਧ ਬੱਸਾਂ ਵਿੱਚ ਸਵਾਰੀਆਂ ਨਹੀਂ ਬਿਠਾਉਣਗੇ। ਉਂਜ ਇਸ ਸਬੰਧੀ ਨਾ ਤਾਂ ਸਰਕਾਰ ਵੱਲੋਂ ਕੋਈ ਆਦੇਸ਼ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਪੀਆਰਟੀਸੀ ਜਾਂ ਪਨਬਸ ਮੈਨੇਜ਼ਮੈਂਟ ਵੱਲੋਂ। ਇੱਧਰ ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੱਲ੍ਹ ਤੋਂ ਬਾਅਦ ਇਸ ਮਾਮਲੇ ਸਬੰਧੀ ਆਪਣਾ ਅਗਲਾ ਕਦਮ ਚੁੱਕਣਗੇ। (Punjab Roadways)
ਚੰਡੀਗੜ੍ਹ ਮੇਅਰ ਚੋਣ ਨਾਲ ਜੁੜੀ ਵੱਡੀ ਖਬਰ
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਅਤੇ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ 31/7 ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਸਰਕਾਰੀ ਬੱਸਾਂ ਦੇ ਅੰਦਰ ਜਿੰਨੀਆਂ ਬੱਸਾਂ ਦੀਆਂ ਸੀਟਾਂ ਹੋਣਗੀਆਂ, ਉਸੇ ਅਨੁਸਾਰ ਹੀ ਸਵਾਰੀਆਂ ਚਾੜ੍ਹਨਗੇ ਅਤੇ ਸੀਟਾਂ ਤੋਂ ਵੱਧ ਕਿਸੇ ਵੀ ਸਵਾਰੀ ਨੂੰ ਨਹੀਂ ਬਿਠਾਇਆ ਜਾਵੇਗਾ। ਉਨ੍ਹਾਂ ਹਵਾਲਾ ਦਿੱਤਾ ਕਿ ਉਨ੍ਹਾਂ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਬਿਆਨ ਦਿੱਤਾ ਗਿਆ ਕਿ ਬੱਸਾਂ ਅੰਦਰ ਸੀਟਾਂ ਤੋਂ ਵੱਧ ਸਵਾਰੀਆਂ ਚੜ੍ਹਾਉਣਾ ਗੈਰ-ਕਾਨੂੰਨੀ ਹੈ। ਇਸ ਲਈ ਅਸੀਂ ਉਨ੍ਹਾਂ ਦੇ ਹੁਕਮਾਂ ਦੀ ਹੀ ਪਾਲਣਾ ਕਰ ਰਹੇ ਹਨ। (Punjab Roadways)
ਜਥੇਬੰਦੀ ਦੇ ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ, ਡਿਪੂ ਪ੍ਰਧਾਨ ਸਹਿਜਪਾਲ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਮੁਲਾਜ਼ਮਾਂ ਨੂੰ ਮੰਗਾਂ ਪੂਰੀਆਂ ਹੋਣ ਦੀ ਬਜਾਏ ਝੂਠ ਹੀ ਪੱਲੇ ਪੈ ਰਹੇ ਹਨ। ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਲਿਆਦਾ ਜਾ ਰਿਹਾ ਹੈ ਉਹ ਡਰਾਇਵਰਾਂ ਲਈ ਮਾਰੂ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਵਿੱਚ 100 ਤੋਂ ਵੱਧ ਸਵਾਰੀਆਂ ਸਫ਼ਰ ਕਰ ਰਹੀਆਂ ਹਨ। ਇਸ ਲਈ 23 ਜਨਵਰੀ ਤੋਂ 52 ਸੀਟਾਂ ਵਾਲੀ ਬੱਸ ਵਿੱਚ 52 ਸਵਾਰੀਆਂ ਨੂੰ ਸਫ਼ਰ ਕਰਵਾਇਆ ਜਾਵੇਗਾ ਅਤੇ ਵੱਧ ਸਵਾਰੀਆਂ ਨੂੰ ਨਹੀਂ ਬਿਠਾਇਆ ਜਾਵੇਗਾ ਦੱਸਣਯੋਗ ਹੈ ਕਿ ਔਰਤਾਂ ਨੂੰ ਮੁਫ਼ਤ ਸਫ਼ਰ ’ਤੇ ਚੱਲਦਿਆਂ ਸਰਕਾਰੀ ਬੱਸਾਂ ਭਰੀਆਂ ਹੀ ਰਹਿੰਦੀਆਂ ਹਨ, ਜਿਸ ਤੋਂ ਮੁਲਾਜ਼ਮ ਵੀ ਔਖੇ ਹਨ। (Punjab Roadways)
ਸਰਕਾਰ ਜਾਂ ਮੈਨੇਜ਼ਮੈਂਟ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ : ਉੱਚ ਅਧਿਕਾਰੀ
ਇੱਧਰ ਪੀਆਰਟੀਸੀ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਜਾਂ ਮੈਨੇਜ਼ਮੈਂਟ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਮੁਲਾਜ਼ਮ ਫੈਸਲੇ ਲੈਣਗੇ ਕੀ ਕਰਨਾ ਹੈ ਕੀ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਬਾਅਦ ਉਹ ਸਥਿਤੀ ਦੇਖ ਕੇ ਹੀ ਕੋਈ ਅਗਲਾ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਇਸ ਵਰਤਾਰੇ ਨੂੰ ਵਾਚ ਰਹੇ ਹਨ।