Parental pain | ਮਾਪਿਆਂ ਦਾ ਦਰਦ
ਅੱਜ ਜਦੋਂ ਮੈਂ ਬੱਸ ਸਟੈਂਡ ਪਹੁੰਚੀ ਤਾਂ ਸਵਾਰੀਆਂ ਬੈਠੀਆਂ ਦੇਖ ਸੁਖ ਦਾ ਸਾਹ ਲਿਆ ਵੀ ਅਜੇ ਬੱਸ ਨਹੀਂ ਲੰਘੀ। ਸਕੂਟੀ ਖੜ੍ਹੀ ਕਰਦਿਆਂ ਬੈਠੀਆਂ ਸਵਾਰੀਆਂ ‘ਤੇ ਨਜ਼ਰ ਮਾਰੀ। ਕੁਝ ਲੋਕ ਆਪਣੇ-ਆਪਣੇ ਫ਼ੋਨ ‘ਚ ਮਸਤ ਸਨ ਤੇ ਇੱਕ ਬਜ਼ੁਰਗ ਜੋੜਾ ਚੁੱਪ-ਚਾਪ ਕਿਸੇ ਡੂੰਘੀ ਸੋਚ ਵਿਚ ਸੀ। ਮੈਂ ਵੀ ਬੈਠਦਿਆਂ ਹੀ ਆਪਣੇ ਫ਼ੋਨ ‘ਚ ਮਗਨ ਹੋ ਗਈ। ਕੁਝ ਪਲਾਂ ਪਿੱਛੋਂ ਮੈਂ ਉਸ ਬਜ਼ੁਰਗ ਜੋੜੇ ਦੀ ਗੱਲ ਸੁਣੀ, ਜੋ ਉਹ ਕਿਸੇ ਹੋਰ ਨਾਲ ਸਾਂਝੀ ਕਰ ਰਹੇ ਸਨ।
Parental pain
ਉਹ ਦੱਸ ਰਹੇ ਸੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਮਜ਼ਦੂਰੀ ਕਰਕੇ ਆਪਣੇ ਪੰਜ ਬੱਚਿਆਂ ਨੂੰ ਪਾਲਿਆ ਤੇ ਆਪਣੀਆਂ ਚਾਰ ਧੀਆਂ ਦਾ ਵਿਆਹ ਕੀਤਾ। ਉਹਨਾਂ ਨੇ ਆਪਣੇ ਚਾਰ ਧੀਆਂ ਪਿੱਛੋਂ ਪੈਦਾ ਹੋਏ ਪੁੱਤਰ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਤੇ ਖੁਦ ਸਾਰੀ ਉਮਰ ਪਾਟੇ-ਪੁਰਾਣੇ ਕੱਪੜਿਆਂ ਵਿੱਚ ਕੱਢ ਲਈ। ਉਨ੍ਹਾਂ ਦੇ ਘਸੇ ਤੇ ਪਾਟੇ ਕੱਪੜਿਆਂ ਵਿੱਚੋਂ ਉਹਨਾਂ ਦੀ ਗਰੀਬੀ ਸਾਫ਼ ਝਲਕਦੀ ਸੀ।
Parental pain
ਇਹ ਸਭ ਦੱਸਦੇ ਹੋਏ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਪੁੱਤ ਉਨ੍ਹਾਂ ਨੂੰ ਮਾਰਦਾ-ਕੁੱਟਦਾ ਹੈ। ਰਾਤ ਉਨ੍ਹਾਂ ਨੂੰ ਅੰਦਰ ਬੰਦ ਕਰਕੇ ਅੱਗ ਲਾਉਣ ਲੱਗਾ ਸੀ। ਗੁਆਂਢੀਆਂ ਨੇ ਆ ਕੇ ਉਨ੍ਹਾਂ ਨੂੰ ਬਚਾ ਲਿਆ। ਫਿਰ ਬੱਸ ਆ ਗਈ । ਉਹ ਬਜੁਰਗ ਜੋੜਾ ਮੇਰੇ ਨਾਲ ਵਾਲੀ ਸੀਟ ‘ਤੇ ਹੀ ਬੈਠ ਗਿਆ। ਉਨ੍ਹਾਂ ਦਾ ਦੁੱਖ ਉਨ੍ਹਾਂ ਦੀਆਂ ਅੱਖਾਂ ਵਿਚੋਂ ਸਾਫ਼ ਝਲਕ ਰਿਹਾ ਸੀ। ਉਹ ਨਾਲ ਵਾਲੇ ਪਿੰਡ ਪੈਂਦੇ ਪੁਲਿਸ ਥਾਣੇ ਕੋਲ ਜਾ ਕੇ ਬੱਸ ਵਿੱਚੋਂ ਉੱਤਰ ਗਏ।
ਬਿੰਦੂ ਮਾਨ ਰੜ੍ਹ
ਮੋ. 77400-10118
ਬਰਸਾਤੀ ਡੱਡੂ
ਵਹੜੇ ਵਿੱਚ ਘੁੰਮ ਰਹੇ ਡੱਡੂਆਂ ਨੂੰ ਜਗਤਾਰ ਸਿੰਘ ਬੜੇ ਹੀ ਧਿਆਨ ਨਾਲ ਦੇਖ ਰਿਹਾ ਸੀ। ਇੱਧਰ-ਉੱਧਰ ਟਪੂਸੀਆਂ ਮਾਰ ਰਹੇ ਵੱਡੇ-ਛੋਟੇ ਡੱਡੂ ਉਸ ਦੇ ਮਨ ਨੂੰ ਮੋਹ ਰਹੇ ਸਨ। ਅਚਾਨਕ ਹੀ ਉਹ ਭੱਜ ਕੇ ਕਮਰੇ ਅੰਦਰ ਗਿਆ ਤੇ ਟੀ.ਵੀ. ‘ਤੇ ਖ਼ਬਰਾਂ ਸੁਣ ਰਹੇ ਆਪਣੇ ਦਾਦੇ ਬਿਸ਼ਨ ਸਿੰਘ ਨੂੰ ਪੁੱਛਣ ਲੱਗਿਆ, ”ਦਾਦਾ ਜੀ ਇਹ ਡੱਡੂ ਕਿੱਥੋਂ ਆਉਂਦੇ ਨੇ? ਪਹਿਲਾਂ ਤਾਂ ਨਹੀਂ ਸੀ ਪਰ ਮੀਂਹ ਤੋਂ ਬਾਅਦ ਕਿੰਨੇ ਸਾਰੇ ਆ ਗਏ।” ”ਮੈਨੂੰ ਅਨਪੜ੍ਹ ਨੂੰ ਕੀ ਪਤਾ ਪੁੱਤ? ਤੂੰ ਇਹ ਸਵਾਲ ਆਪਣੇ ਮਾਸਟਰਾਂ ਤੋਂ ਪੁੱਛੀਂ।”
ਬਰਸਾਤੀ ਡੱਡੂ
ਟੀ.ਵੀ. ‘ਤੇ ਚੱਲ ਰਹੀ ਆਪਣੇ ਹਲਕੇ ਦੀ ਖ਼ਬਰ ਦੇਖ ਕੇ ਬਿਸ਼ਨ ਸਿੰਘ ਬੁੜਬੁੜਾ ਰਿਹਾ ਸੀ ਤਾਂ ਇਹ ਦੇਖ ਕੇ ਜਗਤਾਰ ਨੇ ਕਿਹਾ, ”ਕੀ ਹੋਇਆ ਦਾਦਾ ਜੀ? ਨਹੀਂ ਪਤਾ ਤਾਂ ਰਹਿਣ ਦੇਵੋ, ਮੈਂ ਕੱਲ੍ਹ ਆਪਣੀ ਮੈਡਮ ਤੋਂ ਪੁੱਛ ਲਵਾਂਗਾ।”
”ਨਹੀਂ ਪੁੱਤ ਮੈਂ ਤਾਂ ਟੀ.ਵੀ. ‘ਤੇ ਚੱਲ ਰਹੀ ਖ਼ਬਰ ਦੇਖ ਕੇ ਹੈਰਾਨ ਹਾਂ। ਟੀ.ਵੀ. ਵਾਲੇ ਆਖ ਰਹੇ ਨੇ ਕਿ ਆਪਣੇ ਹਲਕੇ ਦਾ ਇੱਕ ਵੱਡਾ ਲੀਡਰ ਆਪਣੀ ਪਾਰਟੀ ਛੱਡ ਪੰਜ ਸੌ ਸਾਥੀਆਂ ਨਾਲ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ, ਬਿਸ਼ਨ ਸਿੰਘ ਨੇ ਖ਼ਬਰ ਬਾਰੇ ਦੱਸਦੇ ਹੋਏ ਕਿਹਾ।
”ਫਿਰ ਕੀ ਹੋਇਆ ਦਾਦਾ ਜੀ ਤੁਸੀਂ ਕਿਉਂ ਪ੍ਰੇਸ਼ਾਨ ਹੋ?” ”ਪੁੱਤ ਮੈਂ ਪ੍ਰੇਸ਼ਾਨ ਤਾਂ ਹਾਂ ਕਿਉਂਕਿ ਮੈਂ ਕਦੇ ਇਸ ਵੱਡੇ ਲੀਡਰ ਨੂੰ ਦੇਖਿਆ ਹੀ ਨਹੀਂ, ਪਤਾ ਨਹੀਂ ਵੋਟਾਂ ਨੇੜੇ ਆਉਂਦੇ ਹੀ ਇਹ ਵੱਡੇ-ਵੱਡੇ ਲੀਡਰ ਕਿੱਥੋਂ ਨਿੱਕਲ ਆਉਂਦੇ ਨੇ?” ਬਿਸ਼ਨ ਸਿੰਘ ਨੇ ਕਿਹਾ। ਕੁੱਝ ਸਮਾਂ ਚੁੱਪ ਰਹਿਣ ਤੋਂ ਬਾਅਦ ਜਗਤਾਰ ਬੋਲਿਆ, ”ਅੱਛਾ ਦਾਦਾ ਜੀ, ਮਤਲਬ ਇਹ ਵੀ ਬਰਸਾਤੀ ਡੱਡੂਆਂ ਵਰਗੇ ਨੇ।”
ਜਗਤਾਰ ਦੀ ਗੱਲ ਸੁਣ ਬਿਸ਼ਨ ਸਿੰਘ ਨੇ ਹੱਸਦੇ ਹੋਏ ਕਿਹਾ, ”ਪੁੱਤ ਇਹ ਬਰਸਾਤੀ ਨਹੀਂ ਸਿਆਸੀ ਡੱਡੂ ਨੇ ਜਿਹੜੇ ਚੋਣਾਂ ਨੇੜੇ ਹੋਣ ‘ਤੇ ਬਾਹਰ ਨਿੱਕਲਦੇ ਨੇ ਤੇ ਇੱਧਰ-ਉੱਧਰ ਪਾਰਟੀਆਂ ਵਿੱਚ ਟਪੂਸੀਆਂ ਮਾਰ ਕੇ ਭੋਲੀਭਾਲੀ ਜਨਤਾ ਨੂੰ ਗੁੰਮਰਾਹ ਕਰਦੇ ਨੇ।” ਬਾਪੂ ਦੀ ਗੱਲ ਸੁਣ ਜਗਤਾਰ ਹੁਣ ਵਿਹੜੇ ਵਿੱਚ ਘੁੰਮ ਰਹੇ ਡੱਡੂਆਂ ਤੇ ਟੀ.ਵੀ. ਉੱਪਰ ਚੱਲ ਰਹੀ ਖ਼ਬਰ ਵੱਲ ਦੇਖ ਰਿਹਾ ਸੀ।
ਜਸਵੰਤ ਗਿੱਲ ਸਮਾਲਸਰ
ਮੋ. 97804-51878
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.