Param Pita Shah Satnam Ji Maharaj: ਕਣ-ਕਣ ਮੇਂ ਹਾਜ਼ਰ ਹਜ਼ੂਰ…

Param pita shah satnam ji mharaj

Param Pita Shah Satnam Ji Maharaj: ਸੱਚੇ ਸਤਿਗੁਰੂ, ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਮਾਜ, ਦੇਸ਼ ਅਤੇ ਪੂਰੀ ਮਨੁੱਖਤਾ ’ਤੇ ਬੇਅੰਤ ਪਰਉਪਕਾਰ ਕੀਤੇ, ਜਿਨ੍ਹਾ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਹੈ। ਨਸ਼ੇ ਤੇ ਹੋਰ ਬੁਰਾਈਆ ਕਾਰਨ ਨਰਕ ਬਣ ਚੁੱਕੇ ਘਰਾਂ ਨੂੰ ਆਪ ਜੀ ਨੇ ਫਿਰ ਸਵਰਗ-ਜ਼ੰਨਤ ਬਣਾ ਦਿੱਤਾ। ਰਾਖਸ਼ ਬੁੱਧੀ ਲੋਕ ਆਪ ਜੀ ਦੀ ਸ਼ਰਨ ’ਚ ਆ ਕੇ ਦੇਵਤੇ ਬਣ ਗਏ। ਧਰਮ ਜਾਤ ਦੇ ਨਾਂਅ ’ਤੇ ਇੱਕ-ਦੂਜੇ ਦੇ ਦੁਸ਼ਮਣ ਬਣੇ ਲੋਕ ਸਭ ਨਫਰਤਾਂ ਭੁੱਲ ਕੇ ਭਾਈਚਾਰੇ ਤੇ ਪਿਆਰ ਦੀ ਸਾਂਝ ’ਚ ਬੱਝ ਗਏ। ਆਪ ਜੀ ਨੇ ਰੂਹਾਨੀਅਤ ਨੂੰ ਇੰਨੇ ਸਰਲ-ਸਾਦੇ ਢੰਗ ਨਾਲ ਸਮਝਾਇਆ ਕਿ ਨਿੱਕੇ-ਨਿੱਕੇ ਬੱਚੇ ਵੀ ਭਗਤੀ ਦੇ ਰਾਹ ’ਤੇ ਤੁਰ ਪਏ। ਰੂਹਾਨੀ ਸਿੱਖਿਆ ਦਾ ਅਜਿਹਾ ਚਾਨਣ ਫੈਲਿਆ ਕਿ ਲੋਕ ਜਾਦੂ-ਟੂਣੇ, ਤਵੀਤ, ਭੂਤ-ਪ੍ਰੇਤ ਜਿਹੇ ਅੰਧ-ਵਿਸ਼ਵਾਸ ਤੇ ਪਖੰਡਾਂ ਤੋਂ ਦੂਰ ਹੋ ਗਏ।

ਆਪ ਜੀ ਨੇ ਵੱਖ-ਵੱਖ ਸੂਬਿਆਂ ’ਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਤਿਸੰਗ ਲਾ ਕੇ ਰੱਬ ਦੇ ਨਾਮ ਦਾ ਅਜਿਹਾ ਹੋਕਾ ਮਾਰਿਆ ਕਿ ਚਾਰੇ ਪਾਸੇ ਰਾਮ ਨਾਮ ਦੀ ਧੁੰਮ ਪੈ ਗਈ। ਆਪ ਜੀ ਨੇ 11 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਆਪ ਜੀ ਨੇ ਇਹ ਸਿੱਖਿਆ ਘਰ-ਘਰ ਪਹੁੰਚਾਈ ਕਿ ਪਰਮਾਤਮਾ ਇੱਕ ਹੈ। ਓਮ, ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਇੱਕ ਹੀ ਰੱਬ ਦੇ ਨਾਂਅ ਹਨ। ਸਾਰੀ ਸ੍ਰਿਸ਼ਟੀ ਉਸ ਦੀ ਸੰਤਾਨ ਹੈ। ਕੋਈ ਉੱਚਾ-ਨੀਵਾਂ ਹੈ। ਸਭ ਬਰਾਬਰ ਹਨ। ਰੱਬ ਨੂੰ ਪਾਉਣ ਲਈ ਬਾਹਰੀ ਕਰਮ-ਕਾਡਾਂ, ਭੇਖਾਂ-ਪਾਖੰਡ, ਦਾਨ-ਚੜ੍ਹਾਵੇ ਜਾਂ ਪੈਸੇ ਦੀ ਜ਼ਰੂਰਤ ਨਹੀਂ। ਪਰਮਾਤਮਾ ਦੀ ਪ੍ਰਾਪਤੀ ਲਈ ਸੱਚੀ ਭਾਵਨਾ ਦੀ ਜ਼ਰੂਰਤ ਹੈ।

Param Pita Shah Satnam Ji Maharaj

ਆਪ ਜੀ ਦਾ ਇਹ ਮਹਾਂ ਪਰਉਪਕਾਰ ਤਾਂ ਰੂਹਾਨੀਅਤ ਦੇ ਇਤਿਹਾਸ ’ਚ ਮੀਲ ਦਾ ਪੱਥਰ ਸਾਬਤ ਹੋਇਆ ਜਦੋਂ ਆਪ ਜੀ ਨੇ ਇਹ ਬਚਨ ਫ਼ਰਮਾ ਦਿੱਤੇ ਕਿ ‘ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ।’ ਰੂਹਾਨੀਅਤ ’ਚ ਸਤਿਗੁਰੂ ਦਾ ਵਿਛੋੜਾ ਸ਼ਿਸ਼ ਲਈ ਸਭ ਤੋਂ ਵੱਧ ਅਸਹਿ ਹੁੰਦਾ ਹੈ। ਸਤਿਗੁਰੂ ਦੇ ਵਿਛੋੜੇ ’ਚ ਸ਼ਿਸ਼ ਦੇ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ਪਰ ਪਰਮ ਪਿਤਾ ਜੀ ਨੇ ਬਚਨ ਹੀ ਫ਼ਰਮਾ ਦਿੱਤੇ ਕਿ ਅਸੀਂ ਜਾਵਾਂਗੇ ਹੀ ਨਹੀਂ ਸਦਾ ਤੁਹਾਡੇ (ਪੂਜਨੀਕ ਹਜ਼ੂਰ ਪਿਤਾ ਜੀ) ’ਚ ਰਹਾਂਗੇ। ਇਹ ਪਵਿੱਤਰ ਬਚਨ ਸਾਧ-ਸੰਗਤ ਤੇ ਮਹਾਂ ਪਰਉਪਕਾਰ ਤੇ ਰੂੁਹਾਨੀਅਤ ’ਚ ਇੱਕ ਨਵੀਂ ਮਿਸਾਲ ਹੈ।

ਇਹ ਬਚਨ ਐੱਮਐੱਸਜੀ ਦੇ ਰੂਪ ’ਚ ਸਾਹਮਣੇ ਆਏ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲੇਵਾ ਜੀਵ ਆਪਣੇ ਅਨੁਭਵ ਦੱਸਦੇ ਹਨ ਕਿ ਉਹਨਾਂ ਨੂੰ ਪੂਜਨੀਕ ਹਜ਼ੂਰ ਪਿਤਾ ਜੀ ’ਚੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੀ ਦੀਦਾਰ ਹੁੰਦੇ ਹਨ। ਵੱਖ-ਵੱਖ ਬਾਡੀਆਂ ’ਚੋਂ ਜੋਤ ਇੱਕ ਹੀ ਝਲਕਦੀ ਹੈ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ, ਹਰਿਆਣਾ ’ਚ ਪੂਜਨੀਕ ਪਿਤਾ ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ ਅਵਤਾਰ ਧਾਰਨ ਕੀਤਾ। ਬਚਪਨ ਤੋਂ ਹੀ ਆਪ ਜੀ ਦਾ ਸਮਾਜਿਕ ਅਤੇ ਧਾਰਮਿਕ ਜੀਵਨ ਸਮਾਜ ਲਈ ਪ੍ਰੇਰਨਾ ਦਾ ਸਰੋਤ ਸੀ। ਆਪ ਜੀ ਨੇ ਆਪਣੇ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਿਆਰ, ਭਗਤੀ ਤੇ ਸ਼ਰਧਾ ’ਚ ਮਹਾਨ ਕੁਰਬਾਨੀ ਦਿੱਤੀ। ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ ਆਪਣੀ ਵੱਡੀ ਹਵੇਲੀ ਆਪਣੇ ਹੱਥੀਂ ਢਾਹ ਕੇ ਘਰ ਦਾ ਸਾਰਾ ਸਮਾਨ ਸਰਸਾ ਦਰਬਾਰ ਲੈ ਆਂਦਾ ਹੈ। ਫਿਰ ਸਾਈਂ ਜੀ ਦੇ ਹੁਕਮ ਦੀ ਸਖ਼ਤ ਪ੍ਰੀਖਿਆ ਦੇ ਤਹਿਤ ਸਾਰਾ ਸਮਾਨ ਰਾਤ ਵੇਲੇ ਡੇਰੇ ਤੋਂ ਬਾਹਰ ਰੱਖਿਆ। ਕੜਾਕੇ ਦੀ ਠੰਢ ’ਚ ਇਹ ਬਹੁਤ ਵੱਡੀ ਪ੍ਰੀਖਿਆ ਸੀ। ਅਗਲੇ ਦਿਨ ਆਪ ਜੀ ਨੇ ਸਾਰਾ ਸਮਾਨ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ।

Param Pita Shah Satnam Ji Maharaj

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਮਹਾਨ ਕੁਰਬਾਨੀ ਨੂੰ ਵੇਖ ਕੇ ਬੇਅੰਤ ਬਖਸ਼ਿਸ਼ ਭਰੇ ਬਚਨ ਫ਼ਰਮਾਏ ਤੇ ਸਾਰੀ ਸਾਧ-ਸੰਗਤ ਦੇ ਸਾਹਮਣੇ ਆਪ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। ਸਾਈਂ ਮਸਤਾਨਾ ਜੀ ਨੇ ਆਪ ਜੀ ਦਾ ਨਾਂਅ ਸ. ਹਰਬੰਸ ਸਿੰਘ ਜੀ ਤੋਂ ਬਦਲ ਕੇ ਸਤਿਨਾਮ ਸਿੰਘ ਜੀ ਮਹਾਰਾਜ ਰੱਖ ਦਿੱਤਾ।

ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਦੇ ਇਤਿਹਾਸ ’ਚ ਨਵੀਂ ਮਿਸਾਲ ਕਾਇਮ ਕਰਦਿਆਂ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਆਪ ਜੀ ਸਵਾ ਸਾਲ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸਟੇਜ ’ਤੇ ਬਿਰਾਜਮਾਨ ਰਹੇ। ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ’ਤੇ ਦਇਆ-ਮਿਹਰ ਕਰਦਿਆਂ ਇਹ ਸਪੱਸ਼ਟ ਬਚਨ ਕੀਤੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਦੇ ਰੂਪ ’ਚ, ਪੂਜਨੀਕ ਪਰਮ ਪਿਤਾ ਜੀ ਦੇ ਰੂਪ ’ਚ ਅਸੀਂ ਹੀ ਸਾਧ-ਸੰਗਤ ਦੀ ਸੰਭਾਲ ਕੀਤੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਅਸੀਂ ਹੀ ਸੰਭਾਲ ਕਰਾਂਗੇ।

ਪਰਮਾਤਮਾ ਦੇ ਹੁਕਮ ਤੇ ਅਸੂਲਾਂ ਅਨੁਸਾਰ ਸੰਤਾਂ ਨੂੰ ਪੰਜ ਭੌਤਿਕ ਚੋਲਾ ਬਦਲਣਾ ਪੈਂਦਾ ਹੈ। 13 ਦਸੰਬਰ 1991 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਨੂਰੀ ਚੋਲਾ ਬਦਲ ਲਿਆ। ਆਪ ਜੀ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ ਸਾਧ-ਸੰਗਤ ਦੀ ਦਿਨ ਦੁੱਗਣੀ-ਰਾਤ ਚੌਗੁਣੀ ਸੰਭਾਲ ਕਰ ਰਹੇ ਹਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਮਹੀਨੇ ਨੂੰ ਸੇਵਾ ਦੇ ਭੰਡਾਰੇ ਦੇ ਮਹੀਨੇ ਵਜੋਂ ਮਨਾਉਂਦੀ ਹੈ। ਇਸ ਸੇਵਾ ਦੇ ਮਹੀਨੇ ਦੇ ਰੂਪ ’ਚ 12-15 ਦਸੰਬਰ ਤੱਕ ਡੇਰਾ ਸੱਚਾ ਸੌਦਾ ਵੱਲੋਂ ਅੱਖਾਂ ਦਾ ਮੁਫ਼ਤ ਕੈਂਪ ਹਰ ਸਾਲ ਲਾਇਆ ਜਾਂਦਾ ਹੈ ਜੋ ਹਜ਼ਾਰਾਂ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਲਿਆ ਚੁੱਕਾ ਹੈ। ਸੇਵਾ ਦੀ ਇਹ ਮਸ਼ਾਲ ਪੂਰੇ ਜਲੌਅ ’ਚ ਹੈ। ਸੱਚੇ ਸਤਿਗੁਰੂ ਪਾਲਣਹਾਰ ਨੂੰ ਸਾਡਾ ਕਰੋੜਾਂ ਵਾਰ ਨਮਨ।

ਸੰਪਾਦਕ