ਨਵਜੋਤ ਬਜਾਜ (ਗੱਗੂ)
ਭਾਰਤ ਦੀ ਆਜਾਦੀ ਦੇ ਅੰਦੋਲਨ ਲਈ ਜਿੰਨੀਆਂ ਲਹਿਰਾਂ ਚੱਲੀਆਂ, ਉਨ੍ਹਾਂ ਵਿੱਚ ਗਦਰ ਲਹਿਰ ਦੀ ਬਹੁਤ ਅਹਿਮ ਭੂਮਿਕਾ ਹੈ। ਜਿਨ੍ਹਾਂ ਯੋਧਿਆਂ ਨੇ ਇਸ ਲਹਿਰ ਦੌਰਾਨ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਵਿੱਚ ਸੁਤੰਤਰਤਾ ਸੰਗਰਾਮੀ ਪੰਡਿਤ ਸੋਹਨ ਲਾਲ ਪਾਠਕ ਦਾ ਨਾਂਅ ਪਹਿਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਦਾ ਜਨਮ 7 ਜਨਵਰੀ, 1883 ਈ: ਨੂੰ ਪਿਤਾ ਪੰਡਿਤ ਚੰਦਾ ਰਾਮ ਅਤੇ ਮਾਤਾ ਕਿਰਪਾ ਦੇਵੀ ਦੇ ਘਰ ਪੱਟੀ, ਜਿਲ੍ਹਾ ਲਾਹੌਰ (ਹੁਣ ਜਿਲ੍ਹਾ ਤਰਨਤਾਰਨ) ਵਿਖੇ ਹੋਇਆ। ਉਨ੍ਹਾਂ ਨੇ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਪੱਟੀ ਦੇ ਸਕੂਲ ਤੋਂ ਹੀ ਵਜੀਫਾ ਪ੍ਰਾਪਤ ਕਰਕੇ ਹਾਸਲ ਕੀਤੀ। ਛੋਟੀ ਉਮਰ ਵਿੱਚ ਹੀ ਸੋਹਨ ਲਾਲ ਸੰਸਕ੍ਰਿਤ, ਉਰਦੂ ਤੇ ਫਾਰਸੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰ ਗਏ। ਉਨ੍ਹਾਂ ਘਰ ਦੀ ਕਮਜ਼ੋਰ ਹਾਲਤ ਨੂੰ ਦੇਖਦਿਆਂ ਹੋਇਆਂ ਅੱਠਵੀਂ ਕਲਾਸ ਪਾਸ ਕਰਨ ਮਗਰੋਂ ਚਾਵਿੰਡਾ (ਜ਼ਿਲ੍ਹਾ ਅੰਮ੍ਰਿਤਸਰ) ਦੇ ਪ੍ਰਾਇਮਰੀ ਸਕੂਲ ਵਿੱਚ ਜੂਨੀਅਰ ਅਧਿਆਪਕ ਵਜੋਂ 6 ਰੁਪਏ ਮਹੀਨਾ ਤਨਖਾਹ ‘ਤੇ ਨੌਕਰੀ ਕੀਤੀ, ਬਾਅਦ ਵਿੱਚ ਸੋਹਨ ਲਾਲ ਨੇ ਡੀ. ਏ. ਵੀ. ਸਕੂਲ ਲਾਹੌਰ ਵਿੱਚ 20 ਰੁਪਏ ਮਹੀਨਾ ‘ਤੇ ਨੌਕਰੀ ਕੀਤੀ।
ਸੋਹਨ ਲਾਲ ਪਾਠਕ, ਲਾਲਾ ਲਾਜਪਤ ਰਾਏ ਅਤੇ ਲਾਲਾ ਹਰਦਿਆਲ ਤੋਂ ਕਾਫ਼ੀ ਪ੍ਰਭਾਵਿਤ ਹੋਏ। ਲਾਲਾ ਜੀ ਵੱਲੋਂ ਕੱਢੇ ਜਾਂਦੇ ਉਰਦੂ ਅਖਬਾਰ ‘ਵੰਦੇ-ਮਾਤਰਮ’ ਵਿੱਚ ਸਹਿ-ਸੰਪਾਦਕ ਵਜੋਂ ਕੰਮ ਕੀਤਾ। ਸਾਲ 1907 ਵਿੱਚ ਪਾਠਕ ਆਪਣਾ ਦੇਸ਼ ਤਿਆਗ ਕੇ ਸਿਆਮ (ਥਾਈਲੈਂਡ) ਪਹੁੰਚ ਗਏ। 1910 ਤੱਕ ਪਾਠਕ ਕੈਨੇਡਾ ਵਿਚਲੀ ਯੂਨਾਈਟਿਡ ਇੰਡੀਆ ਲੀਗ ਦੇ ਸੰਪਰਕ ਵਿੱਚ ਆ ਕੇ ਸਰਗਰਮ ਮੈਂਬਰ ਬਣ ਚੁੱਕੇ ਸਨ। ਉਨ੍ਹਾਂ 1911 ਵਿੱਚ ਫਾਰਮੈਸੀ ਦੀ ਉਚੇਰੀ ਵਿੱਦਿਆ ਲਈ ਅਮਰੀਕਾ ਦੇ ਆਰੇਗਨ ਸਟੇਟ ਐਗਰੀਕਲਚਰਲ ਕਾਲਜ ਵਿੱਚ ਦਾਖਲਾ ਲਿਆ। ਪੜ੍ਹਾਈ ਦੇ ਨਾਲ ਉਨ੍ਹਾਂ ਦੇਸ਼-ਕੌਮ ਦੀ ਸੇਵਾ ਵੀ ਜਾਰੀ ਰੱਖੀ। ਅਮਰੀਕਾ ਦੇ ਪੱਛਮੀ ਤੱਟ ‘ਤੇ ਭਾਰਤੀ ਮਜ਼ਦੂਰਾਂ ਨੂੰ ਸੰਗਠਿਤ ਕਰਨ ਲਈ 21 ਅਪਰੈਲ, 1913 ਨੂੰ ‘ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ’ ਨਾਂਅ ਦੀ ਸੰਸਥਾ ਬਣਾਈ ਗਈ। ਮਗਰੋਂ ਇਹ ਸੁਸਾਇਟੀ ਗਦਰ ਲਹਿਰ ਦੇ ਨਾਂਅ ਨਾਲ ਪ੍ਰਸਿੱਧ ਹੋਈ। ਇੱਥੇ ਹੀ ਸੋਹਨ ਲਾਲ ਪਾਠਕ, ਲਾਲਾ ਹਰਦਿਆਲ ਦੇ ਰਾਹੀਂ ਗਦਰ ਲਹਿਰ ਦੇ ਮੈਂਬਰ ਬਣੇ, 4 ਅਪਰੈਲ 1914 ਨੂੰ ਕਾਮਾਗਾਟਾਮਾਰੂ ਜਹਾਜ਼ ਦੇ ਵੈਨਕੁਵਰ ਵਿਖੇ ਯਾਤਰੀਆਂ ਦੀ ਆਰਥਿਕ ਮੱਦਦ ਲਈ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਸੋਹਨ ਲਾਲ ਪਾਠਕ ਪ੍ਰਮੁੱਖ ਸਨ।
ਸਿੰਘਾਪੁਰ ਅਤੇ ਰੰਗੂਨ ਵਿੱਚ ਸੋਹਨ ਲਾਲ ਪਾਠਕ ਦੀ ਅਗਵਾਈ ਵਿੱਚ ਗਦਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਜ਼ਿਆਦਾ ਪ੍ਰਭਾਵ ਹੋਇਆ। ਸਰਕਾਰੀ ਰਿਪੋਰਟ ਅਨੁਸਾਰ ਬਗਾਵਤ ਵਿੱਚ 8 ਅਫ਼ਸਰਾਂ ਸਮੇਤ 48 ਅੰਗਰੇਜ਼ੀ ਫੌਜੀ ਅਤੇ 400 ਦੇ ਕਰੀਬ ਬਾਗੀ ਜਵਾਨ ਮਾਰੇ ਗਏ। 14 ਅਗਸਤ, 1915 ਨੂੰ ਨਰੈਣ ਸਿੰਘ ਦੇ ਨਾਲ ਪਾਠਕ 23 ਨੰਬਰ ਤੋਂ ਪਖਾਨੇ ਦੇ ਜਮਾਦਾਰ ਮਿਸ਼ਰੀਵਾਲਾ (ਪਟਿਆਲਾ) ਨੂੰ ਮਿਲਣ ਗਏ ਅਤੇ ਜਮਾਦਾਰ ਨੇ ਵਚਨ ਦਿੱਤਾ ਕਿ ਉਹ ਆਪਣੇ ਫੌਜੀ ਸਿਪਾਹੀਆਂ ਸਮੇਤ ਬਗਾਵਤ ਵਿੱਚ ਸ਼ਾਮਲ ਹੋਵੇਗਾ। ਪਰੰਤੂ ਜਮਾਦਾਰ ਨੇ ਵਿਸ਼ਵਾਸ-ਘਾਤ ਕਰਕੇ ਸੋਹਨ ਲਾਲ ਪਾਠਕ ਨੂੰ ਉਸੇ ਦਿਨ ਮੇਮਿਓ (ਬਰਮਾ) ਤੋਂ ਗ੍ਰਿਫਤਾਰ ਕਰਵਾ ਦਿੱਤਾ। ਉਸ ਕੋਲੋਂ 2 ਪਿਸਤੌਲ 270 ਗੋਲੀਆਂ ਅਤੇ ਇਨਕਲਾਬੀ ਸਾਹਿਤ ਬਰਾਮਦ ਹੋਇਆ। ਗ੍ਰਿਫਤਾਰੀ ਪਿੱਛੋਂ ਉਸ ਕੋਲੋਂ ਲਾਲਾ ਹਰਦਿਆਲ ਦੀ ਬਗਾਵਤ ਫੈਲਾਉਣ ਵਾਲੀ ਇੱਕ ਤਕਰੀਰ, ਬੰਬ ਬਣਾਉਣ ਦਾ ਨੁਸਖਾ, ਗਦਰ ਅਖਬਾਰ ਦਾ ਇੱਕ ਪਰਚਾ, ਤਿੰਨ ਸਵੈ-ਚਾਲਕ ਪਸਤੌਲ ਤੇ 283 ਗੋਲੀਆਂ ਮਿਲੀਆਂ। ਬਾਅਦ ਦੇ ਦੋ ਦਿਨਾਂ ਵਿੱਚ ਉਸ ਦੇ ਦੋ ਸਾਥੀ ਸ: ਨਰੈਣ ਸਿੰਘ (ਪਟਿਆਲਾ) ਅਤੇ ਬਾਬੂ ਹਰਨਾਮ ਸਿੰਘ ਸਾਹਰੀ ਕਾਹਰੀ (ਹੁਸ਼ਿਆਰਪੁਰ) ਜਿਹੜੇ ਬਹੁਤ ਸਮੇਂ ਤੱਕ ਫੌਜੀਆਂ ਦਾ ਸਾਹਮਣਾ ਕਰਦੇ ਰਹੇ, ਨੂੰ ਵੀ ਰੰਗੂਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਦਿਲੋ-ਦਿਮਾਗ ‘ਤੇ ਹਰ ਸਮੇਂ ‘ਗਦਰ ਦੀ ਗੂੰਜ’ ਦੇ ਇਹ ਬੋਲ ਪ੍ਰਭਾਵ ਪਾਉਂਦੇ ਰਹਿੰਦੇ ਸਨ:-
ਗਦਰ ਪਾਰਟੀ ਬੀੜਾ ਚੁੱਕਿਆ, ਹਿੰਦ ਅਜ਼ਾਦ ਕਰਾਵਣ ਦਾ।
ਆਓ! ਸ਼ੇਰੋ ਗਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ।
ਪੰਡਿਤ ਸੋਹਨ ਲਾਲ ਪਾਠਕ ‘ਤੇ ਦਫਾ 121 ਡੀਫੈਂਸ ਆਫ਼ ਇੰਡੀਆ ਐਕਟ ਅਧੀਨ ਮਾਡਲੇ (ਬਰਮਾ) ਵਿੱਚ ਦਸੰਬਰ 1915 ਨੂੰ ਬਗਾਵਤ ਦਾ ਮੁਕੱਦਮਾ ਚਲਾਇਆ ਗਿਆ। ਬਰਮਾ ਦੇ ਗਵਰਨਰ ਨੇ ਪਾਠਕ ਨੂੰ ਮੁਆਫ਼ੀ ਮੰਗ ਲੈਣ ਲਈ ਬੜਾ ਪ੍ਰੇਰਿਤ ਕੀਤਾ , ਭਰਮਾਇਆ, ਪਰੰਤੂ ਅਣਖੀ ਦੇਸ਼-ਭਗਤ ਨੇ 10 ਫਰਵਰੀ, 1916 ਈ: ਨੂੰ 6 ਵਜੇ ਸਵੇਰੇ ਮਾਂਡਲੇ ਦੀ ਜੇਲ੍ਹ ਵਿੱਚ ‘ਹਿੰਦੁਸਤਾਨ ਆਜ਼ਾਦ’ ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਆਪਣਾ-ਆਪ ਦੇਸ਼ ਦੀ ਖਾਤਰ ਕੁਰਬਾਨ ਕਰ ਦਿੱਤਾ। ਪੰਡਿਤ ਸੋਹਨ ਲਾਲ ਪਾਠਕ ਦੀ ਇਸ ਸ਼ਹਾਦਤ ਨੂੰ ਹਰ ਭਾਰਤੀ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ।
ਭਗਤਾ ਭਾਈ ਕਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।