ਐਸ.ਐਚ.ਓ ਵੱਲੋਂ ਪਿੰਡ ਦੇ ਵਿਕਾਸ ਕਾਰਜ ਰੋਕਣ ਖ਼ਿਲਾਫ਼ ਪੰਚਾਇਤ ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ

ਮਾਮਲਾ: ਪੰਚਾਇਤੀ ਕੰਮ ਬੰਦ ਕਰਵਾਉਣ ਦਾ

ਸ਼ੇਰਪੁਰ, (ਰਵੀ ਗੁਰਮਾ) ਅੱਜ ਪਿੰਡ ਈਨਾਬਾਜਵਾ ਦੀ ਪੰਚਾਇਤ ਦੇ ਮੈਂਬਰ ਪੁਲਿਸ ਦੀ ਕਥਿਤ ਧੱਕੇਸ਼ਾਹੀ ਖਿਲਾਫ ਪਿੰਡ ਦੀ ਵਾਟਰ ਵਰਕਸ ਵਾਲੀ ਟੈਂਕੀ ‘ਤੇ ਜਾ ਚੜ੍ਹੇ ਜਿਸ ਵਿੱਚ ਤਿੰਨ ਔਰਤਾਂ ਪੰਚ ਵੀ ਸਾਮਿਲ ਸਨ। ਪੰਚਾਇਤ ਮੈਂਬਰਾਂ ਨੇ ਨਾਅਰੇਬਾਜੀ ਕਰਦਿਆਂ ਐਸਐਚਓ ਸ਼ੇਰਪੁਰ ਦੇ ਦੁਰਵਿਹਾਰ ਕਰਨ ਤੇ ਵਿਕਾਸ ਕੰਮ ਰੋਕਣ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ।

ਜਾਣਕਾਰੀ ਅਨੁਸਾਰ ਪਿੰਡ ਈਨਾਬਾਜਵਾ ਦੀ ਸਰਪੰਚ ਬੀਬੀ ਮਨਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ,ਬਲਵਿੰਦਰ ਸਿੰਘ ਪੰਚ ,ਅੰਮ੍ਰਿਤ ਪਾਲ ਕੌਰ ਪੰਚ ,ਬਲਜੀਤ ਕੌਰ ਪੰਚ , ਸੁਖਵਿੰਦਰ ਕੌਰ ਪੰਚ ,ਮੋਹਨ ਸਿੰਘ ਸਾਬਕਾ ਪੰਚ ਦੁਪਹਿਰ ਸਮੇਂ ਟੈਂਕੀ ‘ਤੇ ਜਾ ਚੜ੍ਹੇ ਤੇ ਸ਼ੇਰਪੁਰ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗੇ।

ਜਿਸ ਦਾ ਪਤਾ ਲੱਗਦਿਆਂ ਹੀ ਥਾਣਾ ਸ਼ੇਰਪੁਰ ਦੀ ਪੁਲਿਸ ਨੂੰ ਭਾਜੜ ਪੈ ਗਈ। ਸਰਪੰਚ ਬੀਬੀ ਦੇ ਪਤੀ ਕਾਂਗਰਸੀ ਆਗੂ ਕੁਲਦੀਪ ਸਿੰਘ ਕੀਪਾ ਨੇ ਦੱਸਿਆ ਕਿ ਪਿੰਡ ਵਿੱਚ ਪੰਚਾਇਤ ਵੱਲੋਂ ਪਾਰਕ ਬਣਾਇਆ ਜਾ ਰਿਹਾ ਹੈ ਪਰ ਐਸਐਚਓ ਸ਼ੇਰਪੁਰ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਥਾਣੇ ਬੁਲਾ ਕੇ ਬਿਠਾ ਲਿਆ ਅਤੇ ਕੰਮ ਬੰਦ ਕਰਨ ਲਈ ਕਿਹਾ।

ਕੀਪਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਮੁਖੀ ਤੋਂ ਕੰਮ ਬੰਦ ਕਰਨ ਲਈ ਸਟੇਅ ਆਰਡਰ ਮੰਗੇ ਗਏ, ਜਿਸ ‘ਤੇ ਐਸਐਚਓ ਅੱਗ ਬਬੂਲਾ ਹੋ ਗਿਆ ਤੇ ਪੰਚਾਇਤੀ ਨੁਮਾਇੰਦਿਆਂ ਨਾਲ ਦੁਰਵਿਹਾਰ ਕਰਨ ਲੱਗਾ।

ਐਸ.ਐਚ.À ਦੀ ਬੋਲਬਾਣੀ ਤੇ ਕਥਿਤ ਧੱਕੇਸ਼ਾਹੀ ਖਿਲਾਫ ਪੰਚਾਇਤੀ ਨੁੰਮਾਇਦਿੰਆ ਨੇ ਟੈਂਕੀ ‘ਤੇ ਚੜ੍ਹਨ ਦਾ ਫੈਸਲਾ ਲਿਆ ਤਾਂ ਕਿ ਪੁਲਿਸ ਦੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਦੁਰਵਿਹਾਰ ਦਾ ਮਾਮਲਾ ਲੋਕਾਂ ਅੱਗੇ ਜ਼ਾਹਰ ਹੋ ਸਕੇ।

ਟੈਂਕੀ ਤੋਂ ਉੱਤਾਰਨ ਪਹੁੰਚੇ ਐਸਐਚਓ ਯਾਦਵਿੰਦਰ ਸਿੰਘ ਨੂੰ ਪੰਚਾਇਤੀ ਨੁਮਾਇੰਦਿਆਂ ਨੇ ਖਰੀਆਂ ਖਰੀਆਂ ਸੁਣਾਉਂਦਿਆਂ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਪੁਲਿਸ ਉਨ੍ਹਾਂ ਲੋਕਾਂ ‘ਤੇ ਐੱਫਆਈਆਰ ਦਰਜ ਕਰੇ। ਖਬਰ ਲਿਖੇ ਜਾਣ ਤੱਕ ਪੰਚਾਇਤੀ ਨੁੰਮਾਇਦੇ ਟੈਂਕੀ ਉਪਰ ਹੀ ਡਟੇ ਸਨ।

ਇਸ ਸਬੰਧੀ ਐਸਐਚਓ ਯਾਦਵਿੰਦਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਕੋਲ ਸਟੇਅ ਆਰਡਰ ਹਨ ਜਿਸ ਕਰਕੇ ਉਹ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕਰ ਰਹੇ ਹਨ ।ਉਨ੍ਹਾਂ ਪੁਲਿਸ ‘ਤੇ ਲਗਾਏ ਸਾਰੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।