ਪਾਕਿਸਤਾਨ (Pakistani People) ’ਚ ਆਮ ਚੋਣਾਂ ਦੇ ਨਤੀਜੇ ਆ ਗਏ ਹਨ। ਫੌਜ ਤੇ ਸੱਤਾਧਾਰੀ ਪਾਰਟੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਸਾਬਕਾ ਕ੍ਰਿਕੇਟਰ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹਮਾਇਤ ਵਾਲੇ ਉਮੀਦਵਾਰਾਂ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਇਮਰਾਨ ਖਾਨ ਦੀ ਪਾਰਟੀ ਤੋਂ ਉਸ ਦਾ ਚੋਣ ਨਿਸ਼ਾਨ ਬੱਲਾ ਵੀ ਖੋਹ ਲਿਆ ਸੀ ਤੇ ਖਾਨ ਨੂੰ ਸਿੱਧੇ ਤੌਰ ’ਤੇ ਸਿਆਸਤ ਕਰਨ ਤੋਂ ਰੋਕਿਆ ਗਿਆ ਸੀ। ਦੂਜੇ ਪਾਸੇ ਨਵਾਜ਼ ਸਰੀਫ਼ ਦੀ ਪਾਰਟੀ ਤੇ ਬਿਲਾਵਲ ਭੁੱਟੋ ਦੀ ਪਾਰਟੀ ਸਰਕਾਰ ਬਣਾਉਣ ਲਈ ਗਠਜੋੜ ਦੀ ਤਿਆਰੀ ’ਚ ਹਨ।
ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣੇ ਪਰ ਇਮਰਾਨ ਖਾਨ ਦੀ ਜਿੱਤ ਨੇ ਇਹ ਤਾਂ ਸਾਬਤ ਕਰ ਹੀ ਦਿੱਤਾ ਹੈ ਕਿ ਪਾਕਿਸਤਾਨ ਦੇ ਲੋਕ ਫੌਜ ਦੀ ਸਿਆਸਤ ’ਚ ਦਖਲਅੰਦਾਜ਼ੀ ਤੇ ਧੱਕੇਸ਼ਾਹੀ ਤੋਂ ਅੱਕ ਚੁੱਕੇ ਹਨ। ਵਰਤਮਾਨ ਫੌਜ ਮੁਖੀ ਸਈਅਦ ਆਸਿਮ ਮੁਨੀਰ ਤਾਂ ਵੋਟਰਾਂ ਨੂੰ ਸੰਦੇਸ਼ ਦਿੰਦਾ ਵੀ ਨਜ਼ਰ ਆਇਆ ਹੈ। ਇਹ ਪਾਕਿਸਤਾਨ ਦੀ ਬਦਕਿਸਮਤੀ ਹੀ ਹੈ ਕਿ ਇੱਥੇ ਫੌਜ ਨੇ ਸਰਕਾਰ ਨੂੰ ਬੁਰੀ ਤਰ੍ਹਾਂ ਦਬਾਅ ਕੇ ਲੋਕਤੰਤਰ ਨੂੰ ਵਧਣ-ਫੁੱਲਣ ਨਹੀਂ ਦਿੱਤਾ। (Pakistani People)
ਸੱਤਾ ਦੇ ਲੋਭੀ ਫੌਜ ਮੁਖੀਆਂ ਨੇ ਵੱਖ-ਵੱਖ ਸਮੇਂ ਨਾ ਸਿਰਫ਼ ਸਰਕਾਰਾਂ ਦੇ ਤਖਤੇ ਪਲਟੇ ਸਗੋਂ ਅੱਤਵਾਦ ਨੂੰ ਵੀ ਹੱਲਾਸ਼ੇਰੀ ਦਿੱਤੀ। ਭਾਵੇਂ ਇਮਰਾਨ ਨੇ ਵੀ ਸੱਤਾ ’ਚ ਆਉਣ ਲਈ ਫੌਜ ਦਾ ਸਹਾਰਾ ਲਿਆ ਸੀ ਪਰ ਕੁਝ ਸਾਲਾਂ ਬਾਅਦ ਫੌਜ ਤੇ ਇਮਰਾਨ ਇੱਕ-ਦੂਜੇ ਦੇ ਕੱਟੜ ਵਿਰੋਧੀ ਹੋ ਗਏ। ਪਾਕਿਸਤਾਨ ’ਚ ਜੇਕਰ ਫੌਜ ਦੀ ਤਾਨਾਸ਼ਾਹੀ ’ਚ ਗਿਰਾਵਟ ਆਉਂਦੀ ਹੈ ਤਾਂ ਇਹ ਵੱਡੀ ਗੱਲ ਹੋਵੇਗੀ। ਪਾਕਿਸਤਾਨ ’ਚ ਲੋਕਤੰਤਰ ਤੇ ਸਿਆਸੀ ਸਥਿਰਤਾ ਗੁਆਂਢੀ ਮੁਲਕਾਂ ਲਈ ਵੀ ਚੰਗਾ ਮਾਹੌਲ ਪੈਦਾ ਕਰੇਗੀ। ਨਵੀਂ ਸਰਕਾਰ ਜੇਕਰ ਅੱਤਵਾਦ ਨਾਲੋਂ ਨਾਤਾ ਤੋੜ ਕੇ ਅਮਨ ਲਈ ਕੰਮ ਕਰੇ ਤਾਂ ਪਾਕਿਸਤਾਨ ਦੇ ਭਾਰਤ ਨਾਲ ਵੀ ਸਬੰਧ ਸੁਧਰ ਸਕਦੇ ਹਨ। ਭਾਰਤ ਨਾਲ ਚੰਗੇ ਸਬੰਧਾਂ ਦਾ ਪਾਕਿਸਤਾਨ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਭਾਰਤ ਸਰਹੱਦਾਂ ’ਤੇ ਅਮਨ ਦੀ ਗਾਰੰਟੀ ਮੰਗਦਾ ਹੈ।
Also Read : ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ