(ਏਜੰਸੀ) ਨਵੀਂ ਦਿੱਲੀ। ਫੌਜ ਮੁਖੀ ਜਨਰਲ ਬਿਪਨ ਰਾਵਤ (General Rawat) ਨੇ ਜੰਮੂ-ਕਸ਼ਮੀਰ ‘ਚ ਸਰਹੱਦ ਪਾਰੋਂ ਹਮਾਇਤ ਦੇ ਬਲ ‘ਤੇ ਮੁਹਿੰਮ ਚਲਾ ਰਹੇ ਵੱਖਵਾਦੀ ਅਨਸਰਾਂ ਨੂੰ ਸਖਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਲੋਕ ਇਹ ਸੋਚਦੇ ਹਨ ਕਿ ਪਾਕਿਸਤਾਨ ਇੱਕ ਨਾ ਇੱਕ ਦਿਨ ਕਸ਼ਮੀਰ ਨੂੰ ਲੈ ਲਵੇਗਾ ਉਹ ਖਿਆਲਾਂ ਦੀ ਦੁਨੀਆਂ ‘ਚ ਜੀਅ ਰਹੇ ਹਨ। ਜਨਰਲ ਰਾਵਤ ਨੇ ਕਿਹਾ ਕਿ ਕਲਪਨਾ ਦੀ ਦੁਨੀਆ ‘ਚ ਜਿਉਣਾ ਤੇ ਇਹ ਕਹਿਣਾ ਕਿ ਅਜ਼ਾਦੀ (ਜਿਉਂ ਦੀ ਤਿਉਂ ਅਜ਼ਾਦੀ) ਮਿਲਣ ਵਾਲੀ ਹੈ ਤੇ ਪਾਕਿਸਤਾਨ ਕਸ਼ਮੀਰ ਨੂੰ ਲੈ ਲਵੇਗਾ ਤੇ ਉਹ ਪਾਕਿਸਤਾਨ ‘ਚ ਸ਼ਾਮਲ ਹੋਣ ਵਾਲੇ ਹਨ ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕ ਸੁਖਦਾਈ ਅਹਿਸਾਸ ਨਾਲ ਖਿਆਲਾਂ ਦੀ ਦੁਨੀਆਂ ‘ਚ ਰਹਿ ਰਹੇ ਹਨ।
ਫੌਜ ਮੁਖੀ (General Rawat) ਨੇ ਡਿਫੈਂਸ ਏਵੀਏਸ਼ਨ ਪੋਸਟ ਦਰਮਿਆਨ ਸੂਬੇ ‘ਚ ਸਥਿਤੀ ਨੂੰ ਕੰਟਰੋਲ ‘ਚ ਲਿਆਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਇਸ ਲਈ ਕੁਝ ਕੀਮਤ ਚੁਕਾਉਣੀ ਪਵੇਗੀ ਤੇ ਇਸਦੀ ਜਾਂਚ ਸਥਾਨਕ ਲੋਕ ਝੱਲ ਰਹੇ ਹਨ ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰ ਦੇ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ, ਖਾਸ਼ ਤੌਰ ‘ਤੇ ਉਨ੍ਹਾਂ ਮਾਪਿਆਂ ਨਾਲ ਜਿਨ੍ਹਾਂ ਦੇ ਬੱਚੇ ਵੱਖਵਾਦੀ ਗਤੀਵਿਧੀਆਂ ‘ਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਨਾਲ ਦੱਖਣੀ ਕਸ਼ਮੀਰ ਜਾਂ ਕਸ਼ਮੀਰ ਦਾ ਭਲਾ ਨਹੀਂ ਹੋਣ ਵਾਲਾ ਹੈ।
ਵੱਖਵਾਦੀਆਂ ਤੋਂ ਹਥਿਆਰ ਛੱਡਣ ਤੇ ਆਤਮਸਮਰਪਣ ਕਰਨ ਦੀ ਅਪੀਲ
ਉਨ੍ਹਾਂ ਵੱਖਵਾਦੀਆਂ ਤੋਂ ਹਥਿਆਰ ਛੱਡਣ ਤੇ ਆਤਮਸਮਰਪਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਕਸਦ ਸੂਬੇ ‘ਚ ਸ਼ਾਂਤੀ ਸਥਾਪਿਤ ਕਰਨਾ ਹੈ ਮੈਂ ਹਥਿਆਰ ਚੁੱਕਣ ਵਾਲੇ ਲੋਕਾਂ ਨੂੰ ਮਿਲਣਾ ਚਾਹਾਂਗਾ, ਜਿਸ ਤੋਂ ਕਿ ਉਨ੍ਹਾਂ ਨੂੰ ਦੱਸ ਸਕਾਂ ਕਿ ਉਹ ਅੱਗੇ ਆਉਣ ਤੇ ਹਥਿਆਰ ਛੱਡ ਦੇਣ, ਇਹ ਉਨ੍ਹਾਂ ਦੇ ਹਿੱਤ ‘ਚ ਹੋਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਭ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਭਾਰਤੀ ਫੌਜ ਤੇ ਭਾਰਤੀ ਤੰਤਰ ਸਥਿਤੀ ਨੂੰ ਕਾਬੂ ਕਰਨ ‘ਚ ਸਮਰੱਥ ਹਨ।
ਜਨਰਲ ਰਾਵਤ ਨੇ ਨਸੀਹਤ ਦਿੰਦਿਆਂ ਕਿਹਾ ਕਿ ਨਹੀਂ ਤਾਂ ਨੁਕਸਾਨ ਕਸ਼ਮੀਰ ਦੇ ਲੋਕਾਂ ਦਾ ਹੀ ਹੋਵੇਗਾ ਉਨ੍ਹਾਂ ਕਿਹਾ ਕਿ ਸੱਚਾਈ ਇਹੀ ਹੈ ਤੇ ਇਸ ਨੂੰ ਜਿੰਨਾ ਛੇਤੀ ਉਹ ਸਮਝ ਲੈਣ ਓਨਾ ਹੀ ਚੰਗਾ ਹੋਵੇਗਾ ਫੌਜ ਮੁਖੀ ਦਾ ਇਹ ਸਖਤ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ‘ਚ ਦੱਖਣੀ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਅੱਧੀ ਰਾਤ ‘ਚ ਹਮਲੇ ਦੀ ਘਟਨਾ ਹੋਈ ਹੈ, ਜਿਸ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਤੇ ਇੱਕ ਔਰਤ ਦੀ ਮੌਤ ਹੋ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ