ਬਾਬਰ ਆਜ਼ਮ ਨੇ 53 ਦੌੜਾਂ ਅਤੇ ਮੁਹੰਮਦ ਰਿਜ਼ਵਾਨ ਨੇ 57 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ
- ਬਾਬਰ-ਰਿਜ਼ਵਾਨ ਨੇ ਕੀਤੀ 100 ਦੌੜਾਂ ਦੀ ਓਪਨਿੰਗ ਸਾਂਝੇਦਾਰੀ
(ਸਪੋਰਟਸ ਡੈਸਕ)। ਟੀ-20 ਵਿਸ਼ਵ ਕੱਪ ( T20 World Cup 2022 ) ਦੇ ਸੈਮੀਫਾਈਨਲ ’ਚ ਪਾਕਿਸਤਾਨ ਨੇ ਨਿਊਜ਼ੀਲੈਂਡ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪਾਕਿਸਤਾਨ ਫਾਈਨਲ ’ਚ ਪਹੁੰਚ ਗਿਆ ਹੈ। 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਪਾਕਿਸਤਾਨ 13 ਸਾਲ ਬਾਅਦ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਅੱਗੇ 4 ਵਿਕਟਾਂ ਗੁਆ ਕੇ 153 ਦੌੜਾਂ ਦਾ ਟੀਚਾ ਰੱਖਿਆ ਸੀ।
ਜਿਸ ਨੂੰ ਪਾਕਿਸਤਾਨ ਨੇ ਅਸਾਨੀ ਨਾਲ 19.1 ਓਵਰਾਂ ’ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਜਿਵੇਂ ਹੀ ਪਾਕਿਸਤਾਨ ਨੇ ਜਿੱਤ ਦਰਜ ਕੀਤੀ ਤਾਂ ਪਾਕਿ ਦਰਸ਼ਕ ਖੁਸ਼ੀ ਨਾਲ ਝੂਮ ਉਠੇ। ਪਾਕਿਸਤਾਨ ਜਿੱਤ ਦੇ ਹੀਰੋ ਰਹੇ ਓਪਨਰ ਬੱਲੇਬਾਜਾਂ ਜਿਨ੍ਹਾਂ ਨੇ ਸੂਝ-ਬੂਝ ਨਾਲ ਖੇਡਦਿਆਂ ਪਾਕਿਸਤਾਨ ਦੀ ਪਾਰੀ ਨੂੰ ਅੱਗੇ ਲਿਜਾਇਆ। ਪਾਕਿ ਦੇ ਓਪਨਰ ਬੱਲੇਬਾਜ਼ ਬਾਬਰ ਆਜ਼ਮ (53 ਦੌੜਾਂ) ਅਤੇ ਮੁਹੰਮਦ ਰਿਜ਼ਵਾਨ (57 ਦੌੜਾਂ) ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਦੋਵਾਂ ਨੇ 105 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ ਸਿਰਫ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਪਾਕਿਸਤਾਨੀ ਟੀਮ 2007 ਵਿੱਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ਵਿੱਚ ਫਾਈਨਲ ਵਿੱਚ ਪਹੁੰਚੀ ਸੀ ਪਰ ਜਿੱਤ ਨਹੀਂ ਸਕੀ ਸੀ। ਆਖਰੀ ਵਾਰ ਉਹ 2009 ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਫਾਈਨਲ ‘ਚ ਪਹੁੰਚੀ ਸੀ ਅਤੇ ਖਿਤਾਬ ਵੀ ਜਿੱਤਿਆ ਸੀ।
ਨਿਊਜ਼ੀਲੈਂਡ ਨੇ ਕੀਤੀ ਧੀਮੀ ਬੱਲੇਬਾਜ਼ੀ ( T20 World Cup 2022 )
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਉਸ ਨੂੰ ਸ਼ੁਰੂ ’ਚ ਦੋ ਵੱਡੇ ਝਠਕੇ ਲੱਗੇ। ਜਿਸ ਤੋਂ ਬਾਅਦ ਨਵੇਂ ਬੱਲੇਬਾਜ਼ਾਂ ’ਤੇ ਦਬਾਅ ਆ ਗਿਆ ਤੇ ਉਹ ਖੁੱਲ੍ਹ ਕੇ ਸ਼ਾਟ ਨਹੀਂ ਖੇਡ ਸਕੀ ਤੇ ਨਿਊਜ਼ੀਲੈਂਡ ਨੇ ਸਿਰਫ 152 ਦੌੜਾਂ ਹੀ ਬਣਾਈਆਂ। ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੇ 53 ਦੌੜਾਂ ਬਣਾਈਆਂ। ਉਸ ਨੇ ਜਿੰਮੀ ਨੀਸ਼ਮ ਨਾਲ 22 ਗੇਂਦਾਂ ‘ਤੇ 32 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਸ਼ੇਲ ਦੀ ਬੱਲੇਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਦਾ ਸਕੋਰ 150 ਤੱਕ ਪਹੁੰਚ ਗਿਆ। ਸੈਮੀਫਾਈਨਲ ਵਰਗੇ ਵੱਡੇ ਮੈਚ ‘ਚ ਕਪਤਾਨ ਵਿਲੀਅਮਸਨ ਨੇ 46 ਦੌੜਾਂ ਦੀ ਪਾਰੀ ਖੇਡੀ। ਉਸ ਨੇ ਡੇਰਿਲ ਮਿਸ਼ੇਲ ਦੇ ਨਾਲ 50 ਗੇਂਦਾਂ ਵਿੱਚ 68 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਹਰ ਕੱਢਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ