ਦੁੱਖੜਾ ਰੋਣ ਵਾਲੇ ਦੀ ਡਿਊਟੀ ਲਗਾਈ ਦੁੱਖੜੇ ਦੂਰ ਕਰਨ ‘ਤੇ

Painful, Crying , Duty Put, Suffering, Remove

ਸੋਸ਼ਲ ਮੀਡੀਆ ‘ਤੇ ਲੈਟਰ ਤੇ ਵਟਸਅਪ ਚੈਟਿੰਗ ਹੋਈ ਵਾਇਰਲ

ਕੱਚੇ ਅਧਿਆਪਕ ਵੱਲੋਂ ਵਟਸਅਪ ਗਰੁੱਪ ‘ਚ ਦੁੱਖੜਾ ਰੋਣ ‘ਤੇ ਸਿੱਖਿਆ ਸਕੱਤਰ ਨੇ 5178 ਅਧਿਆਪਕਾਂ ਦਾ ਮਸਲਾ ਹੱਲ ਕਰਨ ਲਈ ਡਿਊਟੀ ਡੀਪੀਆਈ ਦਫ਼ਤਰ ਵਿਖੇ ਲਗਾਈ

ਸੁਆਲ ਪੁੱਛਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਲਈ ਕਹਿਣਾ, ਸਰਕਾਰ ਤੇ ਸਿੱਖਿਆ ਸਕੱਤਰ ਦਾ ਫੇਲੀਅਰ : ਆਗੂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬ ਅੰਦਰ ਇੱਕ ਕੱਚੇ ਅਧਿਆਪਕ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦਾ ਰੋਣਾ ਤੇ ਆਪਣੇ ਘਰ ਦੇ ਹਲਾਤਾਂ ਨੂੰ ਅਧਿਆਪਕਾਂ ਦੇ ਬਣੇ ਵਸਟਅਪ ਗਰੁੱਪ ਵਿੱਚ ਬਿਆਨ ਕਰਨਾ ਐਨਾ ਨਾ ਗਵਾਰਾ ਗੁਜਰਿਆ ਕਿ ਪੰਜਾਬ ਦੇ ਸਿੱਖਿਆ ਸਕੱਤਰ ਨੇ ਉਸੇ ਅਧਿਆਪਕ ਦੀ ਡਿਊਟੀ ਡੀਪੀਆਈ (ਸੈਕੰਡਰੀ ਸਿੱਖਿਆ) ਮੋਹਾਲੀ ਵਿਖੇ ਲਗਾ ਦਿੱਤੀ ਤੇ ਨਾਲ ਇਹ ਕਿਹਾ ਕਿ ਉਹ ਇੱਥੇ ਡਿਊਟੀ ਦੇ ਕੇ ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਅਧਿਆਪਕ ਦੀ ਡਿਊਟੀ ਲਗਾਉਣ ਸਬੰਧੀ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਲੈਂਟਰ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਘੁੰਮ ਰਿਹਾ ਹੈ। ਇੱਧਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਿੱਖਿਆ ਸਕੱਤਰ ਹੱਥ ਖੜ੍ਹੇ ਕਰ ਰਿਹਾ ਹੈ ਤੇ ਆਪਣੀ ਜਾਇਜ਼ ਮੰਗ ਰੱਖਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਦੀ ਡਿਊਟੀ ਲਗਾਉਣਾ ਸਿੱਧਾ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ 5178 ਯੂਨੀਅਨ ਨਾਲ ਸਬੰਧਿਤ ਐੱਸ ਐੱਸ ਮਾਸਟਰ ਅਮਰਜੀਤ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਿੰਘਾ ਵਾਲਾ ਬਲਾਕ ਲੰਬੀ ਜ਼ਿਲ੍ਹਾ ਮੁਕਤਸਰ ਵਿਖੇ ਪੜ੍ਹਾ ਰਿਹਾ ਹੈ। ਅਮਰਜੀਤ ਸਿੰਘ ਨੇ ਅਧਿਆਪਕਾਂ ਦੇ ਬਣੇ ਗਰੁੱਪ, ਜਿਸ ਵਿੱਚ ਸਿੱਖਿਆ ਸਕੱਤਰ ਵੀ ਸ਼ਾਮਲ ਹੈ, ਆਪਣੀ ਘਰ ਦੀ ਹਾਲਤ ਬਿਆਨ ਕਰਦਾ ਸੰਦੇਸ਼ ਪਾਇਆ ਕਿ ਉਸ ਨੂੰ ਜੂਨ ਮਹੀਨੇ ਤੋਂ ਬਾਅਦ ਮਿਲ ਰਹੀ ਨਿਗੂਣੀ ਤਨਖਾਹ ਸੱਤ ਹਜ਼ਾਰ ਅਜੇ ਤੱਕ ਨਹੀਂ ਮਿਲੀ। ਘਰ ਅੰਦਰ ਕਮਾਉਣ ਵਾਲਾ ਸਿਰਫ਼ ਉਹ ਹੀ ਇੱਕ ਹੈ ਤੇ ਘਰ ਦਾ ਚੁੱਲ੍ਹਾ ਠੰਢਾ ਹੋ ਰਿਹਾ ਹੈ।

ਉਸ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਦੇ ਵਾਅਦੇ ਅਨੁਸਾਰ ਉੁਨ੍ਹਾਂ ਨੇ ਰੈਗੂਲਰ ਹੋਣਾ ਸੀ, ਪਰ ਕੁਝ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਦੇ ਗਰੁੱਪ ਵਿੱਚ ਇਹ ਸੰਦੇਸ਼ ਪਾਉਣ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਅਧਿਆਪਕ ਦੇ ਸੰਦੇਸ਼ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਅਧਿਆਪਕ ਇਨ੍ਹਾਂ 5178 ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਲਈ ਇਸ ਦੀ ਡਿਊਟੀ ਡੀਪੀਆਈ ਦਫ਼ਤਰ ਮੋਹਾਲੀ ਵਿਖੇ ਲਗਾਈ ਜਾਂਦੀ ਹੈ।

ਇਸ ਸਬੰਧੀ ਬਕਾਇਦਾ 22 ਅਕਤੂਬਰ ਨੂੰ ਸਿੱਖਿਆ ਸਕੱਤਰ ਵੱਲੋਂ ਡੀਪੀਆਈ ਦਫ਼ਤਰ ਵਿਖੇ ਡਿਊਟੀ ਦੇਣ ਸਬੰਧੀ ਡੀਈਓ ਮੁਕਤਸਰ ਸਾਹਿਬ ਅਤੇ ਅਮਰਜੀਤ ਸਿੰਘ ਨੂੰ ਪੱਤਰ ਵੀ ਜਾਰੀ ਕਰ ਦਿੱਤਾ। ਪੱਤਰ ‘ਚ ਇਹ ਵੀ ਕਿਹਾ ਗਿਆ ਕਿ 5178 ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਡੀਪੀਆਈ ਨੂੰ ਰਿਪੋਰਟ ਵੀ ਕਰੇਗਾ ਕਿ ਇਹ ਮਾਮਲਾ ਕਿਵੇਂ ਬੇੜੀ ਬੰਨੇ ਲਾਇਆ ਜਾਵੇ। ਉਂਜ ਕ੍ਰਿਸ਼ਨ ਕੁਮਾਰ ਨੇ ਮੰਨਿਆ ਕਿ 5178 ਅਧਿਆਪਕਾਂ ਦਾ ਸਮਾਂ ਤਿੰਨ ਸਾਲ ਦੇ ਪੀਰੀਅਡ ਤੋਂ ਕਈ ਮਹੀਨੇ ਉੱਪਰ ਹੋ ਗਿਆ ਹੈ, ਪਰ ਉਹ ਮਸਲਾ ਹੱਲ ਕਰਨ ਤੋਂ ਅਸਮਰਥ ਹਨ।

ਇੱਧਰ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਹਰਦੀਪ ਟੋਡਰਪੁਰ, ਵਿਕਰਮਦੇਵ ਸਿੰਘ ਆਦਿ ਆਗੂਆਂ ਦਾ ਕਹਿਣਾ ਹੈ ਕਿ ਸਿੱÎਖਿਆ ਸਕੱਤਰ ਵੱਲੋਂ ਇਸ ਅਧਿਆਪਕ ਦੀ ਡਿਊਟੀ ਲਗਾਉਣਾ ਇਹ ਸਾਬਤ ਕਰਦਾ ਹੈ ਕਿ ਸਿੱਖਿਆ ਸਕੱਤਰ ਤੇ ਸਰਕਾਰ ਫੇਲ੍ਹ ਹੋ ਚੁੱਕੀ ਹੈ, ਜੋ ਕਿ ਕੱਚੇ ਅਧਿਆਪਕ ਤੋਂ ਇਹ ਮਸਲੇ ਹੱਲ ਕਰਵਾਉਣ ਲਈ ਡਿਊਟੀ ਲਗਾ ਰਹੀ ਹੈ। ਅਧਿਆਪਕਾਂ ਦੇ ਵਟਸਅਪ ਗਰੁੱਪਾਂ ਵਿੱਚ ਇਹ ਲੈਟਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸਿੱਖਿਆ ਸਕੱਤਰ ‘ਤੇ ਕਈ ਤਰ੍ਹਾਂ ਦੇ ਤੰਜ ਕਸੇ ਜਾ ਰਹੇ ਹਨ। ਉਂਜ ਗਰੁੱਪ ਵਿੱਚ ਜੋ ਕੱਚੇ ਅਧਿਆਪਕ ਤੇ ਸਿੱਖਿਆ ਸਕੱਤਰ ਦਰਮਿਆਨ ਚੈਟਿੰਗ ਹੋਈ ਸੀ, ਉਹ ਵੀ ਵਾਇਰਲ ਹੋ ਗਈ ਹੈ।

ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ : ਅਮਰਜੀਤ ਸਿੰਘ

ਇੱਧਰ ਜਦੋਂ ਅਧਿਆਪਕ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੇ ਪਿਤਾ ਦੀ ਸਾਲ 2014 ਵਿੱਚ ਮੌਤ ਹੋ ਚੁੱਕੀ ਹੈ ਤੇ ਉਸਦੀ ਪਤਨੀ, ਛੋਟੀ ਬੱਚੀ ਤੇ ਮਾਂ ਦਾ ਪਾਲਣ ਪੋਸ਼ਣ ਉਸਦੇ ਸਿਰ ‘ਤੇ ਹੈ ਤੇ ਉੱਪਰੋਂ ਕਈ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਇਸੇ ਹਾਲਾਤ ਤੋਂ ਦੁਖੀ ਹੋ ਕੇ ਉਸ ਵੱਲੋਂ ਗਰੁੱਪ ਵਿੱਚ ਮੈਸਜ਼ ਪਾਇਆ ਗਿਆ ਸੀ, ਤਾਂ ਜੋ ਸਿੱਖਿਆ ਵਿਭਾਗ ਉਨ੍ਹਾਂ ਦਾ ਦਰਦ ਸਮਝੇ। ਉਸ ਨੇ ਕਿਹਾ ਕਿ ਪਰ ਸਿੱਖਿਆ ਸਕੱਤਰ ਨੇ ਉਸ ਦੀ ਹੀ ਡਿਊਟੀ ਇਸ ਮਸਲੇ ਦੀ ਹੱਲ ਲਈ ਮੋਹਾਲੀ ਡੀਪੀਆਈ ਵਿਖੇ ਲਗਾ ਦਿੱਤੀ। ਉਸ ਨੇ ਕਿਹਾ ਕਿ ਉਹ ਮੋਹਾਲੀ ਡਿਊਟੀ ਨਹੀਂ ਕਰ ਸਕਦਾ, ਕਿਉਂਕਿ ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ। ਉਸ ਨੇ ਦੱਸਿਆ ਕਿ ਅਧਿਆਪਕ ਆਗੂਆਂ ਵੱਲੋਂ ਵਿੱਚ ਪੈ ਕੇ ਉਸ ਦਾ ਇਹ ਮਸਲਾ ਹੱਲ ਕਰਵਾਇਆ ਗਿਆ।  ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।