ਪਿੰਡ ਸੋਂਟੀ ਵਿਚ ਝੋਨੇ ਦੇ ਖੇਤਾਂ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ
ਅਨਿਲ ਲੁਟਾਵਾ, ਅਮਲੋਹ। ਕੈਪਟਨ ਸਰਕਾਰ ਵੱਲੋਂ ਭਾਵੇਂ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਹਰ ਰੋਜ਼ ਹੀ ਕੀਤੇ ਜਾ ਰਹੇ ਹਨ ਤੇ ਇਸੇ ਤਹਿਤ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ ਕਿਉਂਕਿ ਕਿਸਾਨਾਂ ਨੂੰ 8 ਘੰਟੇ ਤਾਂ ਬਿਜਲੀ ਸਰਕਾਰ ਨੇ ਕੀ ਦੇਣੀ ਸੀ ਸਗੋਂ ਮਸਾਂ 3 ਤੋਂ 4 ਘੰਟੇ ਬਿਜਲੀ ਹੀ ਕਿਸਾਨਾਂ ਨੂੰ ਮਿਲ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਸੋਂਟੀ ਵਿਖੇ ਪਾਣੀ ਬਾਝੋਂ ਸੁੱਕੇ ਝੋਨੇ ਦੇ ਖੇਤਾਂ ਦਾ ਦੌਰਾ ਕਰਨ ਉਪਰੰਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਹੀ ਪੂਰੀ ਬਿਜਲੀ ਦਿੱਤੀ ਜਾ ਰਹੀ ਸੀ ਸਗੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਵੀ ਬਿਜਲੀ ਸਪਲਾਈ 24 ਘੰਟੇ ਦਿੱਤੀ ਜਾ ਰਹੀ ਸੀ। ਜਿਸ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣਾ ਸੀ। ਪਰ ਜਦੋਂ ਦੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ, ਇਸ ਵੱਲੋਂ ਸੂਬੇ ਨੂੰ ਬਿਜਲੀ ਖੇਤਰ ਵਿਚ ਸਰਪਲੱਸ ਤਾਂ ਕੀ ਕਰਨਾ ਸੀ ਸਗੋਂ ਪਿਛਲੀ ਅਕਾਲੀ ਸਰਕਾਰ ਵੱਲੋਂ ਲਗਾਏ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਉਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਫ਼ਾਰਗ ਕਰ ਕੇ ਬੇਰੁਜ਼ਗਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਕਿਸਾਨਾਂ ਲਈ ਬਿਜਲੀ ਦੇ ਕੋਈ ਵੀ ਅਗਾਉਂ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਅੱਜ ਕਿਸਾਨਾਂ ਦੇ ਝੋਨੇ ਦੇ ਖੇਤ ਬਿਜਲੀ ਦੀ ਸਪਲਾਈ ਨਾ ਆਉਣ ਬਾਝੋਂ ਸੁੱਕ ਰਹੇ ਹਨ। ਜਿਸ ਕਾਰਨ ਕਿਸਾਨ ਆਪਣੇ ਖੇਤਾਂ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਹਨ। ਇਸ ਤੋਂ ਇਲਾਵਾ ਜਿੱਥੇ ਇੰਡਸਟਰੀ ਨੂੰ 48-48 ਘੰਟੇ ਦੇ ਵੱਡੇ ਕੱਟ ਲਗਾ ਕੇ ਤਬਾਹੀ ਦੇ ਕੰਡੇ ਖੜ੍ਹਾ ਕੀਤਾ ਜਾ ਰਿਹਾ ਹੈ ਉੱਥੇ ਘਰੇਲੂ ਖਪਤਕਾਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਵੀ ਵੱਡੇ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਜੂ ਖੰਨਾ ਨੇ ਕਿਹਾ ਕਿ ਜੇਕਰ ਹਲਕਾ ਅਮਲੋਹ ਅੰਦਰ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਤੇ ਇੰਡਸਟਰੀ, ਪਿੰਡਾਂ ਤੇ ਸ਼ਹਿਰਾਂ ਨੂੰ ਬਿਜਲੀ ਕੱਟ ਬੰਦ ਨਾ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਕਿਸਾਨਾਂ ਨੂੰ ਨਾਲ ਲੈ ਕੇ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਘਿਰਾਓ ਹੀ ਨਹੀਂ ਕਰੇਗਾ ਸਗੋਂ ਕਾਂਗਰਸ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਵੀ ਹਲਕੇ ਅੰਦਰ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਬੱਬੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ, ਬਸਪਾ ਆਗੂ ਚਰਨ ਸਿੰਘ ਸੋਂਟੀ, ਕਿਸਾਨ ਆਗੂ ਜਸਵੰਤ ਸਿੰਘ ਮੋਹਨਾ, ਦਸਵਿੰਦਰ ਸਿੰਘ ਰੋਡਾ, ਪਰਮਿੰਦਰ ਸਿੰਘ ਨੀਟਾ ਸੰਧੂ, ਕਿਸਾਨ ਆਗੂ ਹਰਵਿੰਦਰ ਸਿੰਘ ਬਿੰਦਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਜੱਥੇ ਹਰਬੰਸ ਸਿੰਘ ਬਡਾਲੀ, ਸਵਰਨ ਸਿੰਘ ਸੋਨੀ, ਗੁਰਮੇਲ ਸਿੰਘ ਅਮਲੋਹ, ਜੱਥੇ ਜਰਨੈਲ ਸਿੰਘ ਮਾਜਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।