ਕਿਸਾਨ ਰੋਹ: ਭਾਜਪਾ ਆਗੂ ਦੀ ਜ਼ਮੀਨ ਚੋਂ ਪੁੱਟਿਆ ਝੋਨਾ, ਪੁਲਿਸ ਖੜ੍ਹੀ ਦੇਖਦੀ ਰਹੀ
- ਕਿਸਾਨਾਂ ਨੇ ਦੇਖਦਿਆਂ-ਦੇਖਦਿਆਂ ਟਰੈਕਟਰ ਨਾਲ ਕਰੀਬ ਡੇਢ ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਨੂੰ ਤਹਿਸ ਨਹਿਸ ਕਰ ਦਿੱਤਾ
ਮਨੋਜ ਸ਼ਰਮਾਂ ਬਰਨਾਲਾ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਦੇਸ਼ ਭਰ ਵਿੱਚ ਲਾਗੂ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਜਾਰੀ ਸੰਘਰਸ਼ ਦਾ ਅੱਜ ਬਾਅਦ ਦੁਪਹਿਰ ਇੱਕ ਵੱਖਰਾ ਹੀ ਐਕਸ਼ਨ ਦੇਖਣ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਹੇਠ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨਾਂ ਨੇ ਭਾਜਪਾ ਦੇ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਦੇ ਜੱਦੀ ਨਗਰ ਧਨੌਲਾ ਦੇ ਖੇਤ ਵਿੱਚ ਪੁੰਹਚਕੇ ਝੋਨਾ ਪੁੱਟ ਦਿੱਤਾ। ਗੱਲ ਇੱਥੇ ਹੀ ਬੱਸ ਨਹੀਂ, ਕਿਸਾਨਾਂ ਨੇ ਦੇਖਦਿਆਂ-ਦੇਖਦਿਆਂ ਟਰੈਕਟਰ ਨਾਲ ਕਰੀਬ ਡੇਢ ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਨੂੰ ਤਹਿਸ ਨਹਿਸ ਕਰ ਦਿੱਤਾ।
ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁੱਜੀ ਪੁਲਿਸ ਬੇਵੱਸ ਖੜ੍ਹੀ ਦੇਖਦੀ ਹੀ ਰਹੀ।ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ ਅਤੇ ਦਰਸਨ ਦਾਸ ਬਾਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋਏ। ਗਰੇਵਾਲ ਵੱਲੋਂ ਲਗਾਤਾਰ ਜਾਰੀ ਕਿਸਾਨ ਵਿਰੋਧੀ ਤਕਰੀਰਾਂ ਤੋਂ ਖਫਾ ਔਰਤਾਂ ਅਤੇ ਪੁਰਸ਼ ਗਰੇਵਾਲ ਦੇ ਜੱਦੀ ਪੁਸਤੀ ਜ਼ਮੀਨ (ਜਿਹੜੀ ਕਿ ਸਥਾਨਕ ਟਰੱਕ ਯੂਨੀਅਨ ਦੇ ਸਾਹਮਣੇ ਹੈ ) ਵਿਖੇ ਟ੍ਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਪੁੰਹਚੇ ਜਿੱਥੇ ਉਨ੍ਹਾਂ ਪਹਿਲਾਂ ਹੀ ਲਾਏ ਗਏ ਝੋਨੇ ਦੀ ਫਸਲ ਨੂੰ ਪੁੱਟਕੇ ਬਠਿੰਡਾ ਚੰਡੀਗੜ੍ਹ ਰੋਡ ’ਤੇ ਸੁੱਟ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇੱਕਠੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਲਾਗੂ ਕੀਤੇ ਗਏ ਕਿਸਾਨ ਮਾਰੂ ਆਰਡੀਨੈਂਸ ਦੀ ਬਰਖਾਸਤੀ ਨੂੰ ਲੈਕੇ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਇੱਕ ਪੰਜਾਬੀ ਤੇ ਕਿਸਾਨ ਹੋਣ ਦੇ ਬਾਵਜੂਦ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਹਮੇਸ਼ਾਂ ਕਿਸਾਨਾਂ ਖਿਲਾਫ ਬੇਤੁਕੀਆ ਟਿੱਪਣੀਆਂ ਕਰਦਾ ਹੈ, ਜਿਹੜੀਆਂ ਸਹਿਣ ਯੋਗ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨਾਂ ਚਿਰ ਤਿੰਨੋਂ ਕਾਲੇ ਕਨੂੰਨ ਰੱਦ ਨਹੀਂ ਹੁੰਦੇ , ਉਹ ਭਾਜਪਾ ਆਗੂਆਂ ਦਾ ਡਟ ਕੇ ਵਿਰੋਧ ਇਸੇ ਤਰ੍ਹਾਂ ਕਰਦੇ ਹੀ ਰਹਿਣਗੇ।
ਇਸ ਸਮੇਂ ਗੁਰਜੰਟ ਸਿੰਘ, ਪੰਮਾ ਮਾਨ, ਬਲਵਿੰਦਰ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਦਰਸਨ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜਿਰ ਸਨ । ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਆਪਣੀ ਜੱਦੀ ਜਮੀਨ ਨੂੰ ਠੇਕੇ ’ਤੇ ਦਿੱਤਾ ਹੋਇਆ ਹੈ ਪਰ ਕਿਸਾਨਾਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਕਾਲੇ ਕਨੂੰਨਾਂ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਹਰਜੀਤ ਸਿੰਘ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਹੀਂ ਲਵੇਗਾ । ਅਗਰ ਕਿਸੇ ਨੇ ਅਜਿਹਾ ਕੀਤਾ ਤਾਂ ਠੇਕੇ ’ਤੇ ਜ਼ਮੀਨ ਲੈਣ ਵਾਲਾ ਖੁਦ ਜਿੰਮੇਵਾਰ ਹੋਵੇਗਾ । ਇਸ ਮਾਮਲੇ ਸਬੰਧੀ ਜਦੋਂ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ’ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।