ਕਿਸਾਨਾਂ ਦੀ ਪ੍ਰਫੁੱਲਤਾ ’ਚ ਸਹਿਕਾਰੀ ਬੈਂਕਾਂ ਦਾ ਉੱਘਾ ਯੋਗਦਾਨ : ਮਦਨ ਲਾਲ ਜਲਾਲਪੁਰ

Cooperative Banks Sachkahoon

ਪਟਿਆਲਾ ਜ਼ਿਲ੍ਹਾ ਸਹਿਕਾਰੀ ਬੈਂਕ ਨੇ 68ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਮਨਾਇਆ

 ਜੇ.ਐਲ.ਜੀ. ਗਰੁੱਪਾਂ ਤੇ ਛੋਟੇ ਵਰਗਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ : ਰਾਜੇਸ਼ ਧੀਮਾਨ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ 14 ਨਵੰਬਰ ਤੋਂ 20 ਨਵੰਬਰ ਤੱਕ ਮਨਾਏ ਜਾ ਰਹੇ 68ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਤਹਿਤ ਇੱਥੇ ਮਾਲ ਰੋਡ ਵਿਖੇ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ ਵੀ ਇੱਕ ਸਮਾਰੋਹ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਸ਼ਿਰਕਤ ਕੀਤੀ।

ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਜਰੀਏ ਹੀ ਅੱਜ ਕਿਸਾਨ ਪ੍ਰਫੁਲਤ ਹੋਇਆ ਹੈ ਕਿਉਂਕਿ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਤੇ ਸਹੂਲਤ ਸਮੇਂ-ਸਮੇਂ ਸਿਰ ਇਨ੍ਹਾਂ ਬੈਂਕਾਂ ਰਾਹੀ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਸਾਡੇ ਇਹ ਸਹਿਕਾਰੀ ਬੈਂਕ ਸਿਰਫ 4 ਪ੍ਰਤੀਸ਼ਤ ’ਤੇ ਕਿਸਾਨਾਂ ਨੂੰ ਕਰਜ਼ਾ ਦਿੰਦੀ ਹੈ, ਜੋ ਨਾ ਮਾਤਰ ਹੈ ਅਤੇ ਬਹੁਤ ਸਾਰੀਆਂ ਸਕੀਮਾਂ ਜੋ ਮਜਦੂਰ, ਵਰਗ ਅਤੇ ਸਹਾਇਕ ਧੰਦਿਆਂ ਲਈ ਕਾਫੀ ਲਾਹੇਵੰਦ ਹਨ ਉਨ੍ਹਾਂ ਕਿਹਾ ਕਿ ਅੱਜ ਪੇਂਡੂ ਔਰਤਾਂ ਨੂੰ ਵੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਕਰੋੜਾਂ ਰੁਪਏ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਉਹ ਮਹਿਲਾ ਗਰੁੱਪਾਂ ਦੇ ਜਰੀਏ ਆਪਣੇ ਘਰ ਬੈਠਕੇ ਕੰਮ ਕਰ ਸਕਣ ਅਤੇ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਸਕਣ ਹੁਣ ਇਹ ਬੈਂਕ ਆਧੁਨਿਕ ਬੈਂਕ ਬਣ ਚੁੱਕੇ ਹਨ ਅਤੇ ਕਮਰਸ਼ੀਅਲ ਬੈਂਕ ਦੇ ਮੁਕਾਬਲੇ ਹਰ ਸੁਵਿਧਾ ਇਹਨਾਂ ਬੈਂਕਾਂ ਵਿੱਚ ਉਪਲੱਬਧ ਹੈ।

ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਰਜਿੰਦਰ ਸਿੰਘ ਨੇ ਸਹਿਕਾਰਤਾ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਹਿਕਾਰਤਾ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ। ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਚੰਡੀਗੜ੍ਹ ਦੇ ਪ੍ਰਬੰਧਕ ਨਿਰਦੇਸ਼ਕ ਰਾਜੇਸ ਧੀਮਾਨ ਨੇ ਕਿਹਾ ਕਿ ਮਰਹੂਮ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਹਿਕਾਰਤਾ ਲਹਿਰ ਵਿੱਚ ਵੱਡਾ ਯੋਗਦਾਨ ਰਿਹਾ ਹੈ ਧੀਮਾਨ ਨੇ ਹੋਰ ਕਿਹਾ ਕਿ ਬੈਂਕ ਵੱਲੋਂ ਪੇਂਡੂ ਇਸਤਰੀਆਂ ਲਈ ਨਾਬਾਰਡ ਦੀ ਜੇ.ਐਲ.ਜੀ ਸਕੀਮ ਤਹਿਤ 110 ਗਰੁੱਪਾਂ ਨੂੰ ਅੱਜ 150 ਕਰੋੜ ਰੁਪਏ ਮਨਜੂਰ ਕਰਕੇ ਪ੍ਰਵਾਨਗੀ ਪੱਤਰ ਵੀ ਗਰੁੱਪਾਂ ਨੂੰ ਦਿੱਤੇ ਗਏ ਹਨ। ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਗੁਰਬਾਜ ਸਿੰਘ ਨੇ ਅਧਿਕਾਰੀਆਂ ਤੇ ਸਹਿਕਾਰੀ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਬੈਂਕ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ।

ਇਸ ਮੌਕੇ ਸੰਯੁੁਕਤ ਰਜਿਸਟਰਾਰ ਜਤਿੰਦਰਪਾਲ ਸਿੰਘ, ਐਮ.ਡੀ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਭਾਸਕਰ ਕਟਾਰੀਆ, ਆਡਿਟ ਅਫ਼ਸਰ ਗਗਨਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮੈਨੇਜਰ ਅਸ਼ੋਕ ਸਿੰਘ ਮਾਨ, ਸੀਨੀਅਰ ਮੈਨੇਜਰ ਅਜਨੀਸ਼ ਕੁਮਾਰ, ਜਨਰਲ ਮੈਨੇਜਰ ਮਿਲਕ ਪਲਾਂਟ ਗੁਰਮੇਲ ਸਿੰਘ, ਕਲਸਟਰ ਹੈੱਡ ਨਾਬਾਰਡ ਪਰਵਿੰਦਰ ਕੌਰ ਨਾਗਰਾ, ਸਮੂਹ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਤੇ ਜ਼ਿਲ੍ਹੇ ਦੇ ਸਮੂਹ ਸਹਿਕਾਰੀਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ

ਗੁਰਬਾਜ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਸਿਮਾਂਤ ਕਿਸਾਨਾਂ ਨੂੰ 2.50 ਏਕੜ ਤੱਕ 123916 ਮੈਂਬਰਾਂ ਨੂੰ 149 ਕਰੋੜ ਰੁਪਏ, ਛੋਟੇ ਕਿਸਾਨਾਂ ਨੂੰ 5 ਏਕੜ ਤੱਕ 11634 ਮੈਂਬਰਾਂ ਨੂੰ 99.92 ਕਰੋੜ, ਬੇ-ਜਮੀਨੇ ਕਿਸਾਨਾ ਅਤੇ ਖੇਤੀ ਮਜਦੂਰ 35642 ਮੈਂਬਰਾਂ ਨੂੰ 40.45 ਕਰੋੜ ਰੁਪਏ ਤੱਕ ਦਾ ਕਰਜਾ ਮੁਆਫ ਕੀਤਾ ਗਿਆ ਹੈ ਇਨ੍ਹਾਂ ਤੋਂ ਇਲਾਵਾ ਬੈਂਕ ਵਿੱਚ ਅਮਾਨਤਾਂ ਰੱਖਣ ਤੇ ਸਾਰੇ ਸਟਾਫ ਨਾਲ ਸਮੇਂ ਸਮੇਂ ਸਿਰ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਇਸ ਸਮਾਗਮ ਦਾ ਮੰਚ ਸੰਚਾਲਨ ਸਤਪਾਲ ਸਿੰਘ ਘੁੰਮਣ ਨੇ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ