ਕਿਹਾ, ਪੰਜਾਬ ‘ਚ ਸਦਭਾਵਨਾ ਦਾ ਮਾਹੌਲ ਕਾਇਮ ਕਰਨ ਲਈ ਸਾਰੀਆਂ ਧਿਰਾਂ ਰਾਜਨੀਤੀ ਛੱਡ ਕੇ ਅੱਗੇ ਆਉਣ
’84 ਦੇ ਦੰਗਿਆਂ ‘ਚ ਸਿਰਫ ਦੋ ਨੂੰ ਦੋਸ਼ੀ ਠਹਿਰਾਉਣ ਤੋਂ ਬਾਦਲ ਅਸੰਤੁਸ਼ਟ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਚੌਟਾਲਾ ਪਰਿਵਾਰ ਵਿੱਚ ਛਿੜੀ ਖਾਨਾਜੰਗੀ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ‘ਸਾਥੋਂ ਆਪਦਾ ਟੱਬਰ ਨਹੀਂ ਸੰਭਾਲਿਆ ਜਾ ਰਿਹਾ, ਅਸੀਂ ਚੌਟਾਲਿਆਂ ਨੂੰ ਕਿਵੇਂ ਸੰਭਾਲ ਸਕਦੇ ਹਾਂ।’ ਸ੍ਰ. ਬਾਦਲ ਅੱਜ ਇੱਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਯਾਦ ‘ਚ ਹੋ ਰਹੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਬਹੁਤ ਹੀ ਕਾਲੇ ਦਿਨ ਦੇਖੇ ਹਨ, ਇਸ ਲਈ ਪੰਜਾਬ ਅੰਦਰ ਸ਼ਾਂਤੀ ਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਕਰਨ ਲਈ ਸਾਰੀਆਂ ਧਿਰਾਂ ਨੂੰ ਰਾਜਨੀਤੀ ਛੱਡ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਤੀ ਅੰਗਰੇਜ਼ਾਂ ਵਾਲੀ ਹੈ ਪਰ ਇਸ ਦੇ ਨਤੀਜੇ ਭਿਆਨਕ ਹੋਣਗੇ ।
ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਨੇਤਾ ਨੂੰ ਕੋਈ ਵੀ ਸਿੱਟ ਵੱਲੋਂ ਗਵਾਹ ਦੇ ਤੌਰ ‘ਤੇ ਬੁਲਾਇਆ ਹੀ ਨਹੀਂ ਜਾ ਸਕਦਾ ਪਰ ਮੈਂ ਫਿਰ ਵੀ ਆਪ ਐੱਸਆਈਟੀ ਅੱਗੇ ਪੇਸ਼ ਹੋਇਆ ਹਾਂ ਕਿ ਕਿਤੇ ਅਮਰਿੰਦਰ ਇਹ ਨਾ ਸਮਝੇ ਕਿ ਮੈਂ ਉਸ ਦੀਆਂ ਗਿੱਦੜ ਧਮਕੀਆਂ ਤੋਂ ਡਰਦਾ ਹਾਂ । ਉਨ੍ਹਾਂ ਕਿਹਾ ਕਿ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਮੈਨੂੰ ਅਮਰਿੰਦਰ ਦੱਸੇ ਕਿ 84 ਦੇ ਕਤਲੇਆਮ ਦੀ ਮੁੱਖ ਦੋਸ਼ੀ ਮਰਹੂਮ ਪ੍ਰਧਾਨ ਮੰਤਰੀ ਨੂੰ ਵੀ ਕਦੇ ਕਿਸੇ ਨੇ ਗਵਾਹ ਦੇ ਤੌਰ ‘ਤੇ ਸੰਮਨ ਕੀਤੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਰਮੀ ਚੀਫ ਨੇ ਵੀ ਪੰਜਾਬ ‘ਚ ਮੁੜ ਅੱਤਵਾਦ ਆਉਣ ਦੀ ਗੱਲ ਕੀਤੀ ਹੈ ਇਸ ਲਈ ਅੱਜ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਦੇ ਮਾਹੌਲ ‘ਤੇ ਨਿਗ੍ਹਾ ਰੱਖਣ ਦੀ ਲੋੜ ਹੈ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਕਾਂਗਰਸ ਵੱਲੋਂ ਇੱਕ ਸਾਜਿਸ਼ ਤਹਿਤ ਖਰਾਬ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਪੰਜਾਬ ‘ਚ ਮੁੜ ਅੱਤਵਾਦ ਦਾ ਕਾਲਾ ਦੌਰ ਲਿਆਉਣਾ ਚਾਹੁੰਦੀ ਹੈ
ਉਨ੍ਹਾਂ ਕਿਹਾ ਕਿ ਬਰਗਾੜੀ ‘ਚ ਸਾਰੀਆਂ ਸਹੂਲਤਾਂ ਕਾਂਗਰਸ ਮੁਹੱਈਆ ਕਰਵਾ ਰਹੀ ਹੈ ਇੱਥੋਂ ਤੱਕ ਧਰਨਾ ਵੀ ਸਰਕਾਰੀ ਦਾਣਾ ਮੰਡੀ ‘ਚ ਲਗਾ ਕੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। 1984 ਦੇ ਦੰਗਿਆਂ ‘ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਦੇ ਮਾਮਲੇ ‘ਚ ਬਾਦਲ ਨੇ ਪੂਰੀ ਤਰ੍ਹਾਂ ਅਸਤੁੰਸ਼ਟਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਿਰਫ ਦੋ ਹੀ ਕਿਉਂ ਅਜੇ ਤਾਂ ਮੁੱਖ ਦੋਸ਼ੀ ਸਰੇਆਮ ਖੁੱਲ੍ਹੇ ਫਿਰ ਰਹੇ ਹਨ ਤੇ ਇਨ੍ਹਾਂ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬਾਪੂ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਬਾਪੂ ਧਾਲੀਵਾਲ ਸਾਰੀ ਦੁਨੀਆਂ ਦਾ ਚਾਨਣ ਮੁਨਾਰਾ ਸਨ। ਉਨ੍ਹਾਂ ਕਿਹਾ ਕਿ ਰੱਖੜਾ ਪਰਿਵਾਰ ਨੇ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ‘ਚ ਵੀ ਨਾਮਣਾ ਖੱਟਿਆ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਮਾਗਮ ‘ਚ ਪੁੱਜੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦਾ ਕੀਤਾ ਇਸ ਦੌਰਾਨ ਦਰਸ਼ਨ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ, ਸੁੱਖੀ ਰੱਖੜਾ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਬਲਦੇਵ ਸਿੰਘ ਮਾਨ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਕਬੀਰ ਦਾਸ ਨਾਭਾ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Our Family, Not Being Saved, Handle Chautalas, Badal