ਸਾਡੀ ਕਿਸਮਤ!
ਇਹ ਕਹਾਣੀ ਇੱਕ ਨਿੱਕੀ ਜਿਹੀ ਕੁੜੀ ਦੇ ਸੁਪਨਿਆਂ ਦੀ ਹੈ। ਆਓ! ਹੁਣ ਤੁਹਾਨੂੰ ਇੱਕ ਕੁੜੀ ਦੇ ਸੁਪਨਿਆਂ ਦੀ ਝਾਤ ਪਵਾਉਨਣਾ।
ਇਹ ਕਹਾਣੀ ਉਸ ਧੀ ਦੀ ਹੈ ਜਿਸ ਦੇ ਮਾਤਾ-ਪਿਤਾ ਟੱਪਰੀ ਵਾਲੇ ਹਨ। ਭਾਵ ਇਹ ਕਹਾਣੀ ਟੱਪਰੀਵਾਸੀ (ਗੱਡੀਆਂ ਵਾਲਿਆਂ) ਦੀ ਧੀ ਦੀ ਹੈ। ਮੈਂ ਸਵੇਰੇ-ਸਵੇਰੇ ਸਕੂਲ ਤੇ ਕਾਲਜ ਦੀ ਸਾਂਝੀ ਬੱਸ ਵਿੱਚ ਬੈਠਾ ਕਾਲਜ ਵੱਲ ਨੂੰ ਜਾ ਰਿਹਾ ਸੀ।
ਬੱਸ ਆਪਣੀ ਸਮਾਂਬੰਦੀ ਦੇ ਅਨੁਸਾਰ ਮੇਰੇ ਗੁਆਂਢੀ ਪਿੰਡੋਂ ਅਗਲੇ ਪਿੰਡ ਪਹੁੰਚੀ ਤਾਂ ਮੇਰੀ ਨਜ਼ਰ ਉੱਥੇ ਇੱਕ ਸਾਂਝੀ ਥਾਂ ’ਤੇ ਬੈਠੇ ਗੱਡੀਆਂ ਵਾਲਿਆਂ ’ਤੇ ਪਈ। ਸਾਡੀ ਬੱਸ ਉਸ ਜਗ੍ਹਾ ਕੋਲੋਂ ਹਰ ਰੋਜ਼ ਲੰਘਦੀ ਸੀ ਪਰ ਅੱਜ ਮੈਂ ਉੱਥੇ ਇੱਕ ਖਾਸ ਜਿਹਾ ਦਿ੍ਰਸ਼ ਦੇਖਿਆ। ਉੱਥੇ ਸੜਕ ’ਤੇ ਮੋੜ ਹੋਣ ਕਾਰਨ ਬੱਸ ਕੁਝ ਸਮਾਂ ਉੱਥੇ ਠਹਿਰੀ ਮੈਂ ਆਪਣੀ ਸੀਟ ’ਤੇ ਬੈਠਾ ਕਿਤਾਬ ਪੜ੍ਹ ਰਿਹਾ ਸੀ।
ਮੈਂ ਦੇਖਿਆ ਕਿ ਇੱਕ ਨਿੱਕੀ ਜਿਹੀ ਕੁੜੀ ਚੁੱਲ੍ਹੇ ਵਿੱਚ ਅੱਗ ਬਾਲ਼ ਰਹੀ ਸੀ। ਉਸ ਦੀ ਨਜ਼ਰ ਚੁੱਲੇ੍ਹ ਦੇ ਧੂੰਏਂ ਨੂੰ ਚੀਰਦੀ ਸਾਡੀ ਬੱਸ ’ਤੇ ਪਈ। ਪਤਾ ਨਹੀਂ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ! ਉਸ ਵੱਲ ਦੇਖ ਕੇ ਮੇਰਾ ਧਿਆਨ ਮੁੜ ਕਿਤਾਬ ’ਤੇ ਨਾ ਗਿਆ ਤੇ ਮੈਂ ਉਸ ਵੱਲ ਹੀ ਵੇਖਦਾ ਰਹਿ ਗਿਆ।
Our destiny
ਉਸ ਨੰਨ੍ਹੀ ਜਿਹੀ ਬੱਚੀ ਦਾ ਮਾਸੂਮ ਚਿਹਰਾ ਮੇਰੇ ਦਿਲ ਨੂੰ ਵਾਰ-ਵਾਰ ਮੋਹਿਤ ਕਰ ਰਿਹਾ ਸੀ। ਫੇਰ ਮੈਨੂੰ ਇੱਕਦਮ ਇਸ ਤਰ੍ਹਾਂ ਲੱਗਾ ਜਿਵੇਂ ਉਹ ਚੁੱਪ-ਚੁਪੀਤੇ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ। ਮੈਨੂੰ ਇਹ ਸਮਝਣ ਵਿੱਚ ਦੇਰ ਨਾ ਲੱਗੀ ਕਿ ਉਹ ਕੀ ਸੋਚ ਰਹੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ। ਉਹ ਸਾਡੀ ਬੱਸ ’ਚ ਬੈਠੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵੇਖ ਕੇ ਇਹ ਸੋਚ ਰਹੀ ਸੀ ਕਿ ਜੇਕਰ ਉਹ ਵੀ ਸਕੂਲ ਜਾਂਦੀ! ਉਸ ਦਾ ਭੋਲਾ ਜਿਹਾ ਚਿਹਰਾ ਵਾਰ-ਵਾਰ ਬੱਸ ’ਤੇ ਝਾਤ ਮਾਰ ਰਿਹਾ ਸੀ। ਪਰ ਉਸ ਦੇ ਚਿਹਰੇ ਨੇ ਮੇਰੇ ਅੰਦਰ ਧੁਰ ਤੱਕ ਛਾਪ ਛੱਡ ਦਿੱਤੀ।
ਉਹ ਵਾਰ-ਵਾਰ ਇਹ ਕਹਿੰਦੀ ਜਾਪੀ ਕਿ ਜੇਕਰ ਉਹ ਵੀ ਸਕੂਲ ਜਾਂਦੀ!
ਉਹ ਵੀ ਸੋਹਣੀ ਵਰਦੀ ਪਾ ਕੇ ਹੱਥ ਵਿੱਚ ਰੋਟੀ ਵਾਲਾ ਟਿਫਨ ਫੜ ਕੇ, ਉਸ ਨੂੰ ਵੀ ਉਸ ਦੀ ਮੰਮੀ ਸਕੂਲ ਛੱਡਣ ਜਾਂਦੀ ਤੇ ਉਸ ਦੀਆਂ ਵੀ ਸਕੂਲ ’ਚ ਨਿੱਕੀਆਂ-ਨਿੱਕੀਆਂ ਸਹੇਲੀਆਂ ਹੁੰਦੀਆਂ ਤੇ ਉਹ ਵੀ ਉਨ੍ਹਾਂ ਨਾਲ ਖੇਡਦੀ। ਪਰ ਫੇਰ ਇੱਕਦਮ ਚੁੱਲ੍ਹੇ ਦਾ ਧੂੰਆਂ ਉਸ ਦੀਆਂ ਅੱਖਾਂ ਵਿੱਚ ਪੈ ਗਿਆ ਤੇ ਅੱਥਰੂਆਂ ਰਾਹੀਂ ਉਸ ਦੇ ਸੁਪਨਿਆਂ ਨੂੰ ਵਹਾ ਕੇ ਲੈ ਗਿਆ। ਫੇਰ ਉਸ ਨੇ ਨੀਵੀਂ ਪਾ ਲਈ। ਜਦੋਂ ਬੱਸ ਨੇ ਮੁੜ ਚਾਲੇ ਪਾਏ ਤਾਂ ਉਹ ਮੁੜ ਫਿਰ ਬੱਸ ਵੱਲ ਵੇਖਦੀ ਰਹੀ। ਪਰ ਉਸ ਦਾ ਚਿਹਰਾ ਮੇਰੇ ਦਿਲ ਤੇ ਦਿਮਾਗ ’ਤੇ ਡੂੰਘੀ ਛਾਪ ਛੱਡ ਗਿਆ।
ਅਗਲੇ ਦਿਨ ਮੈਂ ਉਸ ਨੂੰ ਮੁੜ ਉਸ ਥਾਂ ’ਤੇ ਵੇਖਣਾ ਚਾਹਿਆ। ਪਰ ਹੁਣ ਤੱਕ ਤਾਂ ਉਹ ਕਿਸੇ ਹੋਰ ਪਿੰਡ ਨੂੰ ਚਾਲੇ ਪਾ ਗਏ ਸਨ। ਹੁਣ ਮੈਂ ਹਰ ਰੋਜ਼ ਉਸ ਥਾਂ ਨੂੰ ਵੇਖਦਾ ਪਰ ਉਹ ਨੰਨ੍ਹੀ ਪਰੀ ਕਦੇ ਨਜ਼ਰੀ ਨਹੀਂ ਆਉਂਦੀ। ਮੈਨੂੰ ਅੱਜ ਵੀ ਉਹ ਮੇਰੇ ਨਾਲ ਗੱਲਾਂ ਕਰਦੀ ਜਾਪਦੀ ਹੈ ਜਿਵੇਂ ਮੈਂ ਉਸ ਨੂੰ ਕਹਿ ਰਿਹਾ ਹੋਵਾਂ ਕਿ ਤੂੰ ਸਕੂਲ ਜਾਇਆ ਕਰ ਪਰ ਜਿਵੇਂ ਉਹ ਵਾਰ-ਵਾਰ ਇੱਕੋ-ਇੱਕ ਗੱਲ ਆਖ ਰਹੀ ਹੋਵੇ ਕਿ ਇਹ ਸਕੂਲ ਸਾਡੀ ਕਿਸਮਤ ’ਚ ਕਿੱਥੇ, ਇਹ ਕੁਝ ਸਾਡੀ ਕਿਸਮਤ ’ਚ ਕਿੱਥੇ।
ਸਤਗੁਰ ਸਿੰਘ ਗੈਰੀ
ਮੋ. 98769-93715
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ