ਲ਼ਹਿਰਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਸਰਕਾਰੀ ਹਸਪਤਾਲ ਲਹਿਰਾਗਾਗਾ ਵਿਖੇ ਲਾਏ ਗਏ ਸਜਾਵਟੀ ਬੂਟੇ
ਲਹਿਰਾਗਾਗਾ (ਰਾਜ ਸਿੰਗਲਾ)। ਸਥਾਨਕ ਸਰਕਾਰੀ ਹਸਪਤਾਲ ਲਹਿਰਾਗਾਗਾ ਵਿਖੇ ਲਹਿਰਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਰਾਉਂਡ ਗਲਾਸ ਫਾਊਂਡੇਸ਼ਨ ਮੋਹਾਲੀ ਵੱਲੋਂ 174 ਦੇ ਕਰੀਬ ਫਾਈਕਸ, ਰੋਇਲ ਪਾਮ, ਹਮੇਲੀਆ, ਕੋਨੋਕਾਰਪ, ਸਿਲਵਰ ਆਕ ਆਦਿ ਸਜਾਵਟੀ ਪੌਦੇ ਲਗਾਏ ਗਏ। ਇਸ ਮੌਕੇ ਮਨਜੀਤ ਸਿੰਘ ਸਹਿ ਸਕੱਤਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਲਾਕਡਾਊਨ ਤੋਂ ਬਾਅਦ ਲਗਭਗ 10 ਮਹੀਨਿਆਂ ਤੋਂ ਲਗਾਤਾਰ ਸਰਕਾਰੀ ਹਸਪਤਾਲ ਦੀ ਸਫਾਈ ਤੇ ਪਾਰਕ ਨਿਰਮਾਣ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ।
ਇਸ ਦੌਰਾਨ ਸੋਸਾਇਟੀ ਦੇ ਮਿਹਨਤੀ ਮੈਂਬਰਾਂ ਦੁਆਰਾ ਹਰ ਰੋਜ਼ ਸਵੇਰੇ ਲਗਭਗ 2 ਘੰਟੇ ਹਸਪਤਾਲ ਵਿੱਚ ਸਾਫ਼ ਸਫ਼ਾਈ ਦਾ ਕੰਮ ਕੀਤਾ ਜਾਂਦਾ ਹੈ ਤੇ ਹਰ ਐਤਵਾਰ ਨੂੰ ਸਮੂਹ ਮੈਂਬਰਾਂ ਦੁਆਰਾ ਵੱਡੇ ਪੱਧਰ ’ਤੇ ਹਸਪਤਾਲ ਨੂੰ ਨਮੂਨੇ ਦਾ ਹਸਪਤਾਲ ਬਣਾਉਣ ਲਈ ਕੈਂਪ ਲਾ ਕੇ ਸਾਫ਼-ਸਫ਼ਾਈ ਤੇ ਪਾਰਕ ਨਿਰਮਾਣ ਦਾ ਕੰਮ ਜਾਰੀ ਰੱਖਿਆ ਜਾਂਦਾ ਹੈ। ਸੋਸਾਇਟੀ ਦੇ ਬਜੁਰਗ ਤੇ ਬਹੁਤ ਹੀ ਕਰਮਸ਼ੀਲ ਮੈਂਬਰ ਸੱਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਕੇਵਲ ਪੌਦੇ ਲਗਾਏ ਹੀ ਨਹੀਂ ਜਾਂਦੇ, ਇਹਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਸੋਸਾਇਟੀ ਮੈਂਬਰ ਬਾਖੂਬੀ ਨਿਭਾ ਰਹੇ ਹਨ ਤੇ ਪੌਦਿਆਂ ਲਈ ਕਿਸੇ ਵੀ ਅੰਗਰੇਜੀ ਖਾਦ ਦੀ ਵਰਤੋਂ ਨਾ ਕਰਕੇ ਆਰਗੈਨਿਕ ਖਾਦ ਹੀ ਵਰਤੀ ਜਾਂਦੀ ਹੈ।
ਸੋਸਾਇਟੀ ਵੱਲੋਂ ਹਰਬਲ ਪਾਰਕ ਦਾ ਵੀ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਲਗਭਗ 70 ਦੇ ਕਰੀਬ ਹਰਬਲ ਪੌਦਿਆਂ ਦੀਆਂ ਕਿਸਮਾਂ ਹੁਣ ਤੱਕ ਲਗਾਈਆਂ ਜਾ ਚੁੱਕੀਆਂ ਹਨ। ਸੋਸਇਟੀ ਦੇ ਪ੍ਰਧਾਨ ਇਕਬਾਲ ਸਿੰਘ ਬਾਲੀ ਨੇ ਹਸਪਤਾਲ ਵਿੱਚ ਸਜਾਵਟੀ ਬੂਟੇ ਲਗਾਉਣ ਲਈ ਰਾਉਂਡ ਗਲਾਸ ਫਾਊਂਡੇਸ਼ਨ ਦੀ ਸਮੂਹ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਅੱਗੇ ਵੀ ਉਹਨਾਂ ਦੇ ਸਹਿਯੋਗ ਨਾਲ ਹਸਪਤਾਲ ਨੂੰ ਸੁੰਦਰ ਦਿੱਖ ਦੇਣ ਲਈ ਕੰਮ ਜਾਰੀ ਰੱਖਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸੋਸ਼ਲ ਵੈਲਫੇਅਰ ਸੋਸਇਟੀ ਵੱਲੋਂ ਲਹਿਰਾਗਾਗਾ ਦੇ ਹਸਪਤਾਲ ਨੂੰ ਸਬ ਡਵੀਜਨ ਦੇ ਪੱਧਰ ਦਾ ਬਣਵਾਉਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਸ਼ਹਿਰ ਲਹਿਰਾਗਾਗਾ ਤੇ ਇਸ ਦੇ ਨਾਲ ਲਗਦੇ ਲਗਭਗ 42 ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਅੱਜ ਵੀ ਬਾਂਝੇ ਹਨ। ਜਿਨ੍ਹਾਂ ਨੂੰ ਆਪਣੇ ਇਲਾਜ ਲਈ ਸੰਗਰੂਰ ਪਟਿਆਲਾ ਭੱਜਣਾ ਪੈਂਦਾ ਹੈ ਤੇ ਕਈ ਤਾਂ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ, ਇਸ ਵਕਤ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਸੁਵਿਧਾਵਾਂ ਵੀ ਸੰਤੋਸ਼ਜਨਕ ਨਹੀਂ ਹਨ। ਉਹਨਾਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਨੂੰ ਕਮਿਊਨਿਟੀ ਸਿਹਤ ਕੇਂਦਰ ਤੋਂ ਤਬਦੀਲ ਕਰਕੇ ਜਲਦ ਸਬ-ਡਵੀਜਨ ਪੱਧਰ ਦਾ ਹਸਪਤਾਲ ਬਣਵਾਇਆ ਜਾਵੇ ਤਾਂ ਜੋ ਇੱਥੋਂ ਦੇ ਲੋਕ ਜਰੂਰੀ ਸਿਹਤ ਸਹੂਲਤਾਂ ਤੋਂ ਬਾਂਝੇ ਨਾ ਰਹਿਣ।
ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਦੀ ਸੋਸਾਇਟੀ ਵੱਲੋਂ ਪੁਰੀ ਫਾਈਲ ਪੰਚਾਇਤਾਂ ਦੇ ਮਤਿਆਂ ਤੇ ਸ਼ਹਿਰ ਨਿਵਾਸੀਆਂ ਦੇ ਮਤਿਆਂ ਸਮੇਤ ਸਿਹਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਹੈਡਮਾਸਟਰ ਅਰੁਣ ਗਰਗ ਜੀ ਨੇ ਬੋਲਦਿਆਂ ਸਰਕਾਰੀ ਹਸਪਤਾਲ ਵਿੱਚ ਤੁਰੰਤ ਪ੍ਰਭਾਵ ਤੋਂ ਹਸਪਤਾਲ ਵਿੱਚ ਜੱਚਾ-ਬੱਚਾ ਕੇਂਦਰ ਬਣਵਾਉਣ ਦੀ ਮੰਗ ਰੱਖੀ ਤੇ ਕਿਹਾ ਕਿ ਇੱਥੇ ਮਹਿਲਾਵਾਂ ਲਈ ਡਿਲੀਵਰੀ ਕੇਸਾਂ ਤੇ ਬੱਚਿਆਂ ਦੇ ਇਲਾਜ ਲਈ ਵੀ ਪੂਰਾ ਪ੍ਰਬੰਧ ਨਹੀਂ ਹੈ ਤੇ ਇੱਥੋਂ ਦੀ ਕਾਫੀ ਇਮਾਰਤ ਵੀ ਖਸਤਾ ਤੇ ਜਰਜਰ ਹਾਲਤ ਵਿੱਚ ਹੈ। ਜਿਸ ਦਾ ਮੁਰੰਮਤ ਦਾ ਕੰਮ ਵੀ ਜਲਦ ਕਰਵਾਇਆ ਜਾਵੇ।
ਇਸ ਸਮੇਂ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਅਹਿਮ ਮੀਟਿੰਗ ਕਰਕੇ ਨਿਰਣਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਿਹਤ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਤੇ ਲੋਕਾਂ ਨੂੰ ਹਰ ਸਿਹਤ ਸਹੂਲਤ ਦਿਵਾਉਣ ਲਈ ਸੋਸਾਇਟੀ ਵੱਲੋਂ ਭਰਪੂਰ ਯਤਨ ਕੀਤਾ ਜਾਵੇਗਾ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਹੰਸਰਾਜ (ਰਿਟਾ. ਪਿ੍ਰੰਸੀਪਲ) ਸੀਨੀਅਰ ਮੀਤ ਪ੍ਰਧਾਨ ਗੀਤਾ ਰਾਮ (ਰਿਟਾ. ਐਸ. ਡੀ. ਓ.) ਸਕੱਤਰ ਸੁਨੀਲ ਕੁਮਾਰ, ਖਜਾਨਚੀ ਕੁਲਭੂਸ਼ਨ, ਮਾਸਟਰ ਰੌਸ਼ਨ ਲਾਲ, ਦਰਸ਼ਨ ਸ਼ਰਮਾ, ਡਾ. ਸ਼ੀਸ਼ਪਾਲ ਆਨੰਦ, ਕ੍ਰਿਸ਼ਨ ਸਿੰਗਲਾ, ਅਨੀਲ ਅਮਰਜੀਤ ਸਿੰਘ ਮੱਪਰ, ਸੱਤਪਾਲ, ਡਾ. ਸਿੱਧੂ, ਡਾ. ਹਰਜਿੰਦਰ ਸਿੰਘ ਲਾਲੀ, ਪਵਨ ਗਰਗ, ਸੁਨੀਲ ਗੋਇਲ, ਮਹਿੰਦਰ ਸਿੰਘ ਆਦਿ ਮੈਂਬਰ ਵੀ ਸ਼ਾਮਿਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.