ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ

techer

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਯਤਨਾਂ ਨੂੰ ਪਿਆ ਬੂਰ

  • Lecturers Promotion)

ਜੈਤੋ, (ਸੁਭਾਸ਼ ਸ਼ਰਮਾ)। ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਨੇ ਬੀਤੇ ਕੱਲ੍ਹ ਮਿਤੀ 21 ਜੁਲਾਈ ਨੂੰ ਮਾਸਟਰ/ ਮਿਸਟ੍ਰੈਸ ਕੇਡਰ ਤੋਂ 122 ਪੰਜਾਬੀ ਲੈਕਚਰਾਰ , 59 ਅੰਗਰੇਜ਼ੀ ਲੈਕਚਰਾਰ ਅਤੇ 171 ਰਾਜਨੀਤੀ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਹਨ। ਵਰਨਣਯੋਗ ਹੈ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਿੱਚ ਸ਼ਾਮਲ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਇਹ ਤਰੱਕੀਆਂ ਕਰਵਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ।

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਤੇ ਸੁਖਜਿੰਦਰ ਸਿੰਘ ਖਾਨਪੁਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਵਿੱਤ ਸਕੱਤਰ ਨਵੀਨ ਸੱਚਦੇਵਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਸੂਬਾਈ ਸਲਾਹਕਾਰ ਪ੍ਰੇਮ ਚਾਵਲਾ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ/ ਮਿਸਟ੍ਰੈਸ ਕੇਡਰ ਤੋਂ ਲੈਕਚਰਾਰ ਵਿਸ਼ੇ ਦੀਆਂ ਕੀਤੀਆਂ ਗਈਆਂ ਇਨ੍ਹਾਂ ਤਰੱਕੀਆਂ ਨੂੰ ਸਹੀ ਦਿਸ਼ਾ ਵੱਲ ਕਦਮ ਕਰਾਰ ਦਿੱਤਾ ਹੈ।

ਆਗੂਆਂ ਨੇ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹ ਤਰੱਕੀਆਂ 10300-34800 +5400 ਗਰੇਡ ਪੇਅ ਵਿੱਚ ਕੀਤੀਆਂ ਗਈਆਂ ਹਨ ਜਦੋਂਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਨਖ਼ਾਹ ਸਕੇਲਾਂ ਵਿੱਚ ਮਿਤੀ 1 ਜਨਵਰੀ 2016 ਤੋਂ ਗਰੇਡ ਪੇਅ ਅਨੁਸਾਰ ਤਨਖਾਹ ਦੇਣ ਦੀ ਪ੍ਰਣਾਲੀ ਖ਼ਤਮ ਕਰਕੇ ਪੇਅ ਮੈਟ੍ਰਿਕਸ ਅਤੇ ਬਣਦੇ ਸੈੱਲ ਅਨੁਸਾਰ ਤਨਖ਼ਾਹ ਨਿਸ਼ਚਿਤ ਕਰਨ ਦੀ ਵਿਵਸਥਾ ਚਾਲੂ ਕੀਤੀ ਹੋਈ ਹੈ।

ਈ .ਟੀ. ਟੀ .ਕੇਡਰ ਤੋਂ ਮਾਸਟਰ/ਮਿਸਟ੍ਰੈਸ ਕੇਡਰ ਲਈ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਤਰੱਕੀਆਂ ਵੀ ਤੁਰੰਤ ਕੀਤੀਆਂ ਜਾਣ 

ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਪੰਜਾਬ ਦਾ ਦਫ਼ਤਰ ਅਜੇ ਤੱਕ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਮਿਤੀ 5 -7-2021 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਅਣਜਾਣ ਹੈ। ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਜੱਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹ ਤਰੱਕੀਆਂ ਕਰਨ ਸਮੇਂ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅੰਗਹੀਣ, ਗੂੰਗੇ ਤੇ ਬੋਲੇ ਅਤੇ ਅੰਸ਼ਿਕ ਨੇਤਰਹੀਣ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਸਬੰਧੀ ਨਿਰਧਾਰਤ ਕੀਤੇ ਗਏ ਕੋਟੇ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ ਜਿਸ ਕਾਰਨ ਪ੍ਰਭਾਵਿਤ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਅਧਿਆਪਕਾਂ ਨੂੰ ਤੁਰੰਤ ਇਨਸਾਫ਼ ਦੇ ਕੇ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ , ਇਹ ਮੰਗ ਵੀ ਕੀਤੀ ਗਈ ਕਿ ਪਿਛਲੇ ਕਈ ਸਾਲਾਂ ਤੋਂ ਈ ਟੀ ਟੀ ਕਾਡਰ ਤੋਂ ਮਾਸਟਰ ) ਮਿਸਟ੍ਰੈਸ ਕੇਡਰ ਦੇ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ