Punjab News: 16 ਹਜ਼ਾਰ ਪਲੇਅ-ਵੇ ਸਕੂਲਾਂ ਵਿੱਚੋਂ ਸਿਰਫ਼ 300 ਨੇ ਹੀ ਕਰਵਾਈ ਰਜਿਸਟਰੇਸ਼ਨ
- ਅਸੀਂ ਸਖ਼ਤੀ ਨਹੀਂ ਕਰਨਾ ਚਾਹੁੰਦੇ ਹਾਂ, ਇਸ ਲਈ ਖੁਦ ਹੀ ਕਰਵਾਓ ਰਜਿਸਟਰੇਸ਼ਨ, ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ : ਡਾ. ਬਲਜੀਤ ਕੌਰ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਲੇਅ-ਵੇਅ ਸਕੂਲਾਂ ਨੂੰ ਰਜਿਸਟਰਡ ਕਰਵਾਉਣ ਵਿੱਚ ਪਲੇਅ-ਵੇ ਸਕੂਲ ਚਲਾਉਣ ਵਾਲੇ ਅਦਾਰੇ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ ਹਨ ਜਾਂ ਫਿਰ ਕਿਹਾ ਜਾਵੇ ਕਿ ਸਰਕਾਰ ਦੀ ਗੱਲ ਨੂੰ ਮੰਨ ਹੀ ਨਹੀਂ ਰਹੇ। ਜਿਸ ਕਾਰਨ ਹੀ ਪੰਜਾਬ ਵਿੱਚ 16 ਹਜ਼ਾਰ ਦੇ ਕਰੀਬ ਪਲੇਅ-ਵੇ ਸਕੂਲਾਂ ਵਿੱਚੋਂ ਸਿਰਫ਼ 300 ਪਲੇਅ-ਵੇ ਸਕੂਲਾਂ ਵੱਲੋਂ ਹੀ ਹੁਣ ਤੱਕ ਰਜਿਸਟਰੇਸ਼ਨ ਕਰਵਾਈ ਗਈ ਹੈ।
ਹਾਲਾਂਕਿ ਸਰਕਾਰ ਕੋਲ ਸਖ਼ਤੀ ਕਰਨ ਲਈ ਫਿਲਹਾਲ ਕੋਈ ਕਾਨੂੰਨ ਨਹੀਂ ਹੈ ਪਰ ਇਸ ਤਰ੍ਹਾਂ ਦਾ ਸਖ਼ਤ ਕਾਨੂੰਨ ਤਿਆਰ ਕਰਨ ਲਈ ਸਰਕਾਰ ਵਿਚਾਰ ਵੀ ਕਰ ਰਹੀ ਹੈ। ਇਸ ਲਈ ਜਲਦ ਹੀ ਸਾਰੇ ਪਲੇਅ-ਵੇ ਸਕੂਲਾਂ ਨੂੰ ਰਜਿਸਟਰੇਸ਼ਨ ਕਰਵਾਉਣੀ ਪਏਗੀ ਅਤੇ ਉਹਨਾਂ ਦੀ ਸਹੂਲਤ ਲਈ ਆਨਲਾਇਨ ਰਜਿਸਟਰੇਸ਼ਨ ਪੋਰਟਲ ਨੂੰ ਵੀ ਲਾਂਚ ਕਰ ਦਿੱਤਾ ਗਿਆ ਹੈ।
ਇਹ ਖ਼ੁਲਾਸਾ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿਖੇ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੋਟੇ ਬੱਚਿਆ ਦੀ ਸੁਰੱਖਿਆ ਸਬੰਧੀ ਕਾਫ਼ੀ ਜ਼ਿਆਦਾ ਚਿੰਤਤ ਹੈ ਅਤੇ ਕਿਸੇ ਵੀ ਤਰ੍ਹਾਂ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਪਲੇਅ-ਵੇ ਸਕੂਲ ਸੰਚਾਲਕਾਂ ਨੂੰ ਅੱਗੇ ਆ ਕੇ ਇਸ ਕੰਮ ਨੂੰ ਮੁਕੰਮਲ ਕਰਨਾ ਪਏਗਾ।
Punjab News
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਸਾਰੇ ਪਲੇਅ-ਵੇਅ ਸਕੂਲਾਂ ਸਮੇਤ ਛੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੇ ਨਿੱਜੀ ਸਕੂਲਾਂ ਨੂੰ ਇਸ ਪੋਰਟਲ ’ਤੇ ਰਜਿਸਟਰੇਸ਼ਨ ਕਰਨੀ ਲਾਜ਼ਮੀ ਹੋਵੇਗੀ।
ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਛੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੱਕੋ ਤਰ੍ਹਾਂ ਦਾ ਪਾਠਕ੍ਰਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਆਂਗਣਵਾੜੀ ਕੇਂਦਰਾਂ, ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ।
Read Also : ਔਰਤਾਂ ਨੂੰ 1 ਹਜ਼ਾਰ ਦੀ ਜਗ੍ਹਾ 1100 ਰੁਪਏ ਦੇਣ ਦੀ ਇਸ ਤਰ੍ਹਾਂ ਕੀਤੀ ਜਾ ਰਹੀ ਐ ਤਿਆਰੀ!
ਨਿੱਕੀ ਉਮਰ ਦੇ ਬੱਚਿਆਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦਰਸਾਉਂਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇੱਕ ਬੱਚੇ ਦਾ ਲਗਭਗ 90 ਫੀਸਦੀ ਦਿਮਾਗੀ ਵਿਕਾਸ 0-6 ਸਾਲ ਦੀ ਉਮਰ ਦੌਰਾਨ ਹੁੰਦਾ ਹੈ। ਇਸ ਲਈ ਇਸ ਅਹਿਮ ਸਮੇਂ ਦੌਰਾਨ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਸਹੀ ਪੋਸ਼ਣ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।













