Orbit Company Bus: ਵਾਲ-ਵਾਲ ਬਚੀਆਂ ਦਰਜ਼ਨਾਂ ਸਵਾਰੀਆਂ
Orbit Company Bus: ਸੰਗਰੂਰ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਔਰਬਿਟ ਕੰਪਨੀ ਦੀ ਇੱਕ ਬੱਸ ਨੂੰ ਚੰਨੋਂ ਪਿੰਡ ਤੋਂ ਪਹਿਲਾਂ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿੱਚ ਲਗਭਗ 40 ਸਵਾਰੀਆਂ ਸਫਰ ਕਰ ਰਹੀਆਂ ਸਨ, ਜਿਨ੍ਹਾਂ ਦੀ ਜਾਨ ਬੱਸ ਚਾਲਕ ਦੀ ਸੂਝ-ਬੂਝ ਨਾਲ ਬਚ ਗਈ।
ਅੱਗ ਦੀ ਘਟਨਾ ਦਾ ਸਮੇਂ ਰਹਿੰਦੇ ਪਤਾ ਲੱਗਣ ਕਾਰਨ ਸਾਰੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਲੱਗੀ ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਗਈ ਸੀ। ਜਾਣਕਾਰੀ ਅਨੁਸਾਰ ਉਕਤ ਬੱਸ ਦੇ ਚਾਲਕ ਨੇ ਪਿੰਡ ਚੰਨੋ ਨੇੜੇ ਚੱਲਦੀ ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਅਤੇ ਕਿਸੇ ਚੀਜ਼ ਦੇ ਸੜਨ ਦੀ ਬਦਬੂ ਮਹਿਸੂਸ ਕੀਤੀ। Orbit Company Bus
Read Also : ਨੋਇਡਾ ’ਚ ਸਭ ਤੋਂ ਵੱਡੀ ਸਾਈਬਰ ਧੋਖਾਧੜੀ… ਪੜ੍ਹੋ ਪੂਰੀ ਖਬਰ
ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਬੱਸ ਦੇ ਪਿਛਲੇ ਪਾਸੇ ਰੱਖੇ ਇੰਜਣ ਤੇ ਏਸੀ ਵਾਲੇ ਕੈਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਸਬੰਧੀ ਪਤਾ ਲੱਗਣ ’ਤੇ ਬੱਸ ਡਰਾਇਵਰ ਸਮੇਤ ਬੱਸ ’ਚ ਮੌਜ਼ੂਦ ਚਾਲਕ ਦਲ ਦੇ ਹੋਰ ਮੈਂਬਰਾਂ ਨੇ ਹਾਈਵੇਅ ’ਤੇ ਸਥਿਤ ਇੱਕ ਢਾਬੇ ਦੇ ਨੇੜੇ ਸੁਰੱਖਿਅਤ, ਖੁੱਲ੍ਹੇ ਖੇਤਰ ਵਿੱਚ ਬੱਸ ਨੂੰ ਰੋਕਿਆ ਤੇ ਤੁਰੰਤ ਸਵਾਰੀਆਂ ਨੂੰ ਬੱਸ ’ਚੋਂ ਉਤਰਨ ਲਈ ਆਖਿਆ। ਮੌਕੇ ’ਤੇ ਹੋਰ ਲੋਕਾਂ ਦੀ ਮਦਦ ਨਾਲ ਬੱਸ ਦੇ ਕੈਬਿਨ ’ਚ ਪਏ ਯਾਤਰੀਆਂ ਦਾ ਸਾਮਾਨ ਵੀ ਕੱਢਿਆ ਗਿਆ।
ਕੁਝ ਹੀ ਮਿੰਟਾਂ ਵਿੱਚ ਅੱਗ ਹੋਰ ਭੜਕ ਗਈ, ਜਿਸਨੇ ਲਗਭਗ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬੱਸ ਦੇ ਸਾਰੇ ਮੁਸਾਫਿਰ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਨਹੀਂ ਤਾਂ ਵੱਡੀ ਅਣਹੋਣੀ ਵਾਪਰਨੀ ਸੀ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਬੱਸ ਦੇ ਏਸੀ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਅੱਗ ਦੀ ਘਟਨਾ ਸਾਹਮਣੇ ਆਈ। ਸੂਚਨਾ ਮਿਲਣ ’ਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਉਪਰ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।














