(ਜਸਵੀਰ ਸਿੰਘ ਗਹਿਲ/ਸਾਹਿਲ ਅਗਰਵਾਲ) ਲੁਧਿਆਣਾ। ਪਾਣੀ ਦੇ ਵਧੇ ਪੱਧਰ ਕਾਰਨ ਪ੍ਰਸ਼ਾਸਨ ਦੁਆਰਾ ਬੁੱਢੇ ਨਾਲੇ ਉੱਪਰ ਤਾਜਪੁਰ ਰੋਡ ’ਤੇ ਪੈਂਦੇ ਕੁੱਝ ਰਸਤਿਆਂ ਨੂੰ ਪਿਛਲੇ ਦਿਨੀ ਬੰਦ ਕਰ ਦਿੱਤਾ ਗਿਆ ਸੀ। ਇੰਨਾਂ ਵਿੱਚੋਂ ਕੁੱਝ ਰਸਤਿਆਂ ਨੂੰ ਦਰੁਸਤ ਕਰਨ ਪਿੱਛੋਂ ਅੱਜ ਲੋਕਾਂ ਦੇ ਆਉਣ- ਜਾਣ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਜਦਕਿ ਕੁੱਝ ਹਾਲੇ ਵੀ ਨਾਜੁਕ ਸਥਿਤੀ ਦੇ ਮੱਦੇਨਜ਼ਰ ਬੰਦ ਰੱਖੇ ਗਏ ਹਨ। (Buddha Nala)
ਪ੍ਰਾਪਤ ਜਾਣਕਾਰੀ ਮੁਤਾਬਕ ਤਾਜਪੁਰ ਰੋਡ ’ਤੇ ਬੁੱਢੇ ਨਾਲੇ ਉੱਪਰ ਰਾਧਾ ਸੁਆਮੀ ਸਤਿਸੰਗ ਘਰ ਅਤੇ ਦੂਸਰੀ ਪੁਨੀਤ ਨਗਰ ’ਚ ਪੈਂਦੀ ਪੁਲੀਆਂ ਨੂੰ ਸਥਿਤੀ ਦੇ ਮੱਦੇਨਜ਼ਰ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੁਆਰਾ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੰਦ ਕੀਤੇ ਗਏ ਰਸਤਿਆਂ ਦੀ ਬਜਾਇ ਬਦਲਵੇਂ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ।
ਇਸ ਤੋਂ ਇਲਾਵਾ ਗੁਰੂ ਨਾਨਕ ਨਗਰ ’ਚ ਬੁੱਢੇ ਦਰਿਆ ’ਦੇ ਪੈਂਦੀ ਪੁਲੀ ਨੂੰ ਲੋਕਾਂ ਦੇ ਆਉਣ- ਜਾਣ ਲਈ ਖੋਲ੍ਹ ਦਿੱਤਾ ਗਿਆ ਹੈ। ਇੱਥੇ ਪੁਲੀ ਦੇ ਕਿਨਾਰੇ ਪਏ ਪਾੜ ਨੂੰ ਹਲਕਾ ਉੱਤਰੀ ਲੁਧਿਆਣਾ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤੇ ਬਲਾਕ ਸੰਮਤੀ ਮੈਂਬਰ ਭਾਮੀਆਂ ਕਲਾਂ ਸੁਰਿੰਦਰ ਸਿੰਘ ਗਰੇਵਾਲ ਸਮੇਤ ਮੁਹੱਲਾ ਨਿਵਾਸੀਆਂ ਦੁਆਰਾ ਰੇਤ ਦੀਆਂ ਭਰੀਆਂ ਬੋਰੀਆਂ ਲਗਵਾ ਕੇ ਪਾੜ ਨੂੰ ਪੂਰ ਕੇ ਚਾਲੂ ਕਰ ਦਿੱਤਾ ਗਿਆ ਹੈ। ਜਿਸ ਕਾਰਨ ਬੁੱਢੇ ਦਰਿਆ ਕਿਨਾਰੇ ਵਸੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਘਟਿਆ ਪਾਣੀ ਦਾ ਪੱਧਰ, ਨੇੜਲੇ ਪਿੰਡਾਂ ਦੇ ਲੋਕਾਂ ਨੇ ਮਨਾਇਆ ਸ਼ੁਕਰ
ਦੱਸ ਦਈਏ ਕਿ ਬੁੱਢੇ ਦਰਿਆ ’ਚ ਪਾਣੀ ਦਾ ਪੱਧਰ ਘੱਟਣ ਦੀ ਬਜਾਇ ਵੱਧਦਾ ਦਿਖਾਈ ਦੇ ਰਿਹਾ ਹੈ। ਜਿਸ ਦੇ ਸੰਕੇਤ ਲੰਘੇ ਕੱਲ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੁਆਰਾ ਵੀ ਦਿੱਤੇ ਗਏ ਸਨ। ਕਿ ਅਗਲੇ ਕੁੱਝ ਦਿਨਾਂ ’ਚ ਬੁੱਢੇ ਦਰਿਆ ’ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਹਾਲਾਤ ਫ਼ਿਲਹਾਲ ਠੀਕ ਹਨ। ਜੇਕਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਸਥਿਤੀ ਘਾਤਕ ਸਾਬਤ ਹੋ ਸਕਦੀ ਹੈ। ਰਵੀ ਕੁਮਾਰ ਭਾਮੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਗੁਰੂ ਨਾਨਕ ਨਗਰ ਪੁਲੀ ਦੇ ਖੁੱਲਣ ਨਾਲ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਗਿਆ ਹੈ। ਕਿਉਂਕਿ ਦੂਸਰੇ ਰਸਤੇ ਪੁਲੀ ਦੇ ਸਾਹਮਣੇ ਪਹੁੰਚਣ ਵਾਲਿਆਂ ਨੂੰ ਕਈ ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ। ਉਨਾਂ ਦੱਸਿਆ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੰਦ ਰਸਤਿਆਂ ਰਾਹੀ ਆਉਣਾ-ਜਾਣਾ ਬੰਦ ਕੀਤਾ ਹੋਇਆ ਹੈ। ਬਾਵਜੂਦ ਇਸਦੇ ਲੋਕ ਬੰਦ ਪੁਲੀਆਂ ਉੱਪਰੋਂ ਦੀ ਆ ਜਾ ਰਹੇ ਹਨ।