ਖੇਤੀ ‘ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ

ਖੇਤੀ ‘ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ

ਅਕਸਰ ਕਿਸਾਨਾਂ ਬਾਰੇ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਅਜੋਕੇ ਦੌਰ ਵਿੱਚ ਕਿਨ੍ਹਾਂ ਪ੍ਰੇਸ਼ਾਨੀਆਂ  ਵਿਚੋਂ ਗੁਜ਼ਰ ਰਿਹਾ ਰੋਜ਼ ਕਿਤੇ ਨਾ ਕਿਤੇ ਕੋਈ ਭਰਾ ਖੁਕਕੁਸ਼ੀ ਕਰ ਲੈਂਦਾ ਹੈ ਕਿਸਾਨ ਭਰਾਵੋ! ਜੇਕਰ ਅਸੀਂ ਕਰਜ਼ਿਆਂ ਤੋਂ ਮੁਕਤੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਹੋਵੇ ਤਾਂ ਸਾਨੂੰ ਆਪਣੀਆਂ ਫਸਲਾਂ ਵਿੱਚ ਬਦਲਾਅ ਕਰਨਾ ਹੀ ਪਵੇਗਾ ਸਾਡੀ ਹਾਲਾਤ ਭੇਡਾਂ ਵਾਲੀ ਹੋ ਚੁੱਕੀ ਹੈ ਜਿੱਧਰ ਨੂੰ ਇੱਕ ਚੱਲਿਆ ਅਸੀਂ ਸਾਰੇ ਨਫਾ-ਨੁਕਸਾਨ ਦੇਖੇ ਬਿਨਾਂ ਉਸ ਵੱਲ ਸਿੱਧੇ ਹੋ ਜਾਂਦੇ ਹਾਂ ਤੇ ਕਿਤੇ ਨਾ ਕਿਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਨੁਕਸਾਨ ਕਰ ਬੈਠਦੇ ਹਾਂ । ਮੈਂ ਤੁਹਾਡੇ ਨਾਲ  ਅਜ ਇਹੋ-ਜਿਹੀਆਂ ਕੁੱਝ ਗੱਲਾਂ ਸਾਂਝੀਆਂ ਕਰਾਂਗਾ ਜਿਸ ਨਾਲ ਸਾਡੇ ਸਿਰ ਤੋਂ ਕਰਜ਼ਿਆਂ ਦਾ ਭਾਰ ਹੌਲਾ ਹੋ ਸਕਦਾ ਹੈ।

ਵਿਦੇਸ਼ਾਂ ਵਿੱਚ ਕਿਸਾਨ ਕਿਉਂ ਹਨ ਖੁਸ਼ਹਾਲ?

ਅਕਸਰ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਜੋ ਕਿਸਾਨ ਹਨ ਉਹ ਬਹੁਤ ਹੀ ਖੁਸ਼ਹਾਲ ਹਨ ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਹੈ?ਕਿ ਉਹ ਸਾਡੇ ਵਾਂਗ ਇੱਕ ਜਾਂ ਦੋ ਫਸਲਾਂ ਦੇ ਸਿਰ ‘ਤੇ ਨਹੀਂ ਰਹਿੰਦੇ ਅਗਰ ਉਨ੍ਹਾਂ ਕੋਲ 5 ਜਾਂ 50 ਏਕੜ ਜ਼ਮੀਨ ਹੈ ਤਾਂ ਉਹ ਆਪਣੀ ਜ਼ਮੀਨ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਲਗਾਉਂਦਾ ਹੈ । ਪਰ ਸਾਡਾ ਹਾਲ ਇਹੋ-ਜਿਹਾ ਹੋ ਚੁੱਕਾ ਹੈ ਕਿ ਜੇ ਇੱਕ ਨੇ ਝੋਨਾ ਲਾਇਆ ਤਾਂ ਅਸੀਂ ਸਾਰਾ ਝੋਨਾ ਹੀ ਲਾ ਦਿੰਦੇ ਹਾਂ ਜੇ ਇੱਕ ਨੇ ਕਣਕ ਬੀਜੀ ਹੈ ਤਾਂ ਅਸੀਂ ਸਾਰੇ ਕਣਕ ਦੁਆਲੇ ਹੀ ਹੋ ਜਾਂਦੇ ਹਾਂ । ਜੇ ਕਿਤੇ ਇੱਕ ਹਿੱਸੇ ਵਿੱਚ ਗੰਨੇ ਦੀ ਕਾਸ਼ਤਕਾਰ ਹੋ ਰਹੀ ਹੈ ਤਾਂ ਉੱਥੋਂ ਦੇ ਸਾਰੇ ਕਿਸਾਨ ਗੰਨੇ ਦੁਆਲੇ ਹੀ ਹੋ ਜਾਂਦੇ ਹਨ। ਸਾਨੂੰ ਕੁਝ ਰੈਗੂਲਰ ਫਸਲਾਂ ਤੋਂ ਧਿਆਨ ਹਟਾ ਕੇ ਦਰੱਖਤ ਜਾਂ ਬਾਗਬਾਨੀ ਵੱਲ ਵੀ ਧਿਆਨ ਦੇਣਾ ਪਵੇਗਾ

ਅਕਸਰ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮਿਆਂ ਵਿੱਚ ਕਿਸਾਨ ਭਰਾ ਆਪਣੇ ਖੇਤਾਂ ਵਿੱਚ ਦਰੱਖਤ ਜ਼ਰੂਰ ਲਾਉਂਦੇ ਸਨ ਬੇਸ਼ੱਕ ਖੇਤਾਂ ਦੇ ਬੰਨ੍ਹਿਆਂ ‘ਤੇ ਹੀ ਕਿਉਂ ਨਾ ਲਾਉਣ । ਕਿਉਂਕਿ ਅਕਸਰ ਜਦੋਂ ਵੀ ਘਰ ਵਿੱਚ ਉੱਨੀ-ਇੱਕੀ ਹੁੰਦੀ ਤਾਂ ਅਸੀਂ ਆਪਣੇ ਦਰੱਖਤ ਵਢਾ ਕੇ ਵੇਚ ਕੇ ਆਪਣਾ ਟਾਈਮ ਸਾਰ ਲੈਂਦੇ ਸੀ। ਪਰ ਅੱਜ ਅਸੀਂ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਚੁੱਕੇ ਹਾਂ ਅੱਜ ਕਿਸਾਨ ਭਰਾਵਾਂ ਨੇ ਦਰੱਖਤ ਤਾਂ ਕੀ  ਲਾਉਣੇ ਖੇਤਾਂ ਦੇ ਬੰਨ੍ਹਿਆਂ ‘ਤੇ ਰਾਊਂਡਅਪ ਦਾ ਛਿੜਕਾਅ ਹੀ ਇੰਨਾ ਕਰਦੇ ਹਨ ਕਿ ਘਾਹ ਤੱਕ ਨਹੀਂ ਹੋਣ ਦਿੰਦੇ ।

ਪਰ ਇਸ ਗੱਲੋਂ ਦੋਆਬਾ ਅਜੇ ਵੀ ਵਧਾਈ ਦਾ ਪਾਤਰ ਹੈ ਕਿ ਕਿਤੇ ਨਾ ਕਿਤੇ ਦਰੱਖਤ ਜਾਂ ਬਾਗਬਾਨੀ ਵੱਲ ਜਰੂਰ ਧਿਆਨ ਦੇ ਰਿਹਾ ਹੈ ਅਤੇ ਇੱਕ ਗੱਲ ਹੋਰ ਖਾਸ ਧਿਆਨ ਦੇਣ ਵਾਲੀ ਅਸੀਂ ਬਹੁਤ ਘੱਟ ਸੁਣਿਆ ਹੋਵੇਗਾ ਕਿ ਦੁਆਬੇ ਦਾ ਕੋਈ ਕਿਸਾਨ ਭਰਾ ਜਿਸ ਨੇ ਖੁਦਕੁਸ਼ੀ ਕੀਤੀ ਹੋਵੇ। ਕਿਸਾਨ ਭਰਾਵੋ! ਸਾਡੇ ਕੋਲ ਅਜੇ ਵੀ ਸਮਾਂ ਹੈ ਜੇ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ਅਸੀਂ ਆਪਣੇ ਨਾਲ-ਨਾਲ ਆਪਣੀਆਂ ਜ਼ਮੀਨਾਂ ਵੀ ਕੈਮੀਕਲ ਪਾ-ਪਾ ਕੇ ਖਰਾਬ ਕਰ ਚੁੱਕੇ ਹਾਂ ।

ਸਾਂਗਵਾਨ ਇੱਕ ਬਹੁਤ ਵਧੀਆ ਹੱਲ ਹੈ

ਅਕਸਰ ਅਸੀਂ ਆਪਣੇ ਮਨ ਵਿੱਚ ਕਈ ਅਜਿਹੀਆਂ ਧਾਰਨਾਵਾਂ ਲੈ ਕੇ ਬੈਠ ਜਾਂਦੇ ਹਾਂ ਕਿ ਜਿਸ ਦਾ ਅਜੋਕੇ ਯੁੱਗ ਵਿੱਚ ਕੋਈ ਤੁੱਕ ਨਹੀਂ ਹੈ । ਕਿਸਾਨ ਭਰਾਵੋ! ਸਾਂਗਵਾਨ ਬਾਰੇ ਵੀ ਸਾਡੇ ਮਨ ਵਿੱਚ ਅਜਿਹੀਆਂ ਹੀ ਧਾਰਨਾਵਾਂ ਹਨ ਕਿ ਇਹ ਸਾਡੀਆਂ ਜ਼ਮੀਨਾਂ ਵਿੱਚ ਨਹੀਂ ਹੁੰਦਾ ਜਾਂ ਇਸ ਨੂੰ ਤਿਆਰ ਹੋਣ ਵਾਸਤੇ ਚਾਲ੍ਹੀ ਤੋਂ ਪੰਜਾਹ ਸਾਲ ਲੱਗ ਜਾਂਦੇ ਨੇ ਕਿਸਾਨ ਭਰਾਵੋ!  ਇੱਕ ਗੱਲ ਤਾਂ ਯਾਦ ਹੋਵੇਗੀ ਕਿ ਜਦੋਂ ਸ਼ੁਰੂਆਤੀ ਦੌਰ ਵਿੱਚ ਪਾਪੂਲਰ ਆਇਆ ਸੀ ਤਾਂ ਬਹੁਤ ਸਾਰੇ ਕਿਸਾਨਾਂ ਨੇ ਇਸ ਨੂੰ ਨਕਾਰ ਦਿੱਤਾ ਸੀ ਕਿ ਇਹ ਲੱਕੜ ਬਹੁਤ ਪੋਲੀ ਹੁੰਦੀ ਹੈ ਜਾਂ ਸਾਡੀਆਂ ਬਾਕੀ ਫ਼ਸਲਾਂ ਜੋ ਹਨ ਅਗਰ ਪਾਪੂਲਰ ਲਾ ਲਈਏ ਤਾਂ ਖ਼ਰਾਬ ਹੋ ਜਾਣਗੀਆਂ ਪਰ ਕਿਸਾਨ ਭਰਾਵੋ

ਇੱਕ ਗੱਲ ਯਾਦ ਰੱਖੋ ਜਿਨ੍ਹਾਂ ਨੇ ਉਸ ਸਮੇਂ ਪਾਪੂਲਰ ਦੀ ਖੇਤੀ ਕੀਤੀ ਉਨ੍ਹਾਂ ਕਿਸਾਨ ਭਰਾਵਾਂ ਨੇ ਬਹੁਤ ਸਾਰਾ ਪੈਸਾ ਕਮਾਇਆ ਅਤੇ ਬੱਚਿਆਂ ਨੂੰ ਵੀ ਵਧੀਆ ਸੈੱਟ ਕੀਤਾ । ਅੱਜ ਸਾਂਗਵਾਨ ਵੀ ਉਸੇ ਦੌਰ ਵਿੱਚੋਂ ਲੰਘ ਰਿਹਾ ਹੈ ਸੋਚਣਾ ਅਸੀਂ ਹੈ ਕਿ ਅਸੀਂ ਖੁਦ ਕਮਾਈ ਕਰਨੀ ਹੈ ਜਾਂ ਦੂਸਰਿਆਂ ਨੂੰ ਕਮਾਈ ਕਰਦੇ ਦੇਖਣਾ ਹੈ। ਇਹ ਗੱਲ ਸੋਚਣ ਵਾਲੀ ਹੈ ਕਿ ਜੇਕਰ 18 ਤੋਂ 20 ਸਾਲਾਂ ਵਿੱਚ ਹੋਣ ਵਾਲਾ ਸਫੈਦਾ 6 ਤੋਂ 7 ਸਾਲ ਵਿੱਚ ਤਿਆਰ ਹੋ ਸਕਦਾ ਹੈ ਤਾਂ ਸਾਂਗਵਾਨ ਕਿਉਂ ਨਹੀਂ ਹੋ ਸਕਦਾ। ਜੇਕਰ ਅਸੀਂ ਕੁਝ ਸਾਂਗਵਾਨ ਦੀ ਵਧੀਆ ਨਸਲ ਆਪਣੇ ਖੇਤਾਂ ਵਿੱਚ ਲਾਉਂਦੇ ਹਾਂ ਜਿਵੇਂ ਰੈੱਡ ਬਰਮਾ ਟੀਕ (ਲਾਲ ਸਾਂਗਵਾਨ) ਇਹ 9 ਤੋਂ 10 ਸਾਲ ਵਿੱਚ ਆਰਾਮ ਨਾਲ ਤਿਆਰ ਹੋ ਜਾਂਦਾ ਹੈ ।

ਇਸ ਦੀ ਬਾਜ਼ਾਰ ਵਿੱਚ ਕੀਮਤ ਵੀ ਬਹੁਤ ਹੈ ਕਿਉਂਕਿ ਇਸ ਦੀ ਵਰਤੋਂ ਬਹੁਤ ਜਗ੍ਹਾ ‘ਤੇ ਹੁੰਦੀ ਹੈ ਜਿੱਥੇ ਬਾਕੀ ਲੱਕੜ ਸਾਨੂੰ ਆਸਾਨੀ ਨਾਲ ਮਿਲਦੀ ਹੈ ਲਾਲ ਸਾਂਗਵਾਨ ਸਾਨੂੰ ਅਕਸਰ ਆਰਡਰ ‘ਤੇ ਮੰਗਵਾਉਣਾ ਪੈਂਦਾ ਹੈ ਜਿਸ ਕਰਕੇ ਇਸ ਦੀ ਕੀਮਤ 3000 ਤੋਂ 4000 ਰੁਪਏ ਪ੍ਰਤੀ ਕਿਊਬਿਕ ਫੁੱਟ ਹੁੰਦੀ ਹੈ, ਅਤੇ ਇੱਕ ਰੁੱਖ ਵਿੱਚੋਂ ਪੰਦਰਾਂ ਕਿਊਬਿਕ ਫੁੱਟ ਲੱਕੜ ਨਿੱਕਲ ਜਾਂਦੀ ਹੈ । ਕਿਸਾਨ ਭਰਾਵਾਂ ਨੂੰ ਇਸ ਪਾਸੇ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ।

ਪਿੰਕ ਗੁਆਵਾ (ਲਾਲ ਇਲਾਹਾਬਾਦੀ) ਅਮਰੂਦ ਦੀ ਕਾਸ਼ਤ

ਜੇਕਰ ਅਸੀਂ ਬਾਗਬਾਨੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵਧੀਆ ਬਦਲ ਲਾਲ ਇਲਾਹਾਬਾਦੀ ਅਮਰੂਦ ਹੈ ਇਸ ਦੀ ਕੀਮਤ ਵੀ ਬਾਜ਼ਾਰ ਵਿੱਚ ਬਹੁਤ ਵਧੀਆ ਪੈ ਜਾਂਦੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ 100 ਤੋਂ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਾਰਕੀਟ ਵਿੱਚ ਵਿਕਦਾ ਹੈ ਜੇਕਰ ਅਸੀਂ ਇਸ ਦੀ ਅੱਧੀ ਕੀਮਤ ਵੀ ਲਾ ਕੇ ਚੱਲੀਏ ਤਾਂ ਅਸੀਂ ਪ੍ਰਤੀ ਏਕੜ ਲੱਖਾਂ ਰੁਪਏ ਮੁਨਾਫਾ ਲੈ ਸਕਦੇ ਹਾਂ ਕਿਸਾਨ ਭਰਾਵੋ! ਅਸੀਂ ਦੇਖਦੇ ਹਾਂ ਤੇ ਬਾਜ਼ਾਰ ਵਿੱਚ ਜੋ ਜੂਸ ਵੀ ਅਮਰੂਦ ਦਾ ਮਿਲਦਾ ਹੈ

ਉਹ ਵੀ ਲਾਲ ਅਮਰੂਦ ਤੋਂ ਤਿਆਰ ਕੀਤਾ ਹੁੰਦਾ ਹੈ ਅਤੇ ਉਸ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਬਾਕੀ ਫਸਲਾਂ ਵਾਂਗ ਸਾਨੂੰ ਹਰ ਸਾਲ ਇਸ ‘ਤੇ ਵਾਰ-ਵਾਰ ਖਰਚਾ ਨਹੀਂ ਕਰਨਾ ਪੈਂਦਾ ਅਸੀਂ ਇੱਕ ਵਾਰੀ ਇਸ ‘ਤੇ ਖਰਚਾ ਕਰਦੇ ਹਾਂ ਤੇ ਤਕਰੀਬਨ 12 ਤੋਂ 15 ਸਾਲ ਇਸ ਤੋਂ ਆਰਾਮ ਨਾਲ ਕਮਾਈ ਕਰ ਸਕਦੇ ਹਾਂ ਇਹ ਫ਼ਸਲ ਸਾਨੂੰ ਸਾਲ ਵਿੱਚ ਦੋ ਵਾਰ ਫਲ ਦੇ ਕੇ ਜਾਂਦੀ ਹੈ ਅਤੇ ਇਸ ਦਾ ਮੰਡੀਕਰਨ ਵੀ ਬਹੁਤ ਆਸਾਨ ਹੈ ਸੋ ਕਿਸਾਨ ਭਰਾਵੋ! ਸਾਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਅਨਾਰ ਦੀ ਖੇਤੀ ਵੀ ਲਾਹੇਵੰਦ ਹੈ

ਅਮਰੂਦ ਤੋਂ ਇਲਾਵਾ ਅਸੀਂ ਅਨਾਰ ਦੀ ਖੇਤੀ ਵੀ ਕਰ ਸਕਦੇ ਹਾਂ ਇਸ ਦੀ ਵਧੀਆ ਨਸਲ ਪ੍ਰਤੀ ਪੌਦਾ 30 ਤੋਂ 40 ਕਿੱਲੋ ਤੱਕ ਦਾ ਅਸਾਨੀ ਨਾਲ ਝਾੜ ਦੇ ਜਾਂਦੀ ਹੈ। ਅਨਾਰ ਦੀ ਡਿਮਾਂਡ ਵੀ ਮਾਰਕੀਟ ਵਿੱਚ ਲਗਾਤਾਰ ਬਣੀ ਰਹਿੰਦੀ ਹੈ ਤੇ ਉਹ ਫਰੂਟ ਹੈ ਜੋ ਡਾਕਟਰਾਂ ਵੱਲੋਂ ਵੀ ਖਾਣ ਵਾਸਤੇ ਦੱਸਿਆ ਜਾਂਦਾ ਹੈ ਅਤੇ ਇਸ ਦੇ ਜੂਸ ਦੀ ਵੀ ਮਾਰਕੀਟ ਵਿੱਚ ਬਹੁਤ ਡਿਮਾਂਡ ਰਹਿੰਦੀ ਹੈ ਜੇਕਰ ਅਸੀਂ ਇਸ ਦੀ ਵੀ ਕੋਈ ਵਧੀਆ ਨਸਲ ਲਾਉਂਦੇ ਹਾਂ ਤਾਂ ਉਸ ਤੋਂ ਸਾਲਾਨਾ ਲੱਖਾਂ ਰੁਪਇਆ ਕਮਾ ਸਕਦੇ ਹਾਂ ਅਤੇ ਇਨ੍ਹਾਂ ਨੂੰ ਲਾਉਣ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਸਾਲਾਨਾ ਕੋਈ ਨਾ ਕੋਈ ਕੁਦਰਤੀ ਮਾਰ ਪੈ ਜਾਂਦੀ ਹੈ ਜਿਸ ਕਾਰਨ ਸਾਡੀਆਂ ਫਸਲਾਂ ਖੜ੍ਹੀਆਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਕਾਰਨ ਕਿਸਾਨ ਭਰਾ ਕਰਜੇ ਦੀ ਮਾਰ ਹੇਠਾਂ ਦੱਬੇ ਰਹਿੰਦੇ ਹਨ ਕਿਸਾਨ ਭਰਾਵੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ

ਜੇਕਰ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਥੋੜ੍ਹਾ-ਥੋੜ੍ਹਾ ਬਦਲਵੀਆਂ ਫ਼ਸਲਾਂ ਲਾਵਾਂਗੇ ਤਾਂ ਸਾਡੀਆਂ ਬਾਕੀ ਫ਼ਸਲਾਂ ਦਾ ਵੀ ਮੁੱਲ ਵਧੀਆ ਪੈ ਜਾਵੇਗਾ ਪਰ ਅਸੀਂ ਨਹੀਂ ਮੰਨਦੇ, ਹਮੇਸ਼ਾ ਦੂਜਿਆਂ ਨੂੰ ਸਲਾਹ ਦੇਣੀ ਚੰਗੀ ਸਮਝਦੇ ਹਾਂ ਅਤੇ ਜਦੋਂ ਵੀ ਕੋਈ ਸਾਡਾ ਨੁਕਸਾਨ ਹੁੰਦਾ ਹੈ ਤਾਂ ਦੋਸ਼ ਅਸੀਂ ਦੂਜਿਆਂ ਸਿਰ ਮੜ੍ਹ ਦਿੰਦੇ ਹਾਂ। ਇਹ ਪਹਿਲ ਸਾਨੂੰ ਖੁਦ ਹੀ ਕਰਨੀ ਪਏਗੀ ਅਸੀਂ ਆਪਣਿਆਂ ਕਰਜ਼ਿਆਂ ਤੋਂ ਨਿਜਾਤ ਖੁਦਕੁਸ਼ੀ ਨਹੀਂ ਆਤਮ-ਨਿਰਭਰ ਬਣ ਕੇ ਪਾ ਸਕਦੇ ਹਾਂ ਅਤੇ ਉਸ ਦਾ ਇਹੋ ਹੱਲ ਹੈ ਕਿ ਅਸੀਂ ਵੱਧ ਤੋਂ ਵੱਧ ਦਰੱਖਤ ਲਾਈਏ ਬਾਗਬਾਨੀ ਨੂੰ ਅਪਣਾਈਏ ਇੱਕ ਗੱਲ ਹੋਰ ਭਰਾਵੋ! ਇਨ੍ਹਾਂ ਫਸਲਾਂ ‘ਤੇ ਤੁਹਾਨੂੰ  ਜ਼ਿਆਦਾ ਕੈਮੀਕਲ ਛਿੜਕਣ ਦੀ ਵੀ ਲੋੜ ਨਹੀਂ

ਜਿਸ ਨਾਲ ਤੁਹਾਡੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਕਿਸਾਨ ਭਰਾਵੋ! ਜੇਕਰ ਅਸੀਂ ਖੁਦ ਆਪਣੇ-ਆਪ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਖੁਦ ਹੀ ਅੱਗੇ ਆਉਣਾ ਪਵੇਗਾ ਅਸੀਂ ਸਰਕਾਰਾਂ ਦੇ ਭਰੋਸੇ ਨਾ ਰਹੀਏ  ਤੇ ਫੈਸਲਾ ਸਾਡੇ ਆਪਣੇ ਹੱਥ ਵਿੱਚ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਜੋ ਵਿਦੇਸ਼ਾਂ ਵਿੱਚ ਵੱਸਦੇ ਕਿਸਾਨ ਹਨ ਉਨ੍ਹਾਂ ਵਾਂਗ ਮਜ਼ਬੂਤ ਜਾਂ ਫਿਰ ਉਹੀ ਬਦਹਾਲੀ ਵਾਲੀ ਜਿੰਦਗੀ ਜਿਊਣਾ ਚਾਹੁੰਦੇ ਹੋ, ਫੈਸਲਾ ਤੁਹਾਡੇ ਹੱਥ ਵਿੱਚ ਹੈ।
ਗੁਰਮੁੱਖ ਸਿੰਘ
ਮੋ. 99144-11551

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ