ਕਿਸਾਨਾਂ ਲਈ ਲਾਹੇਵੰਦ ਹੈ ਪਿਆਜ ਅਤੇ ਆਲੂ ਦੀ ਖੇਤੀ

onione

ਕਿਸਾਨਾਂ ਲਈ ਲਾਹੇਵੰਦ ਹੈ ਪਿਆਜ ਅਤੇ ਆਲੂ ਦੀ ਖੇਤੀ (Onion and Potato )

ਸਮੇਂ ਦੇ ਬਦਲਣ ਦੇ ਨਾਲ-ਨਾਲ ਕਿਸਾਨਾਂ ਨੇ ਵੀ ਕਣਕ ਅਤੇ ਝੋਨੇ ਦੇ ਨਾਲ ਖੇਤੀ ਦਾ ਕੁਝ ਹਿੱਸਾ ਆਲੂ, ਪਿਆਜ, ਗੋਭੀ, ਪਾਲਕ, ਲਸਣ, ਗਾਜਰ, ਮੂਲੀ ਅਤੇ ਹਰੀਆਂ ਸਬਜ਼ੀਆਂ ਲਈ ਰੱਖ ਕੇ ਵਪਾਰਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਆਲੂ ਅਤੇ ਪਿਆਜ ਦੀ ਅਗੇਤੀ ਖੇਤੀ ਕਿਸਾਨਾਂ ਲਈ ਵਰਦਾਨ ਸਾਬਤ ਹੁੰਦੀ ਹੈ। ਅਗੇਤਾ ਬੀਜਿਆ ਆਲੂ ਅਕਤੂਬਰ-ਨਵੰਬਰ ਵਿੱਚ ਵੀਹ ਤੋਂ ਪੱਚੀ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ, ਜਿਸ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਆਲੂ ਦੀ ਖੇਤੀ ਤੋਂ ਬਾਅਦ ਇਸੇ ਜ਼ਮੀਨ ਵਿੱਚ ਪਸ਼ੂਆਂ ਲਈ ਹਰਾ ਚਾਰਾ ਜਿਸ ਵਿੱਚ ਜਵੀ, ਬਰਸੀਨ ਜਾਂ ਸਰ੍ਹੋਂ ਬੀਜ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਹਰਾ ਪਿਆਜ਼ ਅੱਜ-ਕੱਲ੍ਹ ਹਰੇਕ ਪਰਿਵਾਰ ਦਾ ਮਨਪਸੰਦ ਹੈ। ਜਿਸ ਨੂੰ ਨਵੰਬਰ, ਦਸੰਬਰ ਵਿਚ ਚਟਨੀ, ਹਰੀਆਂ ਸਬਜ਼ੀਆਂ ਅਤੇ ਸਲਾਦ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਜਿਸ ਤੋਂ ਕਿਸਾਨ ਚੋਖੀ ਕਮਾਈ ਕਰ ਸਕਦਾ ਹੈ। (Onion and Potato )

ਬਿਨਾਂ ਰੇਹ-ਸਪਰੇਅ ਤੋਂ ਤਿਆਰ ਕੀਤੀ ਗੋਭੀ, ਪਾਲਕ, ਮੂਲੀ, ਗਾਜਰ ਅਤੇ ਹੋਰ ਹਰੀਆਂ ਸਬਜ਼ੀਆਂ ਦੀ ਕੀਮਤ ਵੀ ਬਾਜ਼ਾਰ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਪਰੰਤੂ ਇਹ ਮਿਹਨਤ ਦਾ ਕੰਮ ਹੈ ਜਿਸ ਲਈ ਰੂੜੀ ਦੀ ਖਾਦ, ਫ਼ਸਲ ਦੀ ਵਾਰ-ਵਾਰ ਗੁਡਾਈ ਕਰਨਾ, ਚੁੱਲ੍ਹੇ ਦੀ ਸਵਾਹ, ਹੱਥੀਂ ਤਿਆਰ ਕੀਤੀ ਖਾਦ ਦੀ ਵਰਤੋਂ ਲਾਹੇਵੰਦ ਸਾਬਤ ਹੁੰਦੀ ਹੈ। ਕਿਸਾਨ ਜਿੱਥੇ ਦੋ ਫਸਲਾਂ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਛੇ ਮਹੀਨਿਆਂ ਤੱਕ ਪੈਸੇ ਦਾ ਇੰਤਜ਼ਾਰ ਕਰਦਾ ਹੈ, ਉੱਥੇ ਸਬਜ਼ੀਆਂ ਦੀ ਖੇਤੀ ਕਿਸਾਨ ਲਈ ਰੋਜ਼ਾਨਾ ਘਰ ਪੈਸੇ ਲਿਆਉਣ ਦਾ ਇੱਕ ਸਾਧਨ ਬਣਦੀ ਹੈ।

ਕਿਸਾਨਾਂ ਲਈ ਲਾਹੇਵੰਦ ਹੈ ਪਿਆਜ ਅਤੇ ਆਲੂ ਦੀ ਖੇਤੀ

petato

ਤੁਸੀਂ ਅਕਸਰ ਕਿਸਾਨਾਂ ਨੂੰ ਸੜਕਾਂ ’ਤੇ ਆਪਣੀਆਂ ਜਮੀਨਾਂ ਦੇ ਸਾਹਮਣੇ ਬੈਠਿਆਂ ਸਬਜ਼ੀ ਵੇਚਦੇ ਵੇਖਿਆ ਹੋਵੇਗਾ ਜਿਸ ਦੇ ਦੋ ਫ਼ਾਇਦੇ ਹੁੰਦੇ ਹਨ ਇੱਕ ਤਾਂ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਆਪ ਕਰ ਸਕਦਾ ਹੈ ਅਤੇ ਦੂਸਰਾ ਸਬਜ਼ੀਆਂ ਤੋਂ ਪੈਸੇ ਕਮਾ ਕੇ ਆਪਣੇ ਬੱਚਿਆਂ ਦੀ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਸਕਦਾ ਹੈ। ਇਹ ਮਿਹਨਤ ਦਾ ਕੰਮ ਹੈ ਜਿਹੜਾ ਸਿਰੜੀ ਅਤੇ ਮਿਹਨਤੀ ਕਿਸਾਨਾਂ ਦੇ ਹਿੱਸੇ ਆਉਂਦਾ ਹੈ। ਮੰਡੀਆਂ ਵਿਚ ਸਬਜ਼ੀਆਂ ਦਾ ਉਹ ਮੁੱਲ ਨਹੀਂ ਮਿਲਦਾ ਜਿਹੜਾ ਮੁੱਲ ਕਿਸਾਨ ਆਪ ਵੇਚ ਕੇ ਪ੍ਰਾਪਤ ਕਰ ਸਕਦਾ ਹੈ। ਸਬਜ਼ੀਆਂ ਦੀ ਖੇਤੀ ਇੱਕ ਲਾਹੇਵੰਦ ਧੰਦਾ ਹੈ ਜਿਸ ਨਾਲ ਕਿਸਾਨ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾ ਸਕਦਾ ਹੈ। ਇਸ ਦੇ ਨਾਲ ਹੀ ਦੁੱਧ ਦਾ ਵਪਾਰ ਵੀ ਕਿਸਾਨ ਲਈ ਆਮਦਨ ਦਾ ਸਾਧਨ ਹੈ।

ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਲੂ ਅਤੇ ਪਿਆਜ ਦੀ ਖੇਤੀ ’ਤੇ ਘੱਟੋ-ਘੱਟ ਐੱਮ ਐੱਸ ਪੀ ਤੈਅ ਹੋਵੇ ਤਾਂ ਜੋ ਕਿਸਾਨਾਂ ਨੂੰ ਮਿਹਨਤ ਨਾਲ ਤਿਆਰ ਕੀਤੀ ਸਬਜ਼ੀ ਨੂੰ ਕੌਡੀਆਂ ਦੇ ਭਾਅ ਨਾ ਵੇਚਣਾ ਪਵੇ। ਇਸ ਨਾਲ ਕਿਸਾਨਾਂ ਦੀ ਆਤਮਹੱਤਿਆ ਦੀ ਦਰ ਘਟੇਗੀ ਅਤੇ ਕਿਸਾਨ ਹੋਰ ਖੁਸ਼ਹਾਲ ਹੋਵੇਗਾ।
ਅਮਨਦੀਪ ਸ਼ਰਮਾ,
ਗੁਰਨੇ ਕਲਾਂ, ਮਾਨਸਾ।
ਮੋ. 98760-74055

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ