ਐਸ.ਟੀ.ਐਫ. ਵੱਲੋਂ ਕੀਤੀ ਕਾਰਵਾਈ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਵਿੱਚ ਇੱਕ ਵਿਅਕਤੀ ਕੋਲੋਂ ਇੱਕ ਕਿੱਲੋ ਵੀਹ ਗ੍ਰਾਮ ਹੈਰੋਇਨ (heroin) ਫੜੀ ਗਈ ਹੈ ਜਿਸਦੀ ਅੰਤਰ ਰਾਸ਼ਟਰੀ ਬਾਜ਼ਾਰੀ ਕੀਮਤ 5 ਕਰੋੜ ਦੀ ਦੱਸੀ ਜਾ ਰਹੀ ਹੈ। ਇਹ ਹੈਰੋਇਨ ਦਿੱਲੀ ਤੋਂ ਨਾਈਜ਼ੀਰੀਅਨ ਵਿਅਕਤੀ ਤੋਂ ਲਿਆ ਕੇ ਵੇਚਣ ਲਈ ਜਾ ਰਿਹਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਐਸ.ਟੀ.ਐਫ. ਸੰਗਰੂਰ ਦੇ ਮੁਖੀ ਰਵਿੰਦਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹੈਰੋਇਨ ਲੈ ਕੇ ਸੰਗਰੂਰ ਆ ਰਹੇ ਹਨ ਜਿਹੜੇ ਇਸ ਨੂੰ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਬੱਸ ਸਟੈਂਡ ਭਲਵਾਨ ਕੋਲ ਚੈਕਿੰਗ ਤੇਜ਼ ਕਰ ਦਿੱਤੀ।
ਭੱਲਾ ਨੇ ਦੱÎਿਸਆ ਕਿ ਐਸ.ਟੀ.ਐਫ਼ ਦੀ ਟੀਮ ਟੀ ਪੁਆਇੰਟ ਪਿੰਡ ਸਮੁੰਦਗੜ ਛੰਨਾ, ਛੀਂਟਾਵਾਲਾ ਬਾਗੜੀਆਂ ਰੋਡ ‘ਤੇ ਪਿੰਡ ਛੀਂਟਾਵਾਲਾ ਵੱਲੋਂ ਇੱਕ ਸਵਿਫਟ ਕਾਰ ਆਉਂਦੀ ਦਿਸੀ ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਕਾਰ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੁਰਤੀ ਨਾਲ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਚਾਲਕ ਹਰਮਿੰਦਰ ਸਿੰਘ ਦੇ ਲੱਕ ਨਾਲ ਬੰਨ੍ਹੇ ਪਰਨੇ ਵਿੱਚ ਮੋਮੀ ਕਾਗਜ਼ ਵਿੱਚ ਲਪੇਟੀ ਇੱਕ ਕਿੱਲੋ ਵੀਹ ਗ੍ਰਾਮ ਹੈਰੋਇਨ ਬਰਾਮਦ ਹੋਈ। ਕਥਿਤ ਦੋਸ਼ੀ ਦੀ ਪਛਾਣ ਹਰਮਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਭਾਦਸੋਂ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਮੁਢਲੀ ਪੁੱਛਗਿੱਛ ਤੇ ਇਹ ਖੁਲਾਸਾ ਹੋਇਆ ਕਿ ਇਹ ਹੈਰੋਇਨ ਉਹ ਦੋ ਹੋਰ ਵਿਅਕਤੀਆਂ ਨਾਲ ਰਲ ਕੇ ਦਿੱਲੀ ਤੋਂ ਕਿਸੇ ਨਾਈਜ਼ੀਰੀਅਨ ਤੋਂ ਲੈ ਕੇ ਆਏ ਸਨ। ਇਸ ਦੇ ਬਾਕੀ ਦੋਵੇਂ ਸਾਥੀਆਂ ਰਾਹੁਲ ਸਿੰਘ ਉਰਫ਼ ਬੱਬੂ ਪੁੱਤਰ ਪਾਲਾ ਸਿੰਘ ਵਾਸੀ ਭਾਦਸੋਂ, ਸੁਖਦੇਵ ਸਿੰਘ ਉਰਫ਼ ਸੁੱਖੀ ਪੁੱਤਰ ਪ੍ਰੇਮ ਸਿੰਘ ਵਾਸੀ ਰੋਹਟੀ ਛੰਨਾ ਥਾਣਾ ਨਾਭਾ ਦੀ ਪਛਾਣ ਵੀ ਹੋਈ। ਉਨ੍ਹਾਂ ਦੱਸਿਆ ਕਿ ਸੁੱਖੀ ਤੇ ਰਾਹੁਲ ਆਪਣੀ ਵੱਖਰੀ ਕਾਰ ਵਿੱਚ ਅਤੇ ਹਰਮਿੰਦਰ ਸਿੰਘ ਆਪਣੀ ਵੱਖਰੀ ਕਾਰ ਵਿੱਚ ਸਵਾਰ ਹੋ ਕੇ ਦਿੱਲੀ ਗਏ ਸਨ ਅਤੇ ਇਹ ਦੋਵੇਂ ਹਰਮਿੰਦਰ ਦੀ ਕਾਰ ਤੋਂ ਕਰੀਬ 4-5 ਕਿੱਲੋਮੀਟਰ ਦੀ ਵਿੱਥ ਤੇ ਚੱਲ ਰਹੇ ਸਨ ਅਤੇ ਰੈਕੀ ਕਰਦੇ ਸਨ।
ਭੱਲਾ ਨੇ ਦੱਸਿਆ ਕਿ ਇਨਾਂ ਦੋਵਾਂ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ਼ ਐਸ.ਟੀ.ਐਫ. ਮੁਹਾਲੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹ ਨਸ਼ਾ ਕਿਸ ਨੂੰ ਸਪਲਾਈ ਕਰਨਾ ਸੀ, ਇਸ ਬਾਰੇ ਵੀ ਪੜਤਾਲ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।