ਖ਼ਬਰ ਮੀਡੀਆ ‘ਚ ਆਉਣ ਤੋਂ ਬਾਅਦ ਕਰ ਦਿੱਤਾ ਕਤਲ
ਮਲੋਟ, (ਮਨੋਜ/ਮੇਵਾ ਸਿੰਘ)। ਸਾਢੇ ਚਾਰ ਮਹੀਨੇ ਦੇ ਬੱਚੇ ਨੂੰ ਅਗਵਾਹ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ.ਡੀ. ਗੁਰਮੇਲ ਸਿੰਘ ਅਤੇ ਮਲੋਟ ਦੇ ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਅਗਵਾ ਹੋਏ ਸਾਢੇ ਚਾਰ ਮਹੀਨੇ ਦੇ ਬੱਚੇ ਨੂੰ ਮੁਲਜ਼ਮਾਂ ਨੇ ਕਤਲ ਕਰਕੇ ਨਹਿਰ ਵਿਚ ਸੁੱਟ ਦਿੱਤਾ। ਇਸ ਦਾ ਖੁਲਾਸਾ ਪੁਲਿਸ ਕੋਲ ਇਸ ਮਾਮਲੇ ਲਈ ਜਿੰਮੇਵਾਰ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ ਮਾਇਆ ਦੇਵੀ ਨੂੰ ਮੁਖਬਰ ਤੋਂ ਮਿਲੀ ਇਤਲਾਹ ਦੇ ਅਧਾਰ ਤੇ 7 ਜੁਲਾਈ ਨੂੰ ਅਗਵਾ ਹੋਏ ਸਾਢੇ ਚਾਰ ਮਹੀਨੇ ਦੇ ਬੱਚੇ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਗੁਰਦੀਪ ਸਿੰਘ ਉਰਫ ਰਾਣਾ ਪੁੱਤਰ ਬਲਵੀਰ ਸਿੰਘ ਵਾਸੀ ਪੱਕਾ ਸੀਡ ਫਾਰਮ, ਅਬੋਹਰ ਹਾਲ ਵਾਸੀ ਸੰਤ ਨਗਰ ਮਲੋਟ ਅਤੇ ਹਰਮੰਦਰ ਸਿੰਘ ਨਿੱਕਾ ਪੁੱਤਰ ਵਜੀਰ ਸਿੰਘ ਵਾਸੀ ਵਾਰਡ ਨੰਬਰ 26 ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੂੰ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਘਟਨਾ ਵਾਲੀ ਰਾਤ ਬੱਚੇ ਨੂੰ ਚੁੱਕਿਆ ਸੀ ਅਤੇ ਉਹਨਾਂ ਦਾ ਮਕਸਦ ਲੜਕੇ ਨੂੰ ਵੇਚ ਕੇ ਪੈਸੇ ਵੱਟਣ ਦਾ ਸੀ। ਪਰ ਇਸ ਸਬੰਧੀ ਅਖਬਾਰਾਂ ਵਿਚ ਖਬਰਾਂ ਛਪਣ ‘ਤੇ ਖਰੀਦਦਾਰ ਨਾ ਮਿਲਣ ਤੋਂ ਬਾਅਦ ਉਨ੍ਹਾਂ ਬੱਚੇ ਨੂੰ ਕਤਲ ਕਰਕੇ ਇੱਕ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਅਰੋਪੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਹੈ ਅਤੇ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੇ ਦੋਸ਼ੀਆਂ ਵਿਰੁੱਧ ਪਹਿਲਾਂ ਦਰਜ ਕੀਤੇ ਅਗਵਾ ਦੇ ਮਾਮਲੇ ਨਾਲ ਕਤਲ ਦੀ ਧਾਰਾ ਜੋੜੀ ਜਾ ਰਹੀ ਹੈ। ਇਸ ਮੌਕੇ ਐਸ. ਐਚ.ਓ. ਅਮਨਦੀਪ ਸਿੰਘ ਬਰਾੜ ਸਮੇਤ ਅਧਿਕਾਰੀ ਮੌਜ਼ੂਦ ਸਨ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਵਿਚ ਦੋਸ਼ੀਆਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਵਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।