ਕੇਂਦਰ ਵੱਲੋਂ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਬਠਿੰਡਾ, (ਅਸ਼ੋਕ ਵਰਮਾ) ਕਿਤਾਬਾਂ ਦੇ ਬੋਝ ਹੇਠ ਦੱਬੇ ਸਕੂਲੀ ਬੱਚਿਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਬਸਤੇ ਦਾ ਬੋਝ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੀਆਂ ਮਿਤੀ 5 ਅਕਤੂਬਰ 2018 ਦੀਆਂ ਹਦਾਇਤਾਂ ਦੇ ਅਧਾਰ ‘ਤੇ ਕੇਂਦਰੀ ਸਕੱਤਰ (ਸਿੱਖਿਆ) ਨੇ ਸਮੂਹ ਰਾਜਾਂ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਪੱਤਰ ਜਾਰੀ ਕਰਕੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਇਨ੍ਹਾਂ ‘ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਬਸਤੇ ਦਾ ਬੋਝ ਤੈਅ ਕੀਤਾ ਗਿਆ ਹੈ।
ਹਾਲਾਂਕਿ ਦੋ ਵਰ੍ਹੇ ਪਹਿਲਾਂ ਸੀਬੀਐੱਸਈ ਨੇ ਵੀ ਸਕੂਲਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਉਹ ਪਾਠ ਪੁਸਤਕਾਂ ਦੀ ਗਿਣਤੀ ਨੂੰ ਸਕੂਲੀ ਬਸਤੇ ‘ਚੋਂ ਘੱਟ ਕਰਨ ਇਨ੍ਹਾਂ ਹਦਾਇਤਾਂ ਦਾ ਜਦੋਂ ਕੋਈ ਅਸਰ ਨਹੀਂ ਹੋਇਆ ਤਾਂ ਹੁਣ ਇੱਕ ਵਾਰ ਫਿਰ ਤੋਂ ਕੇਂਦਰੀ ਮੰਤਰਾਲੇ ਨੂੰ ਐਕਸ਼ਨ ਮੋਡ ‘ਚ ਆਉਣਾ ਪਿਆ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਪਹਿਲੀ ਤੇ ਦੂਸਰੀ ਜਮਾਤ ਦੇ ਬੱਚੇ ਲਈ ਪਾਠ ਪੁਸਤਕਾਂ ਦਾ ਬੋਝ ਡੇਢ ਕਿੱਲੋ ਤੈਅ ਕੀਤਾ ਗਿਆ ਹੈ ਇਨ੍ਹਾਂ ਦੋਵਾਂ ਜਮਾਤਾਂ ਨੂੰ ਹੋਮਵਰਕ ਦੀ ਵੀ ਮਨਾਹੀ ਕੀਤੀ ਗਈ ਹੈ ਦੋਵਾਂ ਕਲਾਸਾਂ ਨੂੰ ਭਾਸ਼ਾ ਤੇ ਹਿਸਾਬ ਤੋਂ ਬਗੈਰ ਕੋਈ ਫਾਲਤੂ ਵਿਸ਼ਾ ਨਹੀਂ ਲਗਾ ਸਕਣਗੇ।
ਤੀਸਰੀ ਤੋਂ ਪੰਜਵੀਂ ਤੱਕ ਬੱਚਿਆਂ ਨੂੰ ਐਨਸੀਈਆਰਟੀ ਦੀਆਂ ਪੁਸਤਕਾਂ ਹੀ ਲਾਈਆਂ ਜਾਣਗੀਆਂ ਇਸੇ ਤਰ੍ਹਾਂ ਹੀ ਤੀਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਬਸਤੇ ਦਾ ਕੁੱਲ ਬੋਝ ਦੋ ਕਿੱਲੋ ਤਿੰਨ ਸੌ ਗਰਾਮ ਮਿਥਿਆ ਗਿਆ ਹੈ ਜਦੋਂਕਿ ਛੇਵੀਂ ਤੇ ਸੱਤਵੀਂ ਜਮਾਤ ਲਈ ਇਹ ਸੀਮਾ 4 ਕਿੱਲੋ ਰੱਖੀ ਗਈ ਹੈ ਅੱਠਵੀਂ ਤੇ ਨੌਵੀਂ ਕਲਾਸ ਦਾ ਵਿਦਿਆਰਥੀਆਂ ਲਈ ਸਾਢੇ ਚਾਰ ਕਿੱਲੋ ਤੇ ਦਸਵੀਂ ਕਲਾਸ ਦੇ ਵਿਦਿਆਰਥੀ ਦੇ ਬਸਤੇ ਦੇ ਬੋਝ ਪੰਜ ਕਿੱਲੋ ਤੱਕ ਤੈਅ ਕੀਤਾ ਗਿਆ ਹੈ ਪੱਤਰ ਅਨੁਸਾਰ ਬਸਤੇ ‘ਤੇ ਬੋਝ ਪਾਉਣ ਵਾਲੀ ਕੋਈ ਵੀ ਕਿਤਾਬ ਜਾਂ ਵੱਖਰਾ ਸਿਲੇਬਸ ਵੀ ਮਨ੍ਹਾ ਕੀਤਾ ਗਿਆ ਹੈ ਓਧਰ ਬਠਿੰਡਾ ਖਿੱਤੇ ਵਿਚਲੇ ਸਰਕਾਰੀ ਸਕੂਲਾਂ ‘ਚ ਤੈਅ ਭਾਰ ਤੋਂ ਕਿਤੇ ਵੱਧ ਬੋਝ ਬੱਚਿਆਂ ਨੂੰ ਚੁੱਕਣਾ ਪੈ ਰਿਹਾ ਹੈ ਅਤੇ ਪ੍ਰਾਈਵੇਟ ਸਕੂਲਾਂ ਦਾ ਬੋਝ ਹੋਰ ਵੀ ਜ਼ਿਆਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ‘ਚ ਪੜ੍ਹਦੇ ਪਹਿਲੀ ਤੋਂ ਤੀਜੀ ਜਮਾਤ ਦੇ ਬੱਚਿਆਂ ਦੇ ਬਸਤੇ ਦਾ ਭਾਰ 3 ਕਿੱਲੋ ਤੋਂ ਜ਼ਿਆਦਾ ਹੁੰਦਾ ਹੈ ਜਦੋਂ ਕਿ ਸੀਬੀਐੱਸਈ ਸਕੂਲਾਂ ਦੇ ਇਨ੍ਹਾਂ ਕਲਾਸਾਂ ਦੇ ਬੱਚੇ ਬਸਤੇ ਦਾ ਭਾਰ ਤਾਂ 5 ਕਿੱਲੋ ਤੱਕ ਢੋਂਹਦੇ ਹਨ ਤੀਸਰੀ ਤੋਂ ਪੰਜਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਬਸਤੇ ਦਾ ਭਾਰ 5 ਤੋਂ 6 ਕਿੱਲੋ ਤੱਕ ਤੇ ਸੈਂਟਰਲ ਬੋਰਡ ਦੇ ਸਕੂਲਾਂ ਦੇ ਇਨ੍ਹਾਂ ਜਮਾਤਾਂ ਦੇ ਬੱਚਿਆਂ ਦੇ ਬਸਤੇ ਦਾ ਭਾਰ ਤਾਂ 8 ਕਿੱਲੋ ਤੱਕ ਹੁੰਦਾ ਹੈ ਸਰਕਾਰੀ ਸਕੂਲਾਂ ‘ਚ ਅੱਠਵੀਂ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਦੇ ਬਸਤੇ ਦਾ ਭਾਰ 7 ਤੋਂ 8 ਕਿੱਲੋ ਤੱਕ ਚਲਾ ਜਾਂਦਾ ਹੈ ਬਠਿੰਡਾ ਖਿੱਤੇ ਦੇ ਕਈ ਮਾਪਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਹਦਾਇਤਾਂ ਪਹਿਲਾਂ ਵੀ ਜਾਰੀ ਹੋਈਆਂ ਸਨ ਪਰ ਬਠਿੰਡਾ ਦੇ ਸਮੂਹ ਸਕੂਲ ਇਨ੍ਹਾਂ ਆਦੇਸ਼ਾਂ ਨੂੰ ਟਿੱਚ ਜਾਣਦੇ ਹਨ ਉਨ੍ਹਾਂ ਕਿਹਾ ਵਿਦੇਸ਼ਾਂ ਵਾਂਗ ਬਸਤਾ ਤਾਂ ਹੋਣਾ ਹੀ ਨਹੀਂ ਚਾਹੀਦਾ ਸਗੋਂ ਸਕੂਲਾਂ ‘ਚ ਹੀ ਬੱਚਿਆਂ ਨੂੰ ਪੂਰਾ ਕੰਮ ਕਰਵਾਉਣਾ ਚਾਹੀਦਾ ਹੈ।
ਨਵੀਂਆਂ ਤਕਨੀਕਾਂ ਦੀ ਵਰਤੋਂ ਹੋਵੇ: ਪੇਰੈਂਟਸ ਐਸੋਸੀਏਸ਼ਨ
ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਇੰਟਰਨੈਟ ਦੀ ਆਮਦ ਨਾਲ ਕਈ ਤਰ੍ਹਾਂ ਦੀਆਂ ਤਕਨੀਕੀ ਤਬਦੀਲੀਆਂ ਆਈਆਂ ਹਨ ਜਿਨ੍ਹਾਂ ਨੂੰ ਬਸਤੇ ਦਾ ਭਾਰ ਘੱਟ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਤਾਂ ਘੱਟ ਤੋਂ ਘੱਟ ਪੁਸਤਕਾਂ ਲਵਾਕੇ ਰੌਚਕ ਤਰੀਕਿਆਂ ਨਾਲ ਪੜ੍ਹਾਇਆ ਜਾਵੇ ਤਾਂ ਜੋ ਬੱਚੇ ਤਣਾਅ ਮੁਕਤ ਰਹਿ ਸਕਣ ਉਨ੍ਹਾਂ ਕਿਹਾ ਕਿ ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਬਕਾਇਦਾ ਸਾਰੇ ਸਕੂਲਾਂ ਨੂੰ ਹਦਾਇਤ ਜਾਰੀ ਕੀਤੀ ਹੋਈ ਹੈ ਜਿਸ ਨੂੰ ਸਕੂਲ ਲਾਗੂ ਨਹੀਂ ਕਰ ਰਹੇ ਹਨ।
ਹਦਾਇਤਾਂ ਲਾਗੂ ਕਰਾਂਗੇ : ਖੁਰਾਣਾ
ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਵਿਨੋਦ ਖੁਰਾਣਾ ਦਾ ਕਹਿਣਾ ਸੀ ਕਿ ਕੇਂਦਰੀ ਹਦਾਇਤਾਂ ਦੇ ਆਧਾਰ ‘ਤੇ ਸੀਬੀਐੱਸਈ ਵੱਲੋਂ ਜੋ ਵੀ ਨਿਰਦੇਸ਼ ਆਉਣਗੇ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵੱਲੋਂ ਇੰਨ-ਬਿੰਨ ਲਾਗੂ ਕੀਤਾ ਜਾਏਗਾ।