ਕਿਸਾਨ ਅੰਦੋਲਨ ’ਤੇ ਕੈਪਟਨ ਬੋਲੇ, ਕਿਸਾਨ ਅੰਦੋਲਨ ਜਾਰੀ ਰੱਖਣ ਦਾ ਹੁਣ ਕੋਈ ਮਤਲਬ ਨਹੀਂ

Sports University

10 ਦਿਨਾਂ ਬਾਅਦ ਸੰਸਦ ਸੈਸ਼ਨ ’ਚ ਰੱਦ ਹੋ ਜਾਣਗੇ ਖੇਤੀ ਕਾਨੂੰਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਰੰਟ ਫੁੱਟ ’ਤੇ ਆ ਗਏ ਹਨ ਪਹਿਲੀ ਵਾਰ ਉਨ੍ਹਾਂ ਕਿਸਾਨ ਅੰਦੋਲਨ ਜਾਰੀ ਰੱਖਣ ਦਾ ਵਿਰੋਧ ਕੀਤਾ। ਅਮਰਿੰਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫ਼ੀ ਮੰਗ ਲਈ ਹੈ।

ਨੈਸ਼ਨਲ ਅਪੀਲ ਵੀ ਕਰ ਦਿੱਤੀ ਹੈ 10 ਦਿਨਾਂ ਬਾਅਦ ਸੰਸਦ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਹੁਣ ਕਿਸਾਨ ਅੰਦੋਲਨ ਲਈ ਉੱਥੇ ਕਿਉ ਬੈਠੇ ਹੋਏ ਹਨ ਅਮਰਿੰਦਰ ਨੇ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕਿਸਾਨ ਆਗੂਆਂ ਨੇ ਹੋਰ ਵੀ ਮੰਗਾਂ ਰੱਖ ਦਿੱਤੀਆ ਹਨ, ਜਿਨ੍ਹਾਂ ਨੂੰ ਪੂਰਾ ਕਰਨ ਤੱਕ ਅੰਦੋਲਨ ਖਤਮ ਨਾ ਕਰਨ ਦੀ ਗੱਲ ਕਹੀ ਹੈ। ਕੈਪਟਨ ਹੁਣ ਤੱਕ ਕਿਸਾਨ ਅੰਦੋਲਨ ਦੀ ਹਮਾਇਤ ’ਚ ਖੜੇ ਰਹੇ ਹਨ। ਉਨ੍ਹਾਂ ਨੇ ਪੰਜਾਬ ’ਚ ਆਪਣਾ ਸਿਆਸੀ ਭਵਿੱਖ ਵੀ ਇਸ ਨਾਲ ਜੋੜ ਲਿਆ ਸੀ। ਹੁਣ ਪੀਐੱਮ ਮੋਦੀ ਨੇ ਕਾਨੂੰਨ ਵਾਪਸੀ ਦਾ ਐਲਾਨ ਕਰ ਦਿੱਤਾ ਹੈ ਤਾਂ ਅਮਰਿੰਦਰ ਸਿੰਘ ਅੰਦੋਲਨ ਜਾਰੀ ਰੱਖਣ ਦੇ ਹੱਕ ’ਚ ਨਹੀਂ ਹਨ। ਕੈਪਟਨ ਨੇ ਕਿਹਾ ਕਿ 10 ਦਿਨਾਂ ਬਾਅਦ 29 ਨਵੰਬਰ ਨੂੰ ਸੰਸਦ ਸੈਸ਼ਨ ਹੋਵੇਗਾ ਇਸ ਦੇ ਲਈ ਬਿੱਲ ਲਿਆਂਦਾ ਜਾਵੇਗਾ ਤੇ ਕਾਨੂੰਨ ਵਾਪਸ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਕਾਫ਼ੀ ਲੰਮਾ ਸੰਘਰਸ਼ ਕਰਨਾ ਪਿਆ ਇਸ ਦੌਰਾਨ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਕਈ ਗੇੜ ਦੀਆਂ ਮੀਟਿੰਗਾਂ ਵੀ ਹੋਈਆਂ ਪਰ ਕਿਸੇ ਵੀ ਮੀਟਿੰਗ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਬਣੀ ਤੇ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਸੀ ਆਖਰ ਮੋਦੀ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਇਸ ਅੰਦੋਲਨ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਜਿਸ ਦਾ ਹਰ ਇੱਕ ਵਰਗ ਨੇ ਸਵਾਗਤ ਕੀਤਾ ਹੈ।

ਕਿਸਾਨਾਂ ਅੱਗੇ ਝੁਕੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ

ਕਿਸਾਨਾਂ ਅੱਗੇ ਝੁਕੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿੱਚ ਵੱਡਾ ਐਲਾਨ ਕਰਦੇ ਹੋਏ ਤਿੰਨੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਅਚਨਚੇਤ ਫੈਸਲੇ ਤੋਂ ਹਰ ਕੋਈ ਹੈਰਾਨ ਹੈ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕਿਹਾ ਕਿ ਅੱਜ ਦੇਵ ਦੀਵਾਲੀ ਦਾ ਪਵਿੱਤਰ ਤਿਉਹਾਰ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ ਪਵਿੱਤਰ ਤਿਉਹਾਰ ਵੀ ਹੈ।

ਮੈਂ ਇਸ ਪਵਿੱਤਰ ਤਿਉਹਾਰ ‘ਤੇ ਦੁਨੀਆ ਦੇ ਸਾਰੇ ਲੋਕਾਂ ਅਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪਣੇ ਪੰਜ ਦਹਾਕਿਆਂ ਦੇ ਜਨਤਕ ਜੀਵਨ ਵਿੱਚ ਮੈਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਮਹਿਸੂਸ ਕੀਤਾ ਹੈ। ਜਦੋਂ ਦੇਸ਼ ਨੇ ਮੈਨੂੰ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਖੇਤੀਬਾੜੀ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜ ਦਹਾਕਿਆਂ ਦੇ ਜੀਵਨ ਵਿੱਚ ਅਸੀਂ ਕਿਸਾਨਾਂ ਦੀਆਂ ਚੁਣੌਤੀਆਂ ਨੂੰ ਬਹੁਤ ਨੇੜਿਓਂ ਦੇਖਿਆ ਹੈ, ਜਦੋਂ ਦੇਸ਼ ਨੇ ਸਾਨੂੰ 2014 ਵਿੱਚ ਪ੍ਰਧਾਨ ਸੇਵਕ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਖੇਤੀਬਾੜੀ ਦੇ ਵਿਕਾਸ *ਤੇ ਕਿਸਾਨ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਦੇਸ਼ ਦੇ ਛੋਟੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਲਈ, ਅਸੀਂ ਬੀਜ, ਬੀਮਾ, ਬਾਜ਼ਾਰ ਅਤੇ ਬੱਚਤ ‘ਤੇ ਹਰ ਪਾਸੇ ਕੰਮ ਕੀਤਾ ਹੈ।

ਚੰਗੀ ਗੁਣਵੱਤਾ ਵਾਲੇ ਬੀਜਾਂ ਦੇ ਨਾਲ ਨਾਲ ਸਰਕਾਰ ਨੇ ਕਿਸਾਨਾਂ ਨੂੰ ਨਿੰਮ ਕੋਟੇਡ ਯੂਰੀਆ, ਸੋਇਲ ਹੈਲਥ ਕਾਰਡ, ਸੂਖਮ ਸਿੰਚਾਈ ਵਰਗੀਆਂ ਸਹੂਲਤਾਂ ਨਾਲ ਵੀ ਜੋੜਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਬਦਲੇ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਦਿਵਾਉਣ ਲਈ ਕਈ ਕਦਮ ਚੁੱਕੇ ਗਏ ਹਨ। ਦੇਸ਼ ਨੇ ਆਪਣੇ ਪੇਂਡੂ ਬਾਜ਼ਾਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕੀਤਾ ਹੈ। ਅਸੀਂ ਨਾ ਸਿਰਫ ਘੱਟੋ ਘੱਟ ਸਮਰਥਨ ਮੁੱਲ ਵਧਾਇਆ, ਸਗੋਂ ਰਿਕਾਰਡ ਸਰਕਾਰੀ ਖਰੀਦ ਕੇਂਦਰ ਵੀ ਬਣਾਏ। ਸਾਡੀ ਸਰਕਾਰ ਵੱਲੋਂ ਕੀਤੀ ਜਾ ਰਹੀ ਉਪਜ ਦੀ ਖਰੀਦ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਇਸ ਮਹਾਨ ਮੁਹਿੰਮ ਵਿੱਚ ਦੇਸ਼ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ। ਉਦੇਸ਼ ਇਹ ਸੀ ਕਿ ਦੇਸ਼ ਦੇ ਕਿਸਾਨਾਂ, ਖਾਸ ਕਰਕੇ ਛੋਟੇ ਕਿਸਾਨਾਂ ਨੂੰ ਹੋਰ ਤਾਕਤ ਮਿਲਣੀ ਚਾਹੀਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਮਿਲਣੀ ਚਾਹੀਦੀ ਹੈ ਅਤੇ ਉਪਜ ਵੇਚਣ ਦੇ ਵੱਧ ਤੋਂ ਵੱਧ ਵਿਕਲਪ ਮਿਲਣੇ ਚਾਹੀਦੇ ਹਨ। ਸਾਲਾਂ ਤੋਂ ਦੇਸ਼ ਦੇ ਕਿਸਾਨ, ਦੇਸ਼ ਦੇ ਖੇਤੀ ਮਾਹਿਰ, ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਮੰਗ ਕਰ ਰਹੀਆਂ ਸਨ। ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਇਸ ਬਾਰੇ ਸੋਚ ਚੁੱਕੀਆਂ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਅਰਥ ਸ਼ਾਸਤਰੀਆਂ, ਵਿਗਿਆਨੀਆਂ, ਅਗਾਂਹਵਧੂ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨਾਂ ਦੀ ਮਹੱਤਤਾ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੱਜ ਮੈਂ ਤੁਹਾਨੂੰ, ਪੂਰੇ ਦੇਸ਼ ਨੂੰ ਇਹ ਦੱਸਣ ਆਇਆ ਹਾਂ ਕਿ ਅਸੀਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਅਸੀਂ ਇਨ੍ਹਾਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਵਿਧਾਨਕ ਪ੍ਰਕਿਰਿਆ ਨੂੰ ਪੂਰਾ ਕਰਾਂਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਰਕਾਰ ਨੇ ਖੇਤੀਬਾੜੀ ਸੈਕਟਰ ਨਾਲ ਸਬੰਧਤ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਜ਼ੀਰੋ ਬਜਟ ਖੇਤੀ ਭਾਵ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ, ਦੇਸ਼ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨਕ ਢੰਗ ਨਾਲ ਫਸਲਾਂ ਦੇ ਪੈਟਰਨ ਨੂੰ ਬਦਲਣਾ। ਐਮਐਸਪੀ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਸਾਰੇ ਵਿਸ਼ਿਆਂ ‘ਤੇ ਫੈਸਲੇ ਲੈਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਮੇਟੀ ਵਿੱਚ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਕਿਸਾਨ, ਖੇਤੀ ਵਿਗਿਆਨੀ, ਖੇਤੀ ਅਰਥ ਸ਼ਾਸਤਰ ਦੇ ਨੁਮਾਇੰਦੇ ਸ਼ਾਮਲ ਹੋਣਗੇ।

ਪੀਐਮਓ ਨੇ ਟਵੀਟ ਕਰਕੇ ਕਿਹਾ, ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਬ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਚਾਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਯੂਪੀ ਦੇ ਮਹੋਬਾ ਜਾਣਗੇ। ਫਿਰ ਸ਼ਾਮ ਨੂੰ ਉਹ ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪੁਰਬ ਵਿੱਚ ਸ਼ਾਮਲ ਹੋਣਗੇ। ਰਵਾਨਾ ਹੋਣ ਤੋਂ ਪਹਿਲਾਂ ਉਹ ਸਵੇਰੇ 9 ਵਜੇ ਰਾਸ਼ਟਰ ਨੂੰ ਸੰਦੇਸ਼ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ