ਕਿਸਾਨ ਦਿਵਸ ਦੇ ਮਾਇਨੇ ਬਦਲੇ, ਵੱਡੀ ਗਿਣਤੀ ਲੋਕ ਇੱਕ ਸਮੇਂ ਦਾ ਨਹੀਂ ਖਾਣਗੇ ਖਾਣਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਜੰਗ ਨੇ ਇਸ ਵਾਰ ਕਿਸਾਨ ਦਿਵਸ ਦੇ ਮਾਇਨੇ ਬਦਲ ਦਿੱਤੇ ਹਨ। ਇਸ ਵਾਰ ਕਿਸਾਨਾਂ ਸਮੇਤ ਕਿਸਾਨ ਹਮਦਰਦਾਂ ਵੱਲੋਂ ਕਿਸਾਨ ਦਿਵਸ ਮੌਕੇ ਇੱਕ ਸਮੇਂ ਦਾ ਅੰਨ ਤਿਆਗ ਕੇ ਕੇਂਦਰ ਸਰਕਾਰ ਖਿਲਾਫ਼ ਆਪਣਾ ਰੋਸ ਵਿਅਕਤ ਕੀਤਾ ਜਾਵੇਗਾ। ਪੰਜਾਬ ਅੰਦਰ ਕਿਸਾਨਾਂ ਦੇ ਪਰਿਵਾਰਾਂ ਸਮੇਤ ਹੋਰ ਵਰਗਾਂ ਵੱਲੋਂ ਇੱਕ ਸਮੇਂ ਦੇ ਅੰਨ ਤਿਆਗਣ ਨੂੰ ਵੱਡੀ ਪੱਧਰ ਤੇ ਤਰਜੀਹ ਦਿੱਤੀ ਜਾਂ ਰਹੀ ਹੈ ਜੋ ਕਿ ਏਕੇ ਦੀ ਸਾਂਝ ਨੂੰ ਬਿਆਨ ਕਰ ਰਹੀ ਹੈ।
ਦੱਸਣਯੋਗ ਹੈ ਕਿ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 23 ਦਸੰਬਰ ਨੂੰ ਕਿਸਾਨ ਦਿਵਸ ਮੌਕੇ ਦੇਸ਼ ਭਰ ਦੇ ਕਿਸਾਨਾਂ ਅਤੇ ਹਮਾਇਤੀਆਂ ਨੂੰ ਕੇਂਦਰ ਵੱਲੋਂ ਰੋਲੀ ਜਾ ਰਹੀ ਕਿਸਾਨੀ ਦੇ ਹੱਕ ਵਿੱਚ ਇੱਕ ਸਮੇਂ ਦਾ ਖਾਣਾ ਤਿਆਗ ਕੇ ਆਪਣਾ ਰੋਸ ਜਿਤਾਉਣ ਦਾ ਸੱਦਾ ਦਿੱਤਾ ਗਿਆ ਹੈ। ਉਂਜ ਭਾਵੇਂ ਕਿ ਜ਼ਿਆਦਾਤਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਿਸਾਨੀ ਦਿਵਸ ਦਾ ਇਲਮ ਨਹੀਂ ਸੀ। ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਦਿਵਸ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਪੰਜਾਬ ਅੰਦਰ ਕਿਸਾਨੀ ਪਰਿਵਾਰਾਂ ਸਮੇਤ ਹੋਰ ਵਰਗਾਂ ਵੱਲੋਂ ਇੱਕ ਸਮੇਂ ਦਾ ਅੰਨ ਤਿਆਗਣ ਨੂੰ ਪਹਿਲ ਦਿੱਤੀ ਜਾ ਰਹੀ ਹੈ।
23 ਦਸੰਬਰ ਨੂੰ ਵੱਡੀ ਗਿਣਤੀ ਲੋਕ ਇੱਕ ਸਮੇਂ ਦਾ ਖਾਣਾ ਨਾ ਖਾਕੇ ਅੰਨਦਾਤਾ ਨਾਲ ਖੜਨਗੇ ਅਤੇ ਮੋਦੀ ਸਰਕਾਰ ਨੂੰ ਇਹ ਸੱਦਾ ਦੇਣਗੇ ਕਿ ਪੰਜਾਬ, ਹਰਿਆਣਾ ਤੋਂ ਇਲਾਵਾ ਸਾਰਾ ਦੇਸ਼ ਹੀ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੈ।
ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਆਪਣੀ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਹੋਈ ਹੈ ਅਤੇ ਕਿਸਾਨ ਦਿਵਸ ਮੌਕੇ ਵੱਡੀ ਗਿਣਤੀ ਲੋਕ ਅੰਨ ਤਿਆਗ ਕੇ ਕਿਸਾਨਾਂ ਦੇ ਹੱਕ ਵਿੱਚ ਏਕੇ ਅਤੇ ਭਾਈਚਾਰਕ ਸਾਂਝ ਦਾ ਸਬੂਤ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾ ਕਿਸਾਨ ਦਿਵਸ ਸਿਰਫ਼ ਜਥੇਬੰਦੀਆਂ ਦੇ ਕੁਝ ਆਗੂਆਂ ਤੱਕ ਸੀਮਤ ਸੀ ਜਦਕਿ ਇਸ ਵਾਰ ਕਿਸਾਨ ਦਿਵਸ ਬਾਰੇ ਬੱਚੇ ਬੱਚੇ ਨੂੰ ਪਤਾ ਲੱਗਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋਂ ਜਾਣਕਾਰੀ ਮਿਲ ਰਹੀ ਹੈ ਕਿ ਹਰੇਕ ਵਿਅਕਤੀ ਕਿਸਾਨ ਦਿਵਸ ਮੌਕੇ ਕਿਸਾਨਾਂ ਨਾਲ ਖੜ੍ਹਨ ਲਈ ਆਪਣਾ ਯੋਗਦਾਨ ਪਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.