
Punjab: ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਦਾਅਵਾ
Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਹੜ੍ਹ ਦਾ ਕਾਰਨ ਬਣਨ ਵਾਲੀਆਂ ਡਰੇਨਾਂ ਨੂੰ ਲੈ ਕੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵੱਡਾ ਦਾਅਵਾ ਕੀਤਾ ਹੈ ਕਿ ਇਸ ਵਾਰ ਡਰੇਨਾਂ ਦੀ ਸਫ਼ਾਈ ਕਾਗਜ਼ੀ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਕੀਤੀ ਗਈ ਹੈ ਤੇ ਸੂਬੇ ਦੀ ਹਰ ਡਰੇਨ ਨੂੰ ਸਾਫ਼ ਕਰ ਦਿੱਤਾ ਹੈ। ਜੇਕਰ ਕੋਈ ਵੀ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਡਰੇਨਾਂ ਦੀ ਸਫ਼ਾਈ ਨਹੀਂ ਹੋਈ ਤਾਂ ਉਸ ਇਲਾਕੇ ’ਚ ਕਾਗਜ਼ੀ ਕਾਰਵਾਈ ਕਰਨ ਵਾਲੇ ਅਧਿਕਾਰੀ ਨੂੰ ਹੀ ਟੰਗ ਦਿੱਤਾ ਜਾਏਗਾ।
ਸ੍ਰੀ ਗੋਇਲ ਨੇ ਆਖਿਆ ਪੰਜਾਬ ਅਤੇ ਖ਼ਾਸ ਕਰਕੇ ਜਲ ਸਰੋਤ ਵਿਭਾਗ ’ਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹ ਖ਼ੁਦ ਗਰੰਟੀ ਲੈਂਦੇ ਹਨ ਕਿ ਪੰਜਾਬ ’ਚ 100 ਫੀਸਦੀ ਜ਼ਮੀਨੀ ਪੱਧਰ ’ਤੇ ਹੀ ਕੰਮ ਹੋਇਆ ਹੈ, ਕਿਉਂਕਿ ਉਨ੍ਹਾਂ ਨੇ ਇਸ ਦੀ ਕਈ ਲੈਵਲ ’ਤੇ ਚੈਕਿੰਗ ਵੀ ਕਰਵਾਈ ਹੈ।
ਪੰਜਾਬ ’ਚ 4766 ਕਿਲੋਮੀਟਰ ਕੀਤੀ ਡਰੇਨਾਂ ਦੀ ਸਫ਼ਾਈ, 276 ਕਰੋੜ ਕੀਤੇ ਖ਼ਰਚ | Punjab
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ’ਚ 4766 ਕਿਲੋਮੀਟਰ ਡਰੇਨਾਂ ਦੀ ਸਫਾਈ ਜ਼ਮੀਨੀ ਪੱੱਧਰ ’ਤੇ ਕੀਤੀ ਗਈ ਹੈ ਤੇ ਇਸ ’ਤੇ 276 ਕਰੋੜ ਰੁਪਏ ਵੀ ਖ਼ਰਚ ਕੀਤੇ ਗਏ ਹਨ। ਇਸ ਵਾਰ ਵਿਭਾਗ ਵੱਲੋਂ ਆਪਣੀਆਂ ਮਸ਼ੀਨਾਂ ਵੀ ਖਰੀਦ ਕੇ ਉਨ੍ਹਾਂ ਦੀ ਵਰਤੋਂ ਕੀਤੀ ਗਈ ਹੈ
Read Also : ਪੁਲਿਸ ਕਰਮਚਾਰੀ ਬਣ ਕੇ ਦੁਕਾਨਦਾਰ ਨਾਲ ਮਾਰੀ ਪੰਜ ਹਜ਼ਾਰ ਦੀ ਠੱਗੀ, ਫੋਟੋ ਸੀਸੀਟੀਵੀ ’ਚ ਕੈਦ
ਊੁਨ੍ਹਾਂ ਕਿਹਾ ਕਿ ਕੁਦਰਤ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਆਪਣੀ ਤਿਆਰੀ ਕਰਨ ਦੇ ਨਾਲ ਹੀ ਹੜ੍ਹ ਵਰਗੀ ਹਰ ਸਥਿਤੀ ਨਾਲ ਨਜਿੱਠਣ ਲਈ ਵੀ ਤਿਆਰ ਹਾਂ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਹਾਲਾਤ ਦੇ ਦੌਰਾਨ ਜਿਹੜੇ ਸਾਜੋ ਸਾਮਾਨ ਦੀ ਲੋੜ ਪੈਂਦੀ ਹੈ, ਉਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। 10 ਹਜ਼ਾਰ ਦੇ ਕਰੀਬ ਜੰਬੋ ਥੈਲਿਆਂ ਦੀ ਖ਼ਰੀਦ ਕਰ ਲਈ ਗਈ ਹੈ ਤਾਂ ਕਿ ਜੇਕਰ ਕਿਸੇ ਨਹਿਰ ਦੇ ਟੁੱਟਣ ਦੀ ਖ਼ਬਰ ਆਏ ਤਾਂ ਉਸ ਦੀ ਤੁਰੰਤ ਮੁਰੰਮਤ ਕਰ ਦਿੱਤੀ ਜਾਵੇ ਤੇ ਆਮ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ’ਚ ਡਰੇਨਾਂ ਦੀ ਸਫ਼ਾਈ ਹੋਣ ਕਰਕੇ ਇਸ ਵਾਰ ਨੁਕਸਾਨ ਨਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਵਿਭਾਗ ਵੀ ਆਪਣੇ ਪੱਧਰ ’ਤੇ ਤਿਆਰ ਹੈ। ਉਨ੍ਹਾਂ ਇੱਕ ਵਾਰ ਫਿਰ ਤੋਂ ਕਿਹਾ ਕਿ ਪੰਜਾਬ ’ਚ ਡਰੇਨਾਂ ਦੀ ਸਫ਼ਾਈ ਦੌਰਾਨ ਜੇਕਰ ਕਿਤੇ ਵੀ ਭ੍ਰਿਸ਼ਟਾਚਾਰ ਹੋਇਆ ਜਾਂ ਫਿਰ ਸਫ਼ਾਈ ਸਿਰਫ਼ ਕਾਗਜ਼ਾਂ ’ਚ ਹੀ ਹੋਈ ਹੈ ਤਾਂ ਸਿੱਧੇ ਹੀ ਉਨ੍ਹਾਂ ਨੂੰ ਆਮ ਜਨਤਾ ਸ਼ਿਕਾਇਤ ਕਰ ਸਕਦੀ ਹੈ ਤੇ ਉਹ ਉਸ ਅਧਿਕਾਰੀ ਦੇ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰ ਦੇਣਗੇ।