ਭੈਣੀ ਸਾਹਿਬ (ਰਾਮ ਗੋਪਾਲ ਰਾਏਕੋਟੀ) | ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਮਹੱਤਵਪੂਰਨ ਕੜੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਉਨ੍ਹਾਂ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਇਆ ਜਾਵੇ। ਉਹ ਅੱਜ ਸਥਾਨਕ ਭੈਣੀ ਸਾਹਿਬ ਦਰਬਾਰ ਵਿਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰੱਖੇ ਗਏ ਵਿਸ਼ਾਲ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਣ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਵਿਸ਼ਵ ਦੇ ਪਹਿਲੇ ਨੀਤੀ-ਵੇਤਾ ਸਨ। ਦੇਸ਼ ਨੂੰ ਅੰਗਰੇਜ਼ਾਂ ਦੇ ਲੋਟੂ ਰਾਜ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਵੱਖ-ਵੱਖ ਧਰਮਾਂ, ਮਜ਼ਹਬਾਂ, ਵਰਗਾਂ ਅਤੇ ਪਾਰਟੀਆਂ ਨੇ ਆਪਣੇ-ਆਪਣੇ ਤੌਰ ‘ਤੇ ਉਪਰਾਲੇ ਕੀਤੇ ਪਰ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਨਾਮਧਾਰੀ ਭਾਈਚਾਰੇ ਵੱਲੋਂ ਪਾਇਆ ਗਿਆ ਯੋਗਦਾਨ ਅਤੇ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾ-ਮਿਸਾਲ ਹਨ।
ਉਨ੍ਹਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨ੍ਹਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ ‘ਤੇ ਚਲਦਿਆਂ ਅੰਗਰੇਜ਼ਾਂ ਦਾ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਸੁਖ-ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ-ਮਿਲਵਰਤਣ ਅੰਦੋਲਨ ਅਤੇ ਨਾ-ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਾ ਸੀ।
ਉਨ੍ਹਾਂ ਨਾਮਧਾਰੀ ਭਾਈਚਾਰੇ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਭਾਈਚਾਰੇ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ‘ਤੇ ਚਲਦੇ ਹੋਏ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਉਹ ਪਹੁੰਚ ਨਹੀਂ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਇਸ ਮੌਕੇ 1.25 ਲੱਖ ਸ੍ਰੀ ਆਖੰਡ ਪਾਠਾਂ ਦੇ ਭੋਗ ਵੀ ਪਾਏ ਗਏ। ਦੱਸਣਯੋਗ ਹੈ ਕਿ ਇਹ ਪਾਠਾਂ ਦੀ ਆਰੰਭਤਾ ਸਾਲ 1997 ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਵੱਲੋਂ ਕਰਵਾਈ ਗਈ ਸੀ। ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸ੍ਰ. ਸਵਰਨ ਸਿੰਘ ਵਿਰਕ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਰਕੇਸ਼ ਪਾਂਡੇ, ਨਵਤੇਜ ਸਿੰਘ ਚੀਮਾ, ਦਰਸ਼ਨ ਸਿੰਘ ਬਰਾੜ (ਤਿੰਨੇ ਵਿਧਾਇਕ), ਸੁਖਦੇਵ ਸਿੰਘ ਸਿਰਸਾ ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਚਰਨਜੀਤ ਸਿੰਘ ਅਟਵਾਲ, ਐੱਸ. ਡੀ. ਐੱਮ. ਅਮਰਜੀਤ ਸਿੰਘ ਬੈਂਸ, ਨਾਮਧਾਰੀ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।