ਸਿਹਤ ਲਈ ਖ਼ਤਰਨਾਕ ਹੈ ਮੋਟਾਪਾ
ਦਿਨ-ਪ੍ਰਤੀਦਿਨ ਮਨੁੱਖ ਮੋਟਾਪੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮੋਟਾਪਾ ਜਿੱਥੇ ਉਮਰ ਦੇ ਲਹਿੰਦੇ ਪੜਾਅ ਵਿਚ ਵੇਖਿਆ ਜਾਂਦਾ ਸੀ ਅੱਜ-ਕੱਲ੍ਹ ਇਸ ਦਾ ਸ਼ਿਕਾਰ ਛੋਟੇ ਬੱਚੇ ਵੀ ਵੇਖਣ ਨੂੰ ਮਿਲ ਰਹੇ ਹਨ। ਤਾਜ਼ਾ ਸਰਵੇਖਣ ਅਨੁਸਾਰ ਛੋਟੇ ਬੱਚਿਆਂ ਵਿੱਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ। ਐਨ. ਐਫ ਐਚ. ਐਸ-4 ਦੇ ਸਰਵੇ ਅਨੁਸਾਰ ਭਾਰਤ ਵਿੱਚ ਬੱਚਿਆਂ ਦਾ ਮੋਟਾਪਾ 2.106 ਸੀ ਜਿਹੜਾ ਹੁਣ ਵਧ ਕੇ 3.4 ਫੀਸਦੀ ਹੋ ਗਿਆ ਹੈ। ਜਿਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ ਵਿਚ ਆ ਰਹੀ ਤਬਦੀਲੀ ਅਤੇ ਬੱਚਿਆਂ ਵਿੱਚ ਫਿਜ਼ੀਕਲ ਫਿਟਨਸ ਦੀ ਘਾਟ ਵੇਖੀ ਜਾ ਸਕਦੀ ਹੈ।
ਬੱਚਿਆਂ ਦੇ ਖਾਣ ਪੀਣ ਵਿੱਚ ਮੈਦੇ ਦੀਆਂ ਬਣੀਆਂ ਜ਼ਿਆਦਾਤਰ ਵਸਤੂਆਂ ਡਬਲਰੋਟੀ, ਬਰਗਰ, ਪੀਜ਼ਾ, ਮੋਮੋਜ਼ ਅਤੇ ਹੋਰ ਖਾਣ-ਪੀਣ ਦੀਆਂ ਚੀਜਾਂ ਹਨ। ਚੁੱਲ੍ਹੇ ’ਤੇ ਬਣੀ ਰੋਟੀ, ਦੁੱਧ, ਦਹੀਂ, ਲੱਸੀ, ਫਰੂਟ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵੱਲ ਬੱਚਿਆਂ ਦੀ ਬਿਲਕੁਲ ਦਿਲਚਸਪੀ ਨਹੀਂ ਰਹੀ।
ਐਨ. ਐਫ. ਐਚ. ਐਸ. ਦੇ ਤਾਜਾ ਸਰਵੇਖਣਾਂ ਅਨੁਸਾਰ ਔਰਤਾਂ ਅਤੇ ਮਰਦਾਂ ਵਿੱਚ ਵੀ ਮੋਟਾਪਾ ਦਰ ਵੱਧ ਵੇਖਣ ਨੂੰ ਮਿਲੀ ਹੈ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਦੀ ਗਿਣਤੀ 20.06 ਤੋਂ ਵਧ ਕੇ 24 ਪ੍ਰਤੀਸ਼ਤ ਅਤੇ ਮਰਦਾਂ ਵਿੱਚ ਗਿਣਤੀ ਵਧ ਕੇ 18.9 ਪ੍ਰਤੀਸ਼ਤ ਤੋਂ 22.9 ਪ੍ਰਤੀਸ਼ਤ ਹੋ ਗਈ ਹੈ। ਤਾਜਾ ਸਰਵੇਖਣ ਅਨੁਸਾਰ, ਮੋਟਾਪਾ ਦਰ ਮਹਾਂਰਾਸ਼ਟਰ, ਗੁਜਰਾਤ, ਮਿਜ਼ੋਰਮ, ਤਿ੍ਰਪੁਰਾ, ਲਕਸ਼ਦੀਪ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ, ਦਿੱਲੀ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਲੱਦਾਖ ਸਮੇਤ ਕਈ ਸੂਬਿਆਂ ਵਿੱਚ ਬੱਚਿਆਂ ਦੇ ਮੋਟਾਪੇ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਮੋਟਾਪਾ ਮਨੁੱਖਤਾ ਲਈ ਬਹੁਤ ਘਾਤਕ ਹੈ। ਅਨੇਕਾਂ ਬਿਮਾਰੀਆਂ ਸਰੀਰ ਨੂੰ ਮੋਟਾਪੇ ਕਾਰਨ ਚਿੰਬੜ ਜਾਂਦੀਆਂ ਹਨ ਇੱਕ ਵਾਰ ਸਰੀਰ ਦਾ ਸਾਈਜ਼ ਮੋਟਾਪੇ ਕਾਰਨ ਵਧ ਜਾਵੇ ਤਾਂ ਠੀਕ ਕਰਨਾ ਬਹੁਤ ਮੁਸ਼ਕਲ ਹੈ। ਵਧੇ ਹੋਏ ਪੇਟ ਤੋਂ ਹਰ ਕੋਈ ਜਿੱਥੇ ਪ੍ਰੇਸ਼ਾਨ ਹੈ, ਉੱਥੇ ਮੋਟਾਪਾ ਸ਼ੂਗਰ, ਕੋਲੈਸਟਰੋਲ, ਬੀਪੀ ਅਤੇ ਵੱਖ-ਵੱਖ ਬਿਮਾਰੀਆਂ ਵੀ ਸਾਡੇ ਸਰੀਰ ਵਿੱਚ ਪੈਦਾ ਕਰਦਾ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਡੇ ਖਾਣ-ਪੀਣ ਦੇ ਢੰਗ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ
ਮਿੱਠੀਆਂ ਚੀਜ਼ਾਂ ਸਾਡੀਆਂ ਰਸੋਈਆਂ ਦਾ ਸ਼ਿੰਗਾਰ ਬਣ ਜਾਂਦੀਆਂ ਹਨ। ਤਿਉਹਾਰਾਂ ਦੇ ਦਿਨਾਂ ਵਿਚ ਜਿੰਨਾ ਮਿੱਠਾ ਭਾਰਤੀ ਲੋਕ ਖਾਂਦੇ ਹਨ ਇਹ ਵੀ ਆਪਣੇ-ਆਪ ਵਿੱਚ ਰਿਕਾਰਡ ਹੈ। ਮੋਟਾਪੇ ਦਾ ਵੱਡਾ ਕਾਰਨ ਸਰੀਰਕ ਕਸਰਤਾਂ ਅਤੇ ਕੰਮ ਦੀ ਵੱਡੀ ਪੱਧਰ ’ਤੇ ਘਾਟ ਵੀ ਵੇਖੀ ਜਾ ਸਕਦੀ ਹੈ। ਪਿੰਡਾਂ ਵਿਚ ਅਤੇ ਛੋਟੇ ਸ਼ਹਿਰਾਂ ਵਿੱਚ ਸਟੇਡੀਅਮਾਂ ਦੀ ਵੱਡੀ ਘਾਟ ਵੀ ਮਨੁੱਖਤਾ ਨੂੰ ਮੋਟਾਪੇ ਵੱਲ ਲੈ ਕੇ ਜਾ ਰਹੀ ਹੈ। ਮੋਟਾਪਾ ਖ਼ਤਮ ਕਰਨ ਲਈ ਵੱਖ-ਵੱਖ ਦਵਾਈਆਂ ਦਾ ਸੇਵਨ ਵੀ ਸਰੀਰ ਲਈ ਹਾਨੀਕਾਰਕ ਸਾਬਤ ਹੁੰਦਾ ਹੈ।
ਅੱਜ ਹਸਪਤਾਲਾਂ, ਡਾਕਟਰਾਂ ਕੋਲ ਮਰੀਜ਼ਾਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਆਮ ਵੇਖਣ ਨੂੰ ਮਿਲਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਮੋਟਾਪੇ ਤੋਂ ਛੁਟਕਾਰਾ ਪਾਈਏ ਤਾਂ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਆਪਣੇ-ਆਪ ਨੂੰ ਗਰਾਊਂਡਾਂ ਦਾ ਸ਼ਿੰਗਾਰ ਬਣਾਉਣਾ ਪਵੇਗਾ ਨਿੱਕੀਆਂ-ਨਿੱਕੀਆਂ ਖੇਡਾਂ ਸਾਨੂੰ ਨਿੱਜੀ ਜੀਵਨ ਵਿਚ ਦੁਬਾਰਾ ਸ਼ੁਰੂ ਕਰਨੀਆਂ ਪੈਣਗੀਆਂ। ਘਰ ਦੇ ਕੰਮਾਂ ਨੂੰ ਹੱਥੀਂ ਕਰਨ ਦੀ ਆਦਤ ਵੀ ਮੋਟਾਪੇ ਤੋਂ ਛੁਟਕਾਰਾ ਦਿਵਾਉਣ ਦੀ ਚੰਗੀ ਦਵਾਈ ਹੈ
ਸਰੀਰ ਰੂਪੀ ਮਸ਼ੀਨ ਨੂੰ ਜੇਕਰ ਚੱਲਦਾ ਰੱਖਣਾ ਹੈ ਤਾਂ ਸਾਨੂੰ ਇਸ ਦੀ ਸੰਭਾਲ ਰੱਖਣੀ ਬਹੁਤ ਲਾਜ਼ਮੀ ਹੈ ਕਹਿੰਦੇ ਹਨ ਜੇਕਰ ਪੈਸਾ ਗਿਆ ਤਾਂ ਕੁਝ ਨਹੀਂ ਗਿਆ ਪਰੰਤੂ ਜੇਕਰ ਸਿਹਤ ਗਈ ਤਾਂ ਸਭ ਕੁਝ ਗਿਆ ਇਸ ਲਈ ਸਾਨੂੰ ਆਪਣੇ-ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਸਰੀਰਕ ਕਸਰਤਾਂ ਵੱਲ ਧਿਆਨ ਦਿਵਾਉਣਾ ਚਾਹੀਦਾ ਹੈ ਅਤੇ ਮੈਦੇ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਅਮਨਦੀਪ ਸ਼ਰਮਾ,
ਗੁਰਨੇ ਕਲਾਂ, ਮਾਨਸਾ
ਮੋ. 98760-74055
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ