ਨਿਗਮ ਚੋਣਾਂ : ਹੁਣ ਹੱਥੋ- ਹੱਥ ਪਵੇਗਾ ਕੰਮ ਨਿਪਟਾਉਣਾ, ਕਿਸ ਨੂੰ ਕਿੱਥੋਂ ਚੋਣ ਲੜਾਉਣਾ

Ludhiana News
ਤਸਵੀਰ ਤੇ ਵੇਰਵਾ : ਸਿੰਗਲਾ

ਹਰ ਵਾਰਡ ’ਚ ਵੱਖ- ਵੱਖ ਸਿਆਸੀ ਧੜਿਆਂ ’ਚੋਂ 3 ਤੋਂ 5 ਦਾਅਵੇਦਾਰ, ਪਹਿਲਾਂ ਹੀ ਦੇ ਚੁੱਕੇ ਨੇ ਅਰਜ਼ੀਆਂ | Ludhiana News

  • ਪੰਜਾਬ ਚੋਣ ਕਮਿਸ਼ਨ ਨੇ ਦੋ ਹਫ਼ਤਿਆਂ ਦੇ ਵਿੱਚ-ਵਿੱਚ ਚੋਣਾਂ ਦੀ ਤਾਰੀਖ਼ ਤੈਅ ਕਰਕੇ ਰਾਜਨੀਤਿਕ ਜ਼ਿਲ੍ਹਾ ਅਹੁਦੇਦਾਰਾਂ ਨੂੰ ਪਾਈਆਂ ਭਾਜੜਾਂ

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਸੂਬੇ ਅੰਦਰ 5 ਨਗਰ ਨਿਗਮਾਂ ਤੇ 42 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਦਾ ਸਮਾਂ ਦੇ ਕੇ ਪੰਜਾਬ ਚੋਣ ਕਮਿਸ਼ਨ ਨੇ ਵੱਖ-ਵੱਖ ਰਾਜਨੀਤਿਕ ਧੜਿਆਂ ਦੇ ਜ਼ਿਲ੍ਹਾ ਅਹੁਦੇਦਾਰਾਂ ਨੂੰ ਭਾਜੜ ਪਾ ਦਿੱਤੀ ਹੈ। ਚੋਣਾਂ ਵਿੱਚ ਅੱਜ ਸਿਰਫ਼ 12 ਦਿਨ ਬਾਕੀ ਹਨ ਜਿਸ ਕਰਕੇ ਸੱਤਾਧਾਰੀਆਂ ਸਣੇ ਹੋਰ ਸਿਆਸੀ ਧਿਰਾਂ ਨੂੰ ਯੋਗ ਤੇ ਮਜ਼ਬੂਤ ਉਮੀਦਵਾਰਾਂ ਦੀ ਛਾਂਟੀ ਦਾ ਕੰਮ ਹੱਥੋ- ਹੱਥ ਨਿਪਟਾਉਣਾ ਪਵੇਗਾ। ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਚੱਲਿਆ ਆ ਰਿਹਾ ਭੰਬਲਭੂਸਾ ਐਤਵਾਰ ਨੂੰ ਦੂਰ ਹੋ ਗਿਆ। ਜਦ ਦੁਪਿਹਰ 12 ਵਜੇ ਤੱਕ ਪੰਜਾਬ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਾਰੀਖਾਂ ਸਬੰਧੀ ਲਗਾਏ ਜਾ ਰਹੇ ਅੰਦਾਜਿਆਂ ਨੂੰ ਵਿਰਾਮ ਦੇ ਦਿੱਤਾ। ਚੋਣਾਂ ਦਾ ਦਿਨ ਮੁਕੱਰਰ ਹੁੰਦਿਆਂ ਹੀ ਵੱਖ- ਵੱਖ ਸਿਆਸੀ ਧਿਰਾਂ ਸਣੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਵੀ ਹੱਥਾਂ- ਪੈਰਾਂ ਦੀ ਪੈ ਗਈ। Ludhiana News

ਇਹ ਖਬਰ ਵੀ ਪੜ੍ਹੋ : Jagjit Singh Dallewal: ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆਂ ਬੀਤੇ 14 ਦਿਨ, ਦਿਨੋ-ਦਿਨ ਸਿਹਤ ਹੋ ਰਹੀ ਖਰਾਬ

ਕਿਉਂਕਿ ਪੰਜਾਬ ਚੋਣ ਕਮਿਸ਼ਨ ਨੇ ਚਾਹਵਾਨ ਉਮੀਦਵਾਰਾਂ ਨੂੰ ਸੋਮਵਾਰ 9 ਦਸੰਬਰ ਤੋਂ 12 ਦਸੰਬਰ ਤੱਕ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਤੋਂ ਬਾਅਦ 13 ਦਸੰਬਰ ਨੂੰ ਕਾਗਜਾਂ ਦੀ ਪੜਤਾਲ ਹੋਵੇਗੀ ਅਤੇ 14 ਦਸੰਬਰ ਨੂੰ ਕਾਗਜ ਵਾਪਸ ਲੈਣ ਤੋਂ ਬਾਅਦ ਉਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਇਸ ਪਿੱਛੋਂ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਤੋਂ ਇਲਾਵਾ ਫਗਵਾੜਾ, ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਅਤੇ ਸੂਬੇ ਭਰ ਵਿੱਚ 42 ਨਗਰ ਕੌਂਸਲਾਂ ਲਈ ਵੀ 21 ਦਸੰਬਰ ਨੂੰ ਵੋਟਾਂ ਪੈਣਗੀਆਂ ਜਿਸ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।

ਇਸੇ ਦਿਨ ਹੀ ਸ਼ਾਮ ਨੂੰ ਵੋਟਾਂ ਦੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਇਸ ਨਾਲ ਸਾਫ਼ ਹੋ ਗਿਆ ਹੈ ਕਿ ਅੱਜ ਤੋਂ 13ਵੇਂ ਦਿਨ ਵੱਖ- ਵੱਖ ਵਾਰਡਾਂ ਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲੇ ਨਵੇਂ ਕੌਂਸਲਰ ਮਿਲ ਜਾਣਗੇ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਐਤਵਾਰ ਨੂੰ ਵੋਟਾਂ ਦੀ ਤਾਰੀਖ਼ ਦਾ ਐਲਾਨ ਹੁੰਦਿਆਂ ਹੀ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਅਜਿਹੇ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਦਾ ਸਮਾਂ ਮਿਲਣ ਕਰਕੇ ਸੱਤਾਧਾਰੀ ਸਣੇ ਸਮੂਹ ਸਿਆਸੀ ਧਿਰਾਂ ਵੀ ਦੁਚਿੱਤੀ ਵਿੱਚ ਪੈ ਗਈਆਂ ਹਨ।

ਜਿੰਨ੍ਹਾਂ ਨੂੰ ਆਪਣੇ ਕੋਲ ਪਹੁੰਚੀਆਂ ਦਾਅਵੇਦਾਰਾਂ ਦੀਆਂ 3 ਤੋੋਂ 5 ਅਰਜ਼ੀਆਂ ਵਿੱਚੋਂ ਯੋਗ ਤੇ ਮਜ਼ਬੂਤ ਉਮੀਦਵਾਰ ਦੀ ਛਾਂਟੀ ਕਰਨ ਦਾ ਕੰਮ ਇੱਕ- ਦੋ ਦਿਨਾਂ ਵਿੱਚ ਹੀ ਪੂਰਾ ਕਰਦੇ ਹੋਏ ਸਬੰਧਿਤ ਇੱਕ ਉਮੀਦਵਾਰ ਨੂੰ ਆਪਣੇ ਕਾਗਜ ਦਾਖਲ ਕਰਨ ਲਈ ਹਰੀ ਝੰਡੀ ਦੇਣੀ ਹੋਵੇਗੀ। ਜਿਕਰਯੋਗ ਹੈ ਕਿ ਵੱਖ ਵੱਖ ਰਾਜਨੀਤਿਕ ਧਿਰਾਂ ਦੁਆਰਾ ਤਕਰੀਬਨ 4- 5 ਮਹੀਨੇ ਪਹਿਲਾਂ ਹੀ ਦਾਅਵੇਦਾਰਾਂ ਪਾਸੋਂ ਅਰਜ਼ੀਆਂ ਮੰਗ ਲਈਆਂ ਗਈਆਂ ਸਨ। ਜਿੰਨ੍ਹਾਂ ਦੀ ਪੜਚੋਲ ਹੁਣ ਘੰਟਿਆਂ ਵਿੱਚ ਹੀ ਕਰਨੀ ਪੈ ਸਕਦੀ ਹੈ। ਕਿਉਂਕਿ ਭਾਜਪਾ ’ਚ 495, ਕਾਂਗਰਸ ’ਚ 255, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ 234 ਤੇ ਆਮ ਆਦਮੀ ਪਾਰਟੀ ਵਿੱਚ 200 ਦਾਅਵੇਦਾਰਾਂ ਨੇ ਲਿਖਤੀ ਰੂਪ ਵਿੱਚ ਚੋਣ ਲੜਨ ਦੀ ਇੱਛਾ ਜਤਾਈ ਹੈ।

ਕੁੱਝ ਮਹੀਨੇ ਪਹਿਲਾਂ ਦਾਅਵੇਦਾਰਾਂ ਵੱਲੋਂ ਆਪੋ- ਆਪਣੇ ਵਾਰਡਾਂ ’ਚ ‘ਤੁਹਾਡੀ ਸੇਵਾ ’ਚ ਹਰ ਸਮੇਂ ਹਾਜ਼ਰ’ ਆਦਿ ਵਾਲੇ ਫਲੈਕਸ ਬੈਨਰ ਵੀ ਲਗਾ ਦਿੱਤੇ ਸਨ ਪਰ ਜਦੋਂ ਹੁਣ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਦਾਅਵੇਦਾਰਾਂ ਨੂੰ ਆਪਣਾ ਇਹ ਚਾਅ ਵੀ ਪੂਰਾ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਦੱਸ ਦੇਈਏ ਕਿ ਕਾਂਗਰਸ ਦੀ ਸਕਰੀਨਿੰਗ ਕਮੇਟੀ ਵੱਲੋਂ ਅੱਜ ਐਤਵਾਰ ਨੂੰ ਵੱਖ- ਵੱਖ ਹਲਕਿਆਂ ਵਿੱਚ ਚੋਣਾਂ ਲੜਨ ਦੇ ਚਾਹਵਾਨਾਂ ਦੀ ਇੰਟਰਵਿਊ ਲੈਣ ਦਾ ਪ੍ਰੋਗਰਾਮ ਉਲੀਕਦੇ ਹੋਏ 10- 11 ਦਸੰਬਰ ਨੂੰ 50 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਸ ਲਈ ਛਾਂਟੀ ਦਾ ਕੰਮ ਹੁਣ ਜਲਦਬਾਜ਼ੀ ਵਿੱਚ ਹੀ ਮੁਕੰਮਲ ਕਰਨਾ ਪਵੇਗਾ, ਕਿਉਂਕਿ 12 ਦਸੰਬਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। Ludhiana News