ਕੋਟਕਪੁਰਾ ਗੋਲੀ ਮਾਮਲੇ ਵਿੱਚ ਸੁਖਬੀਰ ਬਾਦਲ ਤੋਂ ਹੋਏਗੀ ਪੁੱਛ ਪੜਤਾਲ
- ਸੁਖਬੀਰ ਬਾਦਲ ਕੋਲ ਨਹੀਂ ਸਗੋਂ ਸੁਖਬੀਰ ਬਾਦਲ ਕੋਲ ਆਉਣਾ ਪਏਗਾ ਪੇਸ਼ ਹੋਣ
ਅਸ਼ਵਨੀ ਚਾਵਲਾ, ਚੰਡੀਗੜ । ਕੋਟਕਪੁਰਾ ਗੋਲੀ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਵਲੋਂ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਗਿਆ ਹੈ। ਸੁਖਬੀਰ ਬਾਦਲ ਨੂੰ 26 ਜੂਨ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਵਾਰ ਸਪੈਸ਼ਲ ਜਾਂਚ ਟੀਮ ਜਾਂਚ ਲਈ ਬਾਦਲਾਂ ਦੇ ਸਰਕਾਰੀ ਫਲੈਟ ਵਿੱਚ ਜਾਣ ਦੀ ਥਾਂ ’ਤੇ ਸੁਖਬੀਰ ਬਾਦਲ ਨੂੰ ਆਪਣੇ ਕੋਲ ਬੁਲਾਉਣ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 10:30 ‘ਤੇ ਚੰਡੀਗੜ੍ਹ ਦੇ ਸੈਕਟਰ 32 ’ਚ ਪੁਲਿਸ ਦੇ ਦਫਤਰ ’ਚ ਸੱਦਿਆ ਗਿਆ ਹੈ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਜਿਥੇ ਕਿ ਉਨ੍ਹਾਂ ਨੂੰ ਇਕੱਲੇ ਹੀ ਪੇਸ਼ ਹੋਣ ਲਈ ਜਾਣਾ ਪਏਗਾ ਅਤੇ ਉਨਾਂ ਨਾਲ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਬੀਤੇ ਦਿਨੀਂ ਪਰਕਾਸ਼ ਸਿੰਘ ਬਾਦਲ ਦੀ ਪੁੱਛ ਪੜਤਾਲ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਇਕੱਠੇ ਹੋ ਗਏ ਸਨ, ਜਿਸ ਨੂੰ ਲੈ ਕੇ ਇਤਰਾਜ਼ ਵੀ ਜ਼ਾਹਿਰ ਕੀਤਾ ਗਿਆ ਸੀ। ਸੁਖਬੀਰ ਬਾਦਲ ਨੂੰ ਇਸ ਮਾਮਲੇ ਵਿੱਚ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਪੇਸ਼ ਹੋਣ ਲਈ ਸੱਦਿਆ ਗਿਆ ਹੈ। ਪਰਕਾਸ਼ ਸਿੰਘ ਬਾਦਲ ਵਲੋਂ ਆਪਣੇ ਜੁਆਬ ਵਿੱਚ ਸਾਫ਼ ਕਿਹਾ ਗਿਆ ਸੀ ਕਿ ਉਨਾਂ ਕੋਲ ਗ੍ਰਹਿ ਵਿਭਾਗ ਨਹੀਂ ਸੀ ਅਤੇ ਉਹ ਬਤੌਰ ਮੁੱਖ ਮੰਤਰੀ ਹੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਸਨ। ਜਿਸ ਸਮੇਂ ਕੋਟਕਪੂਰਾ ਗੋਲੀ ਚਲੀ ਸੀ, ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਸਨ ਅਤੇ ਡੀ.ਜੀ.ਪੀ. ਸੁਮੇਧ ਸੈਣੀ ਸਨ। ਇਸ ਮਾਮਲੇ ਵਿੱਚ ਸੁਮੇਧ ਸੈਣੀ ਤੋਂ ਪਹਿਲਾਂ ਹੀ ਪੁੱਛ ਪੜਤਾਲ ਹੋ ਚੁੱਕੀ ਹੈ, ਜਦੋਂ ਕਿ ਸੁਖਬੀਰ ਬਾਦਲ ਨੂੰ ਹੁਣ ਸੱਦਿਆ ਗਿਆ ਹੈ ।
ਵਿਜੈ ਸਿੰਗਲਾ ਵੀ ਰਹਿਣਗੇ ਮੌਕੇ ’ਤੇ ਮੌਜੂਦ
ਜਿਹੜੇ ਅਧਿਕਾਰੀ ਵਿਜੈ ਸਿੰਗਲਾ ਨੂੰ ਸੁਖਬੀਰ ਬਾਦਲ ਵਲੋਂ ਆਪਣੇ ਸਰਕਾਰੀ ਫਲੈਟ ਵਿੱਚ ਪਰਕਾਸ਼ ਸਿੰਘ ਬਾਦਲ ਤੋਂ ਪੁੱਛ ਪੜਤਾਲ ਕਰਨ ਤੋਂ ਰੋਕਿਆ ਗਿਆ ਸੀ, ਹੁਣ ਉਹ ਅਧਿਕਾਰੀ ਵਿਜੈ ਸਿੰਗਲਾ 26 ਜੂਨ ਨੂੰ ਸੁਖਬੀਰ ਬਾਦਲ ਤੋਂ ਹੋਣ ਵਾਲੀ ਪੁੱਛ ਪੜਤਾਲ ਵਿੱਚ ਹਾਜ਼ਰ ਰਹਿਣਗੇ। ਇਸ ਦੌਰਾਨ ਉਨਾਂ ਵਲੋਂ ਵੀ ਸੁਆਲ ਕੀਤੇ ਜਾ ਸਕਦੇ ਹਨ ਜਾਂ ਫਿਰ ਮੌਕੇ ’ਤੇ ਬੈਠ ਕੇ ਸਾਰੀ ਕਾਰਵਾਈ ਨੂੰ ਦੇਖਿਆ ਜਾ ਸਕਦਾ ਹੈ। ਸੁਖਬੀਰ ਬਾਦਲ ਨੂੰ ਸਪੈਸ਼ਲ ਜਾਂਚ ਟੀਮ ਕੋਲ ਪੇਸ਼ ਹੋਣ ਲਈ ਜਾਣਾ ਪੈਣਾ ਹੈ, ਇਸ ਲਈ ਮੌਕੇ ’ਤੇ ਕਿਹੜਾ ਅਧਿਕਾਰੀ ਬੈਠਾ ਹੋਏਗਾ ਅਤੇ ਕਿਹੜਾ ਅਧਿਕਾਰੀ ਨਹੀਂ ਬੈਠਾ ਹੋਏਗਾ, ਇਹ ਸੁਖਬੀਰ ਬਾਦਲ ਤੈਅ ਨਹੀਂ ਕਰ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।