ਹੁਣ ਕਾਂਗਰਸ ਨੇ ਸੀਬੀਆਈ ਨੂੰ ਦੱਸਿਆ ਸਰਕਾਰ ਦੀ ਕਠਪੁਤਲੀ

ਭੁਪਿੰਦਰ ਹੁੱਡਾ ਖਿਲਾਫ਼ ਦੋਸ਼ ਪੱਤਰ

  • ਮੋਦੀ ‘ਤੇ ਵਰ੍ਹੀ ਕਾਂਗਰਸ, ਕੇਂਦਰ ਸਰਕਾਰ ‘ਤੇ ਲਾਇਆ ਬਦਲੇ ਦੀ ਭਾਵਨਾ ਨਾਲ ਕਾਰਵਾਈ ਦਾ ਦੋਸ਼

ਚੰਡੀਗੜ੍ਹ (ਅਨਿਲ ਕੱਕੜ)। ਕਾਂਗਰਸ ਨੇ ਮਾਨੇਸਰ ਜ਼ਮੀਨ ਐਕਵਾਇਰ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਬਚਾਅ ਕਰਦਿਆਂ ਅੱਜ ਦੋਸ਼ ਲਾਇਆ ਕਿ ਕੇਂਦਰ ਤੇ ਰਾਜ ਸਰਕਾਰ ਨੇ ਸਿਆਸੀ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਖਿਲਾਫ਼ ਝੂਠਾ ਦੋਸ਼ ਪੱਤਰ ਦਾਖਲ ਕੀਤਾ ਹੈ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਦਿੱਲੀ ‘ਚ ਇੱਕ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਕਿ ਮਾਨੇਸਰ ਦੀ ਐਕਵਾਇਰ ਜ਼ਮੀਨ ਅਗਸਤ 2007 ‘ਚ ਹੀ ਛੱਡ ਦਿੱਤੀ ਗਈ ਸੀ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ‘ਚ ਕਲੀਨ ਚਿੱਟ ਦੇ ਦਿੱਤੀ ਸੀ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸਮਾਪਤ ਹੋਣ ਦੇ ਅੱਠ ਸਾਲਾਂ ਬਾਅਦ ਹਰਿਆਣਾ ਦੀ ਖੱਟਰ ਸਰਕਾਰ ਨੇ 2015 ‘ਚ ਇਸ ਮਾਮਲੇ ‘ਚ ਅਣਪਛਾਤੇ ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਕੇਂਦਰੀ ਜਾਂਚ ਬਿਊਰੋ ਨੇ ਕੱਲ੍ਹ ਹੁੱਡਾ ਖਿਲਾਫ਼ ਇਸ ਮਾਮਲੇ ‘ਚ ਝੂਠਾ ਦੋਸ਼ ਦਾਖਲ ਕੀਤਾ ਹੈ।

ਸੀਬੀਆਈ ਨੂੰ ਮੋਦੀ ਸਰਕਾਰ ਦੀ ਕਠਪੁਤਲੀ ਕਰਾਰ ਦਿੰਦਿਆਂ ਸੂਰਜੇਵਾਲਾ ਨੇ ਕਿਹਾ ਕਿ ਸਿਆਸੀ ਬਦਲੇ ਦੀ ਅੱਗ ‘ਚ ਸੜ ਰਹੀ ਮੋਦੀ ਸਰਕਾਰ ਵਿਰੋਧੀ ਪਾਰਟੀਆਂ ਖਾਸ ਕਰਕੇ ਕਾਂਗਰਸ ਆਗੂਆਂ ਖਿਲਾਫ਼ ਇਸ ਦੀ ਵਰਤੋਂ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਚੁੱਕੀ ਹੈ ਤੇ ਉਸਦਾ ਗ੍ਰਾਫ਼ ਲਗਾਤਾਰ ਹੇਠਾਂ ਆ ਰਿਹਾ ਹੈ, ਇਸ ਲਈ ਜਨਤਾ ਦਾ ਧਿਆਨ ਵੰਡਣ ਤੇ ਵਿਰੋਧੀਆਂ ਦੀ ਅਵਾਜ਼ ਦਬਾਉਣ ਲਈ ਹੁੱਡਾ ਖਿਲਾਫ਼ ਫਰਜ਼ੀ ਦੋਸ਼ ਪੱਤਰ ਕੀਤਾ ਗਿਆ ਹੈ ਸੂਰਜੇਵਾਲਾ ਨੇ ਕੇਂਦਰ ਤੇ ਖੱਟਰ ਸਰਕਾਰ ਨੂੰ ਅਪੀਲ ਕੀਤੀ ਕਿ ਕਾਂਗਰਸ ਤੇ ਉਸਦੇ ਆਗੂ ਫਰਜ਼ੀ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਹ ਜਨਤਾ ਦੀ ਅਦਾਲਤ ‘ਚ ਜਾ ਕੇ ਖੱਟਰ ਸਰਕਾਰ ਦੀ ਪੋਲ ਖੋਲ੍ਹਣੀ ਜਾਰੀ ਰੱਖਣਗੇ ਤੇ ਉਸਦੇ ਸਾਜਿਸ਼ਕਾਰੀ ਮਨਸੂਬਿਆਂ ਨੂੰ ਨਾਕਾਮ ਕਰਨਗੇ।