ਪੰਜਾਬ ਦੇ ਕਾਲਜਾ ਨੂੰ ਦੇਣਾ ਪਏਗਾ ਹੁਣ ‘ਲਗਾਨ’, 18 ਫੀਸਦੀ ਜੀਐਸਟੀ ਦਾ ਕਰਨਾ ਪਏਗਾ ਭੁਗਤਾਨ

ਪੰਜਾਬੀ ਯੂਨੀਵਰਸਿਟੀ ਨੇ ਜਾਰੀ ਕੀਤਾ ਫ਼ਰਮਾਨ, ਇਸੇ ਸਾਲ ਤੋਂ ਦੇਣਾ ਪਏਗਾ ਲਗਾਨ

  • ਹਰ ਸਾਲ ਕਾਲਜਾ ਨੂੰ ਕੋਰਸਾਂ ਲਈ ਦੇਣੀ ਪੈਂਦੀ ਐ ਸਲਾਨਾ ਫੀਸਦੀ, ਹੁਣ ਨਾਲ ਦੇਣਾ ਪਏਗਾ 10 ਫੀਸਦੀ ਜੀਐਸਟੀ

ਅਸ਼ਵਨੀ ਚਾਵਲਾ,  ਚੰਡੀਗੜ। ਪੰਜਾਬ ਵਿੱਚ ਉੱਚ ਸਿੱਖਿਆ ਦਿੰਦੇ ਹੋਏ ਦੇਸ਼ ਦਾ ਭਵਿੱਖ ਤਿਆਰ ਕਰ ਰਹੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾ ਨੂੰ ਹੁਣ ‘ਲਗਾਨ’ ਦੇਣਾ ਪਏਗਾ। ਇਸ ਲਗਾਨ ਦਾ ਭੁਗਤਾਨ ਪੰਜਾਬ ਦੇ ਸਾਰੇ ਕਾਲਜਾ ਨੂੰ 9 ਫੀਸਦੀ ਪੰਜਾਬ ਸਰਕਾਰ ਅਤੇ 9 ਫੀਸਦੀ ਦਰ ਨਾਲ ਕੇਂਦਰ ਸਰਕਾਰ ਨੂੰ ਕਰਨਾ ਪਏਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਰੇ ਕਾਲਜਾ ਨੂੰ ਫ਼ਰਮਾਨ ਜਾਰੀ ਕਰਦੇ ਹੋਏ ਇਸੇ ਸਾਲ ਤੋਂ 18 ਫੀਸਦੀ ਜੀਐਸਟੀ ਦੀ ਭੁਗਤਾਨ ਕਰਨ ਲਈ ਕਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਕਾਲਜ ਨੂੰ ਕਿਸੇ ਵੀ ਤਰਾਂ ਦੇ ਟੈਕਸ ਜਾਂ ਫਿਰ ਜੀ.ਐਸ.ਟੀ. ਨੂੰ ਨਹੀਂ ਦੇਣਾ ਪੈਂਦਾ ਸੀ ਪਰ ਹੁਣ ਮੌਜੂਦਾ ਸਾਲ ਤੋਂ ਹਰ ਕਾਲਜ ਨੂੰ ਜੀਐਸਟੀ ਦੇਣੀ ਪਏਗੀ। ਇਨਾਂ ਆਦੇਸ਼ਾਂ ਦੇ ਜਾਰੀ ਹੋਣ ਤੋਂ ਬਾਅਦ ਪ੍ਰਾਈਵੇਟ ਕਾਲਜਾ ਵਲੋਂ ਜ਼ਿਆਦਾਤਰ ਹੈਰਾਨੀ ਜਤਾਈ ਜਾ ਰਹੀ ਹੈ, ਕਿਉਂਕਿ ਸਿੱਖਿਆ ਦੇਣ ’ਤੇ ‘ਲਗਾਨ’ ਲਗਾਉਣ ਦਾ ਫੈਸਲਾ ਕਾਫ਼ੀ ਜਿਆਦਾ ਹੈਰਾਨੀਜਨਕ ਹੈ। ਇਹ ਫੈਸਲਾ ਵੀ ਉਸ ਸਮੇਂ ਆਇਆ ਹੈ, ਜਦੋਂ ਕੋਰੋਨਾ ਦੀ ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਕਾਲਜ ਬੰਦ ਪਏ ਹਨ ਅਤੇ ਵਿਦਿਆਰਥੀ ਕਾਲਜਾ ਵਿੱਚ ਨਹੀਂ ਆ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰਨ ਲਈ ਹਰ ਸਾਲ ਯਕਮੁਸ਼ਤ ਫੀਸ ਦੇਣੀ ਹੁੰਦੀ ਹੈ ਅਤੇ ਇਸ ਨਾਲ ਹੀ ਕਰਵਾਏ ਜਾਣ ਵਾਲੇ ਕਈ ਪੋਸਟ ਗੈ੍ਰਜੂਏਟ ਕੋਰਸ ਦੀ ਫੀਸ ਵੱਖਰੀ ਹੁੰਦੀ ਹੈ। ਪੰਜਾਬ ਵਿੱਚ ਜ਼ਿਆਦਾਤਰ ਕਾਲਜਾ ਵਲੋਂ ਗੈ੍ਰਜੂਏਟ ਡਿਗਰੀ ਹੀ ਕਰਵਾਈ ਜਾਂਦੀ ਹੈ ਤਾਂ ਉਨਾਂ ਨੂੰ ਹਰ ਸਾਲ 20 ਹਜ਼ਾਰ ਰੁਪਏ ਦੇਣੇ ਹੁੰਦੇ ਹਨ। 20 ਹਜ਼ਾਰ ਰੁਪਏ ਸਲਾਨਾ ਦੇਣ ਵਾਲੇ ਕਾਲਜਾ ਵਿੱਚ ਡਿਗਰੀ, ਲਾਅ ਅਤੇ ਪ੍ਰੋਫੈਸਨਲ ਕਾਲਜ ਸ਼ਾਮਲ ਹਨ ਤਾਂ ਐਜੂਕੇਸ਼ਨ ਅਤੇ ਫਿਜ਼ੀਕਲ ਕਾਲਜਾ ਨੂੰ 40 ਹਜ਼ਾਰ ਰੁਪਏ ਫੀਸ ਦੇਣੀ ਹੁੰਦੀ ਹੈ। ਇਸ ਨਾਲ ਹੀ ਐਮ.ਬੀ.ਏ., ਐਮ.ਸੀ.ਏ., ਐਮ.ਕਾਮ, ਐਮ.ਐਡ ਅਤੇ ਐਲ.ਐਲ.ਐਮ. ਸਣੇ ਅੱਧੀ ਦਰਜਨ ਤੋਂ ਜਿਆਦਾ ਕੋਰਸ ਸਨ, ਜਿਨਾਂ ਨੂੰ ਕਰਵਾਉਣ ਵਾਲੇ ਕਾਲਜਾ ਨੂੰ ਪਹਿਲੇ 3 ਸਾਲ 1 ਲੱਖ ਰੁਪਏ ਅਤੇ ਬਾਅਦ ਵਿੱਚ 50 ਹਜ਼ਾਰ ਰੁਪਏ ਸਲਾਨਾ ਦੇਣਾ ਹੁੰਦਾ ਹੈ।

ਹੁਣ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਇਸ ਨੂੰ ਫੀਸ ਨੂੰ ਯੂਨੀਵਰਸਿਟੀ ਨੂੰ ਭਰਦੇ ਆ ਰਹੇ ਸਨ ਅਤੇ ਇਨਾਂ ਤੋਂ ਕਦੇ ਕਿਸੇ ਵੀ ਤਰਾਂ ਦਾ ਟੈਕਸ ਨਹੀਂ ਲਿਆ ਗਿਆ ਪਰ ਬੀਤੇ ਹਫ਼ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹੁਣ ਪ੍ਰਾਈਵੇਟ ਅਤੇ ਸਰਕਾਰੀ ਕਾਲਜਾ ਨੂੰ ਸਲਾਨਾ ਫੀਸ ਭਰਨ ਦੇ ਨਾਲ ਹੀ 18 ਫੀਸਦੀ ਜੀਐਸਟੀ ਵੀ ਭਰਨਾ ਪਏਗਾ।

ਕਾਲਜ/ਕੋਰਸ           ਫੀਸ           ਜੀਐਸਟੀ

ਡਿਗਰੀ/ਲਾਅ/ਪ੍ਰੋਫੈਸਨਲ ਕਾਲਜ            20 ਹਜ਼ਾਰ18 ਫੀਸਦੀ
ਐਜੁਕੇਸ਼ਨ/ਫਿਜ਼ੀਕਲ ਕਾਲਜ                40 ਹਜ਼ਾਰ18 ਫੀਸਦੀ
ਐਮ.ਬੀ.ਏ.           1 ਲੱਖ              18 ਫੀਸਦੀ
ਐਮ.ਸੀ.ਏ.           1 ਲੱਖ             18 ਫੀਸਦੀ
ਐਮ.ਕਾਮ             1 ਲੱਖ              18 ਫੀਸਦੀ
ਐਮ.ਪੀ.ਐਡ          1 ਲੱਖ             18 ਫੀਸਦੀ
ਐਮ.ਐਡ.            1 ਲੱਖ             18 ਫੀਸਦੀ
ਐਲਐਲਐਮ          1 ਲੱਖ             18 ਫੀਸਦੀ
ਐਮ.ਐਸ.ਸੀ.         1 ਲੱਖ             18 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।