…ਹੁਣ ਤਾਂ ਨਵਜੋਤ ਸਿੱਧੂ ਨੂੰ ਰਹਿਣਾ ਪੈਣੈ ਚੁੱਪ

Sidhu, Amarinder,  Doctor

ਇਲਾਜ ਲਈ ਅਲੋਪ ਹੋਏ ਸਿੱਧੂ, ਅਣਦੱਸੀ ਥਾਂ ਵੱਲ ਕੀਤਾ ਰੁਖ, ਹਫ਼ਤਾ ਭਰ ਰਹਿਣਗੇ ਬਣਵਾਸ ‘ਚ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਨਿਸ਼ਾਨੇ ‘ਤੇ ਲੈਣ ਵਾਲੇ ਨਵਜੋਤ ਸਿੱਧੂ ਹੁਣ ਕਾਬੂ ਆ ਗਏ ਹਨ। ਅਮਰਿੰਦਰ ਸਿੰਘ ਅਤੇ ਸਾਥੀ ਕੈਬਨਿਟ ਮੰਤਰੀਆਂ ਵਲੋਂ ਘੱਟ ਬੋਲਣ ਦੀ ਸਲਾਹ ਦੇਣ ਦੇ ਬਾਵਜੂਦ ਵੀ ਕਾਬੂ ਵਿੱਚ ਨਹੀਂ ਆਏ ਨਵਜੋਤ ਸਿੱਧੂ ਹੁਣ ਡਾਕਟਰ ਦੇ ਕਾਬੂ ਵਿੱਚ ਆ ਗਏ ਹਨ। ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਆਪਣੇ 5 ਦਿਨ ਤੱਕ ਆਪਣੀ ਜੁਬਾਨ ‘ਤੇ ਕਾਬੂ ਰੱਖਦੇ ਹੋਏ ਬਿਲਕੁਲ ਵੀ ਨਾ ਖੋਲਣ ਦੀ ਸਲਾਹ ਤੱਕ ਦੇ ਦਿੱਤੀ ਹੈ, ਇਸ ਨਾਲ ਹੀ ਉਨਾਂ ਨੂੰ ਮੌਨ ਵਰਤ ਰੱਖਣ ਲਈ ਕਿਹਾ ਹੈ।

ਜੇਕਰ ਹੁਣ ਡਾਕਟਰਾਂ ਦੀ ਸਲਾਹ ਮੰਨਦੇ ਹੋਏ ਸਿੱਧੂ ਨੇ ਆਪਣੀ ਜੁਬਾਨ ‘ਤੇ ਕਾਬੂ ਨਹੀਂ ਕੀਤਾ ਤਾਂ ਉਨਾਂ ਦੀ ਆਵਾਜ਼ ਤੱਕ ਨੂੰ ਖਤਰਾ ਪੈਦਾ ਹੋ ਸਕਦਾ ਹੈ। ਨਵਜੋਤ ਸਿੱਧੂ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਜੋ ਪਿਛਲੇ 17 ਦਿਨਾਂ ਤੋਂ ਚੋਣ ਮੁਹਿੰਮ ‘ਤੇ ਸਨ ਅਤੇ ਇਸ ਦੌਰਾਨ ਉਨਾਂ ਵੱਲੋਂ ਲਗਾਤਾਰ 70 ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਇਸ ਨਾਲ ਉਨਾਂ ਦੀਆਂ ਵੋਕਲ ਕੌਰਡਜ਼ ‘ਤੇ ਮਾੜਾ ਪ੍ਰਭਾਵ ਪਿਆ। ਡਾਕਟਰਾਂ ਨੇ ਉਨਾਂ ਨੂੰ ਦੱਸਿਆ ਹੈ ਕਿ ਵੋਕਲ ਕੋਰਡਜ਼ ‘ਤੇ ਮਾੜਾ ਪ੍ਰਭਾਵ ਨਾਲ ਉਨਾਂ ਦੀ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਡਾਕਟਰਾਂ ਵੱਲੋਂ ਸਿੱਧੂ ਨੂੰ 3-5 ਦਿਨ ਦੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਗਈ ਹੈ।

ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਸਿੱਧੂ ਐਂਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਨਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਾਰਨ ਉਹ ਡੀ.ਵੀ.ਟੀ. ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨਾਂ ਵੱਲੋਂ ਲੜੀਵਾਰ ਹੀਮਾਟੌਲੋਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ ‘ਤੇ ਗਏ ਹਨ। ਉਨਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here