ਮਾਣਹਾਨੀ ਮਾਮਲੇ ‘ਚ ਆਪ ਸਾਂਸਦ ਸੰਜੇ ਸਿੰਘ ਨੂੰ ਨੋਟਿਸ

ਮਾਣਹਾਨੀ ਮਾਮਲੇ ‘ਚ ਆਪ ਸਾਂਸਦ ਸੰਜੇ ਸਿੰਘ ਨੂੰ ਨੋਟਿਸ

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਲਖਨਊ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ 26 ਸਤੰਬਰ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਸਿੰਘ ਨੇ ਹਾਲ ਹੀ ਵਿੱਚ ਜਲਸ਼ਕਤੀ ਮੰਤਰਾਲੇ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ ਅਤੇ ਇਸ ਮਾਮਲੇ ਵਿੱਚ ਕਈ ਕੰਪਨੀਆਂ ਦੇ ਨਾਂਅ ਲਏ ਸਨ। ਜਲਸ਼ਕਤੀ ਮੰਤਰੀ ਮਹਿੰਦਰ ਸਿੰਘ ‘ਤੇ ਲਗਾਏ ਗਏ ਦੋਸ਼ਾਂ ‘ਚ ਰਸ਼ਮੀ ਮੈਟਾਲਿਕਸ ਕੰਪਨੀ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ,

ਜਿਸ ‘ਤੇ ਲਖਨਊ ਦੀ ਹੇਠਲੀ ਅਦਾਲਤ ਨੇ ਆਪ ਨੇਤਾ ਨੂੰ ਨੋਟਿਸ ਜਾਰੀ ਕੀਤਾ ਹੈ। ਰਸ਼ਮੀ ਮੈਟਾਲਿਕਸ ਨੇ ਸੰਜੇ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਦੇ ਹੋਏ ਸੱਤ ਦਿਨਾਂ ਦੇ ਅੰਦਰ ਮੁਆਫੀ ਮੰਗਣ ਸਮੇਤ 5000 ਕਰੋੜ ਦਾ ਮਾਣਹਾਨੀ ਦਾ ਦਾਅਵਾ ਦਾਇਰ ਕੀਤਾ ਸੀ। ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਲ ਜੀਵਨ ਮਿਸ਼ਨ ਵਿੱਚ 30 ਹਜ਼ਾਰ ਕਰੋੜ ਦੇ ਘੁਟਾਲੇ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਜਲ ਸ਼ਕਤੀ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

ਕੀ ਹੈ ਮਾਮਲਾ

ਸੰਜੇ ਸਿੰਘ ਨੇ ਰਸ਼ਮੀ ਮੈਟਾਲਿਕਸ ਬਾਰੇ ਕਿਹਾ ਸੀ ਕਿ ਇਹ ਕੰਪਨੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਸਮੇਤ ਕਈ ਥਾਵਾਂ ‘ਤੇ ਬਲੈਕਲਿਸਟ ਹੈ। ਸਿੰਘ ਨੇ 2013 ਦਾ ਪੇਪਰ ਦਿਖਾ ਕੇ ਪੱਛਮੀ ਬੰਗਾਲ ਵਿੱਚ ਬਲੈਕਲਿਸਟ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਸੀ, ਜਦੋਂ ਕਿ ਇੱਕ ਹੋਰ ਆਦੇਸ਼ ਬਾਅਦ ਵਿੱਚ ਪੱਛਮੀ ਬੰਗਾਲ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਹਿਲਾ ਪੇਪਰ ਗਲਤੀ ਨਾਲ ਜਾਰੀ ਕੀਤਾ ਗਿਆ ਸੀ। ਸੰਜੇ ਸਿੰਘ ਨੇ ਫੌਜ ਵਿੱਚ ਕੰਪਨੀ *ਤੇ ਪਾਬੰਦੀ ਲਾਉਣ ਦੀ ਗੱਲ ਵੀ ਕਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ