ਮੌਜੂਦਾ ਵਿਧਾਇਕ ਹੀ ਨਹੀਂ ‘ਸਾਬਕਾ ਵਿਧਾਇਕਾਂ’ ਦੇ ਇਲਾਜ ਦਾ ਖਰਚਾ ਵੀ ਹੁੰਦੈ ਸਰਕਾਰੀ ਖਜ਼ਾਨੇ ’ਚੋਂ, ਹਰ ਸਾਲ ਕਰੋੜਾਂ ’ਚ ਖ਼ਰਚ

ਸਾਬਕਾ ਵਿਧਾਇਕ ਦੀ ਪਤਨੀ ਤੋਂ ਲੈ ਕੇ ਪੋਤਰੇ ਤੱਕ ਦਾ ਇਲਾਜ ਦਾ ਖ਼ਰਚਾ ਚੁੱਕਦੀ ਐ ਪੰਜਾਬ ਸਰਕਾਰ

  • ਪਿਛਲੇ 4 ਸਾਲਾਂ ਦੌਰਾਨ 6 ਕਰੋੜ 63 ਲੱਖ 87 ਹਜ਼ਾਰ 972 ਰੁਪਏ ਹੋਏ ਖ਼ਰਚ
  • ਖਜਾਨੇ ’ਤੇ ਭਾਰੀ ਪੈ ਰਹੀ ਐ ਸਾਬਕਾ ‘ਵਿਧਾਇਕਾਂ’ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤ ਸੰਭਾਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਜੇਕਰ ਸਿਹਤ ਵਿਗੜਦੀ ਹੈ ਤਾਂ ਪੰਜਾਬ ਸਰਕਾਰ ਦੇ ਖਜਾਨੇ ਦਾ ਹਾਜ਼ਮਾ ਖ਼ਰਾਬ ਹੋ ਜਾਂਦਾ ਹੈ, ਕਿਉਂਕਿ ਇਨ੍ਹਾਂ ਮੌਜੂਦਾ ਵਿਧਾਇਕਾਂ ਜਾਂ ਫਿਰ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਜਿੰਨਾ ਵੀ ਖ਼ਰਚ ਹੋਵੇ, ਇਹ ਸਾਰਾ ਖ਼ਰਚਾ ਪੰਜਾਬ ਸਰਕਾਰ ਦੇ ਖਜਾਨੇ ਨੂੰ ਹੀ ਚੁੱਕਣਾ ਪੈਦਾ ਹੈ। ਸਿਰਫ਼ ਸਾਬਕਾ ਅਤੇ ਮੌਜੂਦਾ ਵਿਧਾਇਕ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਪਤਨੀ ਤੋਂ ਲੈ ਕੇ ਪੋਤਰੇ ਤੱਕ ਦੇ ਇਲਾਜ ਦਾ ਖ਼ਰਚ ਸਰਕਾਰੀ ਖਜਾਨੇ ਵਿੱਚੋਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਖਜਾਨੇ ਵਿੱਚੋਂ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਸਿਰਫ਼ ਇਨ੍ਹਾਂ ਦੀ ਸਿਹਤ ਸੰਭਾਲ ’ਤੇ ਹੀ ਖ਼ਰਚ ਹੋ ਜਾਂਦਾ ਹੈ।

ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਨੂੰ ਠੀਕ ਰੱਖਣ ਅਤੇ ਇਲਾਜ ਲਈ ਪਿਛਲੇ 4 ਸਾਲ ਦੌਰਾਨ 6 ਕਰੋੜ 63 ਲੱਖ 87 ਹਜ਼ਾਰ 972 ਰੁਪਏ ਪੰਜਾਬ ਸਰਕਾਰ ਵੱਲੋਂ ਖਰਚ ਕੀਤਾ ਜਾ ਚੁੱਕਿਆ ਹੈ, ਜਦੋਂਕਿ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਮੈਡੀਕਲ ਕਲੇਮ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਭੇਜੇ ਜਾ ਰਹੇ ਹਨ, ਜਿਨ੍ਹਾਂ ਦੀ ਗਿਣਤੀ ਇਸ ਵਿੱਚ ਸ਼ਾਮਲ ਨਹੀਂ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਬਣ ਕੇ ਪੁੱਜਣ ਵਾਲੀ ਖ਼ਾਸ ਸ਼ਖ਼ਸੀਅਤ ਨੂੰ ਸਰਕਾਰ ਵੱਲੋਂ ਮੋਟੀ ਤਨਖ਼ਾਹ ਦੇ ਨਾਲ ਹੀ ਕਈ ਤਰ੍ਹਾਂ ਦਾ ਫਾਇਦੇ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਸੰਭਾਲ ਦਾ ਜਿੰਮਾ ਵੀ ਚੁੱਕਿਆ ਜਾਂਦਾ ਹੈ।

ਵਿਧਾਨ ਸਭਾ ਦਾ ਕਾਰਜਕਾਲ ਭਾਵਂੇ 5 ਸਾਲ ਬਾਅਦ ਖ਼ਤਮ ਹੋ ਜਾਂਦਾ ਹੈ ਪਰ ਇਨ੍ਹਾਂ ਵਿਧਾਇਕ ਤੋਂ ਸਾਬਕਾ ਵਿਧਾਇਕ ਬਣਨ ’ਤੇ ਮਿਲਣ ਵਾਲੇ ਫਾਇਦੇ ਵਿੱਚ ਕੋਈ ਜ਼ਿਆਦਾ ਕਟੌਤੀ ਨਹੀਂ ਹੁੰਦੀ ਹੈ। ਉਨ੍ਹਾਂ ਫਾਇਦੇ ਵਿੱਚ ਮੈਡੀਕਲ ਕਲੇਮ ਵੀ ਸ਼ਾਮਲ ਹੈ। ਮੌਜੂਦਾ ਅਤੇ ਸਾਬਕਾ ਵਿਧਾਇਕ ਜੇਕਰ ਬਿਮਾਰ ਹੋ ਜਾਂਦੇ ਹਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਦਵਾਈ ਬਾਜ਼ਾਰ ਤੋਂ ਖਰੀਦ ਕਰਦੇ ਹਨ ਤਾਂ ਉਨ੍ਹਾਂ ਦਾ ਕਲੇਮ ਬਿੱਲ ਬਣਾ ਕੇ ਉਨ੍ਹਾਂ ਵੱਲੋਂ ਵਿਧਾਨ ਸਭਾ ਵਿੱਚ ਭੇਜਿਆ ਜਾਂਦਾ ਹੈ,ਜਿਸ ਨੂੰ ਕਿ ਪਾਸ ਕਰਨ ਤੋਂ ਬਾਅਦ ਉਕਤ ਸਾਬਕਾ ਜਾਂ ਫਿਰ ਮੌਜੂਦਾ ਵਿਧਾਇਕ ਦੇ ਖਾਤੇ ਵਿੱਚ ਅਦਾਇਗੀ ਕਰ ਦਿੱਤੀ ਜਾਂਦੀ ਹੈ।

ਇਥੇ ਹੀ ਵਿਧਾਇਕਾਂ ਦੇ ਪੋਤਰੇ ਤੱਕ ਵੱਲੋਂ ਇਸ ਮੈਡੀਕਲ ਕਲੇਮ ਦੀ ਸਹੂਲਤ ਲਈ ਜਾ ਰਹੀ ਹੈ ਅਤੇ ਸਾਬਕਾ ਵਿਧਾਇਕਾਂ ਦੀ ਮੌਤ ਹੋਣ ਤੋਂ ਬਾਅਦ ਵੀ ਸਵਰਗੀ ਵਿਧਾਇਕ ਦੀ ਪਤਨੀ ਨੂੰ ਮੈਡੀਕਲ ਕਲੇਮ ਦੀ ਸੁਵਿਧਾ ਮਿਲਦੀ ਰਹਿੰਦੀ ਹੈ।
ਪੰਜਾਬ ਵਿਧਾਨ ਸਭਾ ਵੱਲੋਂ ਇਨ੍ਹਾਂ ਸਾਰਿਆਂ ਦੀ ਸਿਹਤ ਸੰਭਾਲ ’ਤੇ ਪਿਛਲੇ 4 ਸਾਲਾਂ ਦੌਰਾਨ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਹਨ ਅਤੇ ਹਰ ਸਾਲ ਇਹ ਖ਼ਰਚ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਹੁਣ ਹਰ ਸਾਲ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਲੋੜ ਸਿਰਫ਼ ਮੈਡੀਕਲ ਬਿੱਲ ਦੀ ਅਦਾਇਗੀ ਕਰਨ ’ਤੇ ਹੀ ਖ਼ਰਚ ਹੁੰਦਾ ਹੈ।

ਪੋਤਰੇ ਦਾ ਇਲਾਜ ਵੀ ਸਰਕਾਰੀ ਖਜਾਨੇ ਵਿੱਚੋਂ

ਪੰਜਾਬ ਦੇ ਇੱਕ ਸਾਬਕਾ ਵਿਧਾਇਕ ਦਾ ਪੋਤਰੇ ਇਲਾਜ ਦੇ ਮੈਡੀਕਲ ਬਿੱਲ ਦੀ ਅਦਾਇਗੀ ਸਿਰਫ਼ ਇਸ ਕਰਕੇ ਲਈ ਜਾਂਦੀ ਹੈ ਕਿ ਉਸ ਦਾ ਦਾਦਾ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਰਹਿ ਚੁੱਕਾ ਹੈ। ਸਾਬਕਾ ਵਿਧਾਇਕ ਹੁਣ ਇਸ ਦੁਨੀਆ ਵਿੱਚ ਵੀ ਨਹੀਂ ਹੈ ਪਰ ਉਸ ਦੇ ਪੋਤਰੇ ਦੇ ਇਲਾਜ ਦੀ ਅਦਾਇਗੀ ਸਰਕਾਰੀ ਖਜਾਨੇ ਵਿੱਚੋਂ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਪੋਤਰੇ ਦੇ ਇਲਾਜ ਲਈ ਲੱਖਾਂ ਰੁਪਏ ਪੰਜਾਬ ਸਰਕਾਰ ਵੱਲੋਂ ਖ਼ਰਚ ਕੀਤੇ ਗਏ ਹਨ।

ਖ਼ੁਦ ਦਾ ਹਸਪਤਾਲ, ਫਿਰ ਵੀ ਹਰ ਸਾਲ ਇਲਾਜ ਲਈ ਲਏ ਲੱਖਾਂ ਰੁਪਏ

ਸਾਬਕਾ ਵਿਧਾਇਕਾਂ ਵਿੱਚ ਇਹੋ ਜਿਹੀ ਇੱਕ ਮਹਿਲਾ ਸਾਬਕਾ ਵਿਧਾਇਕ ਵੀ ਸ਼ਾਮਲ ਹੈ, ਜਿਸ ਦਾ ਖ਼ੁਦ ਦਾ ਹਸਪਤਾਲ ਹੈ ਅਤੇ ਉਹ ਖ਼ੁਦ ਵੀ ਡਾਕਟਰ ਹੈ ਪਰ ਮੈਡੀਕਲ ਕਲੇਮ ਦੇ ਨਾਂਅ ’ਤੇ ਹਰ ਸਾਲ ਸਰਕਾਰੀ ਖਜਾਨੇ ਵਿੱਚੋਂ ਲੱਖਾਂ ਰੁਪਏ ਲਏ ਜਾ ਰਹੇ ਹਨ। ਪਿਛਲੇ 4 ਸਾਲਾਂ ਦੌਰਾਨ ਕੁਝ ਇਹੋ ਜਿਹਾ ਹੀ ਦਿਖਾਈ ਦੇ ਰਿਹਾ ਹੈ ਕਿ ਇਸ ਸਾਬਕਾ ਮਹਿਲਾ ਵਿਧਾਇਕ ਵੱਲੋਂ ਹਰ ਮਹੀਨੇ ਇਲਾਜ ਦਾ ਬਿੱਲ ਭੇਜਦੇ ਹੋਏ ਲੱਖਾਂ ਰੁਪਏ ਲਏ ਗਏ ਹਨ।

ਆਮ ਆਦਮੀ ਪਾਰਟੀ ਨੇ ਨਹੀਂ ਲਿਆ ਮੈਡੀਕਲ ਕਲੇਮ

ਪਹਿਲੀ ਵਾਰ ਵਿਧਾਨ ਸਭਾ ਵਿੱਚ 20 ਵਿਧਾਇਕਾਂ ਨਾਲ ਜਿੱਤ ਕੇ ਪੁੱਜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਵੱਲੋਂ ਮੈਡੀਕਲ ਕਲੇਮ ਦੀ ਸੁਵਿਧਾ ਦਾ ਫਾਇਦਾ ਨਹੀਂ ਲਿਆ ਗਿਆ ਹੈ ਅਤੇ ਹੁਣ ਤੱਕ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਇਲਾਜ ਦਾ ਬਿੱਲ ਵਿਧਾਨ ਸਭਾ ਨੂੰ ਨਹੀਂ ਭੇਜਿਆ ਗਿਆ ਹੈ। ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਵੱਲੋਂ ਮੈਡੀਕਲ ਕਲੇਮ ਦੇ ਰੂਪ ਵਿੱਚ ਲੱਖਾਂ ਰੁਪਏ ਲਏ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ