335 ਲਾਪਤਾ ‘ਚੋਂ ਇੱਕ ਵੀ ਨਹੀਂ ਹੋਇਆ ਹਸਪਤਾਲ ‘ਚ ਦਾਖ਼ਲ, ਠੀਕ ਹੀ ਹੋਣਗੇ, ਇਸੇ ਉਮੀਦ ਨੂੰ ਰਾਹਤ ਮੰਨ ਰਹੀ ਐ ਸਰਕਾਰ

ਸਿਹਤ ਮੰਤਰੀ ਨੇ ਮੰਨਿਆ ਪੰਜਾਬ ਵਿੱਚ 335 ਵਿਅਕਤੀ ਲਾਪਤਾ ਪਰ ਉਹ ਪੰਜਾਬ ਵਿੱਚ ਹੋਣਗੇ ਜਾਂ ਮੁੜ ਗਏ ਹੋਣਗੇ ਇਹ ਵੀ ਜਾਣਕਾਰੀ ਨਹੀਂ

ਲਾਪਤਾ 335 ਵਿਅਕਤੀਆਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਪ੍ਰੈਸ ਕਾਨਫਰੰਸ ਪਰ ਨਹੀਂ ਦੇ ਪਾਏ 335 ਲਾਪਤਾ ਬਾਰੇ ਸਟੀਕ ਜੁਆਬ

ਚੰਡੀਗੜ,(ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਪੀੜਤ ਦੇਸ਼ ਵਿੱਚੋਂ ਆਏ ਪੰਜਾਬੀਆਂ ਵਿੱਚੋਂ ਲਾਪਤਾ ਹੋਏ 335 ਵਿੱਚੋਂ ਇੱਕ ਵੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਨਹੀਂ ਹੋਇਆ, ਇਸ ਲਈ ਉਹ ਠੀਕ ਹੀ ਹੋਣਗੇ, ਇਸੇ ਉਮੀਦ ਨੂੰ ਰਾਹਤ ਮੰਨ ਕੇ ਪੰਜਾਬ ਸਰਕਾਰ ਚਲ ਰਹੀਂ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਲਾਪਤਾ ਹੋਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਸ਼ ਵਿੱਚ ਹੋਰ ਤੇਜੀ ਲਿਆਉਣ ਦੀ ਥਾਂ ‘ਤੇ ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਖ਼ੁਦ ਕਿਆਸ ਅਰਾਈਆ ਨੂੰ ਆਧਾਰ ਬਣਾ ਕੇ ਪੰਜਾਬੀਆਂ ਨੂੰ ਜਿਆਦਾ ਘਬਰਾਉਣ ਦੀ ਜਰੂਰਤ ਨਾ ਹੋਣ ਦੀ ਗਲ ਕਰ ਰਹੇ ਹਨ।

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅੱਜ ਸਵੇਰ ਤੋਂ ਹੀ ਵਿਦੇਸ਼ ਵਿੱਚੋਂ ਆਏ 335 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਕਾਫ਼ੀ ਜਿਆਦਾ ਚਲ ਰਹੀਂ ਹੈ ਪਰ ਇਸ ਵਿੱਚ ਕੋਈ ਜਿਆਦਾ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਉਨਾਂ ਦੀ ਸਕ੍ਰੀਨਿੰਗ ਪਹਿਲਾਂ ਹੀ ਦਿੱਲੀ ਏਅਰਪੋਰਟ ਤੋਂ ਹੋ ਗਈ ਸੀ ਅਤੇ ਉਨਾਂ ਵਿੱਚ ਕੋਈ ਵੀ ਵਿਅਕਤੀ ਇਸ ਤਰਾਂ ਦੇ ਲੱਛਣ ਦਾ ਸ਼ਿਕਾਰ ਨਹੀਂ ਹੈ, ਜਿਸ ਬਾਰੇ ਕੋਈ ਘਬਰਾਉਣ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀਂ ਹੋਵੇ। ਉਨਾਂ ਇਥੇ ਇਹ ਵੀ ਕਿਹਾ ਕਿ 335 ਵਿੱਚੋਂ ਸਰਕਾਰ ਨੂੰ ਇੱਕ ਵੀ ਸ਼ੱਕੀ ਮਰੀਜ਼ ਨਹੀਂ ਲੱਗ ਰਿਹਾ ਹੈ, ਕਿਉਂਕਿ ਉਨਾਂ ਵਿੱਚੋਂ ਇੱਕ ਵੀ ਵਿਅਕਤੀ ਬਿਮਾਰ ਹੁੰਦਾ ਤਾਂ ਉਹ ਇਲਾਜ ਲਈ ਕਿਸੇ ਨਾ ਕਿਸੇ ਹਸਪਤਾਲ ਵਿੱਚ ਹੀ ਦਾਖ਼ਲ ਹੁੰਦਾ ਪਰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀਂ ਹੈ। ਹਾਲਾਂਕਿ ਸਿਹਤ ਮੰਤਰੀ ਬਲਬੀਰ ਸਿੱਧੂ ਇਥੇ ਇਹ ਵਾਅਦਾ ਨਹੀਂ ਕਰ ਸਕੇ ਲਾਪਤਾ ਵਿਅਕਤੀ ਸਾਰੇ ਹੀ ਠੀਕ ਹਨ ਜਾਂ ਫਿਰ ਠੀਕ ਹੋਣਗੇ।

ਬਲਬੀਰ ਸਿੱਧੂ ਨੇ ਕਿਹਾ ਕਿ ਕਈ ਵਾਰ ਕੋਈ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਇਆ ਹੁੰਦਾ ਜਾਂ ਫਿਰ ਉਹ ਪੰਜਾਬ ਦੀ ਥਾਂ ‘ਤੇ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ, ਇਹ ਵੀ ਇਨਾਂ ਲਾਪਤਾ ਵਿਅਕਤੀਆਂ ਦਾ ਵੱਡਾ ਕਾਰਨ ਹੈ। ਇਸ ਲਈ  ਲਾਪਤਾ ਵਿਅਕਤੀਆਂ ਬਾਰੇ ਕੋਈ ਜਿਆਦਾ ਚਿੰਤਾ ਦੀ ਲੋੜ ਨਹੀਂ ਹੈ।

ਪ੍ਰੈਸ ਕਾਨਫਰੰਸ ਦੌਰਾਨ ਹੀ ਆਇਆ ਮੁੱਖ ਮੰਤਰੀ ਦਾ ਫੋਨ

ਬਲਬੀਰ ਸਿੱਧੂ ਜਦੋਂ ਵਿਦੇਸ਼ ਤੋਂ ਪਰਤੇ 335 ਲਾਪਤਾ ਵਿਅਕਤੀਆਂ ਬਾਰੇ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਠੀਕ ਉਸੇ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਨਾਂ ਨੂੰ ਫੋਨ ਆਇਆ ਕਿ ਲਾਪਤਾ ਹੋਏ 335 ਵਿਅਕਤੀਆਂ ਬਾਰੇ ਕੀ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਤਾਂ ਬਲਬੀਰ ਸਿੱਧੂ ਵੱਲੋਂ ਮੌਕੇ ‘ਤੇ ਕਿਹਾ ਗਿਆ ਕਿ ਉਹ ਇਸੇ ਮੁੱਦੇ ‘ਤੇ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਨ। ਮੁੱਖ ਮੰਤਰੀ ਵੱਲੋਂ ਕੀਤੇ ਗਏ ਫੋਨ ਰਾਹੀਂ ਇਹ ਸਾਫ਼ ਹੋ ਗਿਆ ਕਿ ਸਰਕਾਰ ਇਸ ਮਾਮਲੇ ਵਿੱਚ ਜਿਥੇ ਚਿੰਤਤ ਹੈ ਤਾਂ ਉਥੇ ਲਾਪਤਾ ਹੋਏ ਵਿਅਕਤੀਆਂ ਦੇ ਕਾਰਨ ਹੋ ਰਹੀਂ ਸਰਕਾਰ ਦੀ ਕਿਰਕਿਰੀ ਨੂੰ ਵੀ ਕਵਰ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ।

ਅਹਿਮ ਹੈ ਇਹ ਸਵਾਲ

ਕਰੋਨਾ ਪੀੜਤ ਦੇਸ਼ਾਂ ਵਿੱਚੋਂ ਆਉਣ ਵਾਲੇ ਹਰ ਵਿਅਕਤੀ ਨੂੰ 14 ਦਿਨ ਲਈ ਨਿਗਰਾਨੀ ਵਿੱਚ ਰੱਖਣਾ ਜਰੂਰੀ ਹੁੰਦਾ ਹੈ ਅਤੇ ਇਨਾਂ 335 ਵਿੱਚੋਂ ਇੱਕ ਵੀ ਨਿਗਰਾਨੀ ਅਧੀਨ ਨਹੀਂ ਹੈ, ਇਸ ਲਈ ਕਿਵੇਂ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਇਨਾਂ ਵਿੱਚੋਂ ਕੋਈ ਵੀ ਪੀੜਤ ਨਹੀਂ ਨਿਕਲੇਗਾ ? ਇਸ ਸਬੰਧੀ ਸਿਹਤ ਵਿਭਾਗ ਅਤੇ ਵਿਭਾਗੀ ਮੰਤਰੀ ਤੋਂ ਵੀ ਕੋਈ ਸਾਫ਼ ਜੁਆਬ ਨਹੀਂ ਮਿਲ ਪਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।