ਦੇਸ਼ ਅੰਦਰ ਨਫ਼ਰਤੀ ਭਾਸ਼ਣ ਬਾਰੇ ਚਰਚਾ ਚੱਲ ਰਹੀ ਹੈ। ਨੂੰਹ ਹਿੰਸਾ ’ਚ ਨਫਰਤੀ ਭਾਸ਼ਣਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਜੋ ਨਫਰਤ ਵੰਡੀ ਗਈ ਉਸ ਨੇ ਬਲ਼ਦੀ ’ਤੇ ਤੇਲ ਪਾ ਦਿੱਤਾ। ਇਹ ਵੀ ਚਰਚਾ ਰਹੀ ਹੈ ਕਿ ਪਾਕਿਸਤਾਨ ਤੋਂ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਧਰਮ ਦੇ ਨਾਂਅ ’ਤੇ ਭੜਕਾਇਆ ਗਿਆ। ਪੁਲਿਸ ਕਾਰਵਾਈ ਜਾਰੀ ਹੈ ਤੇ ਮਾਮਲੇ ’ਚ ਕਈ ਗਿ੍ਰਫ਼ਤਾਰੀਆਂ ਹੋ ਗਈਆਂ ਹਨ। ਚੰਗਾ ਹੋਵੇ ਜੇਕਰ ਸਾਰੀਆਂ ਧਿਰਾਂ ਸਦਭਾਵਨਾ, ਪ੍ਰੇਮ-ਪਿਆਰ ਤੇ ਭਾਈਚਾਰੇ ਦੀ ਮਜ਼ਬੂਤੀ ਲਈ ਅੱਗੇ ਆਉਣ। ਅਸਲ ’ਚ ਭਾਰਤ ਦੀ ਸੰਸਕ੍ਰਿਤੀ ਹੀ ਸਰਵ ਧਰਮ ਸੰਗਮ ਹੈ ਜਿੱਥੇ ਸੰਵਾਦ, ਗੋਸ਼ਠੀ ਤੇ ਵਾਰਤਾਲਾਪ ਜਿਹੇ ਸ਼ਬਦਾਂ ਨੇ ਜਨਮ ਲਿਆ ਹੈ। ਭਾਰਤ ਨਫਰਤ ਤਾਂ ਸਿਖਾਉਂਦਾ ਹੀ ਨਹੀਂ ਹੈ ਸਗੋਂ ਪਿਆਰ ਦੀ ਗੱਲ ਹੀ ਕਰਦਾ ਹੈ। (Harmony)
ਭਾਰਤ ਇੱਕ ਨਹੀਂ ਅਨੇਕ ਸੰਸਕ੍ਰਿਤੀ ਦਾ ਗੁਲਦਸਤਾ ਹੈ। ਦੁਨੀਆ ’ਚ ਕੋਈ ਵੀ ਹੋਰ ਮੁਲਕ ਨਹੀਂ ਜਿੱਥੇ ਏਨੇ ਧਰਮਾਂ, ਜਾਤਾਂ ਦੇ ਲੋਕ ਨਿਵਾਸ ਕਰ ਰਹੇ ਹਨ। ਪੁਰਾਤਨ ਸਮੇਂ ਤੋਂ ਹੀ ਅਨੇਕਤਾ ’ਚ ਏਕਤਾ ਦੇ ਸਬੂਤ ਹਨ। ਵਿਦੇਸ਼ੀਆਂ ਨੂੰ ਆਦਰ-ਮਾਣ ਦਿੱਤਾ ਗਿਆ। ਚੰਦਰਗੁਪਤ ਮੌਰੀਆ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਧਾਰਮਿਕ ਸਦਭਾਵਨਾ ਦੀਆਂ ਅਣਗਿਣਤ ਮਿਸਾਲਾਂ ਹਨ। ਵਿਦੇਸ਼ੀ ਲਿਖਾਰੀ ਵੀ ਆਏ ਤੇ ਸਾਡੀ ਸੰਸਕ੍ਰਿਤੀ ਦੀ ਮਹਾਨਤਾ ਬਾਰੇ ਬਹੁਤ ਕੁਝ ਲਿਖ ਗਏ। ਵਰਤਮਾਨ ਯੁੱਗ ਤਾਂ ਵਿਸ਼ਵ ਨੂੰ ਹੀ ਇੱਕ ਪਿੰਡ ਦੇ ਰੂਪ ’ਚ ਵੇਖਦਾ ਹੈ। ਕੈਨੇਡਾ ਵਰਗੇ ਮੁਲਕ ਦੇ ਸਿਆਸਤਦਾਨ ਆਪਣੇ ਦੇਸ਼ ਦੀ ਭਿੰਨਤਾ ਨੂੰ ਆਪਣੀ ਸਭ ਤੋਂ ਵੱਡੀ ਖੂਬੀ ਮੰਨਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜਿਲ੍ਹੇ ‘ਚ ਛੁੱਟੀ ਦਾ ਐਲਾਨ
ਉਨ੍ਹਾਂ ਦੀ ਇਹ ਖੂਬੀ ਆਧੁਨਿਕ ਯੁੱਗ ਦੀ ਪ੍ਰਾਪਤੀ ਹੈ ਜਦੋਂਕਿ ਭਾਰਤ ’ਚ ਇਹ ਖੂਬੀ ਪ੍ਰਾਚੀਨ ਤੇ ਮੱਧਕਾਲ ’ਚ ਮੌਜੂਦ ਸੀ। ਵਿਚਾਰਾਂ ਦੀ ਅਜ਼ਾਦੀ ਨੂੰ ਵੀ ਪੱੱਛਮੀ ਮੁਲਕਾਂ ਦੀ ਵਿਸ਼ੇਸ਼ਤਾ ਮੰਨਿਆ ਜਾਂਦਾ ਹੈ ਪਰ ਇਸ ਅਜ਼ਾਦੀ ਦਾ ਸੰਕਲਪ ਵੀ ਪ੍ਰਾਚੀਨ ਭਾਰਤ ’ਚ ਮੌਜੂਦ ਹੈ। ਜੇਕਰ ਵਿਚਾਰਾਂ ਦੀ ਅਜ਼ਾਦੀ ਦਾ ਸੰਕਲਪ ਨਾ ਹੁੰਦਾ ਤਾਂ ਗੋਸ਼ਠੀ, ਚਰਚਾ ਤੇ ਵਾਰਤਾਲਾਪ ਵਰਗੇ ਸ਼ਬਦਾਂ ਦਾ ਕੋਈ ਮਹੱਤਵ ਹੀ ਨਹੀਂ ਹੋਣਾ ਸੀ। ਜਿੱਥੋਂ ਤੱਕ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦਾ ਸਬੰਧ ਹੈ ਇਸ ਮਾਮਲੇ ’ਚ ਦੂਜਿਆਂ ਦੇ ਸਨਮਾਨ ਦੀ ਸੁਰੱਖਿਆ ਵੀ ਜ਼ਰੂਰੀ ਹੈ। ਆਪਣੇ ਅਧਿਕਾਰਾਂ ਲਈ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ ਜ਼ਰੂਰੀ ਹੈ। ਕਿਸੇ ਨੂੰ ਵੀ ਕਿਸੇ ਵੀ ਧਰਮ ਦਾ ਅਪਮਾਨ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਜ਼ਰੂਰੀ ਹੈ ਕਿ ਸਮਾਜਿਕ, ਰਾਜਨੀਤਿਕ ਨੁਮਾਇੰਦੇ ਅਮਨ ਦੇ ਭਾਈਚਾਰਾ ਕਾਇਮ ਰੱਖਣ ਲਈ ਵੱਧ ਤੋਂ ਵੱਧ ਯਤਨ ਕਰਨ।