ਪੰਜਾਬ ਵਿੱਚ ਨਹੀਂ ਹੋਈ ਆਕਸੀਜਨ ਦੀ ਘਾਟ ਨਾਲ ਇੱਕ ਵੀ ਮੌਤ, ਕੇਂਦਰ ਨੂੰ ਵੀ ਇਹੋ ਭੇਜਿਆ ਡਾਟਾ

 ਆਕਸੀਜਨ ਦੀ ਘਾਟ ਦੌਰਾਨ ਪੰਜਾਬ ਵਿੱਚ ਮੌਤਾਂ ਹੋਣ ਦੀਆਂ ਆਈਆਂ ਸਨ ਖ਼ਬਰਾਂ

  • ਪੰਜਾਬ ਸਰਕਾਰ ਨੇ ਨਕਾਰੀਆਂ, ਅੰਮ੍ਰਿਤਸਰ ਵਿਖੇ 6 ਮੌਤਾਂ ਵੀ ਆਕਸੀਜਨ ਦੀ ਘਾਟ ਨਾਲ ਨਹੀਂ
  • ਲੁਧਿਆਣਾ ਵਿਖੇ ਆਕਸੀਜਨ ਦੀ ਘਾਟ ਨਾਲ ਮੌਤਾਂ ਸਨ ਸਿਰਫ਼ ਅਫਵਾਹਾਂ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ਵਿੱਚ ਆਕਸੀਜਨ ਦੀ ਘਾਟ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ, ਕੋਰੋਨਾ ਮਹਾਂਮਾਰੀ ਦੌਰਾਨ ਜਿਹੜੀ ਵੀ ਮੌਤਾਂ ਹੋਈਆ ਹਨ, ਉਹ ਤੀਜੀ ਸਟੇਜ ’ਤੇ ਪੁੱਜਣ ਦੇ ਚਲਦੇ ਹੋਈਆ ਹਨ। ਇਨ੍ਹਾਂ ਮੌਤਾਂ ਦਾ ਆਕਸੀਜਨ ਦੀ ਘਾਟ ਨਾਲ ਕੁਝ ਵੀ ਲੈਣ-ਦੇਣ ਨਹੀਂ ਹੈ। ਜਦੋਂ ਕਿ ਦੂਜੀ ਲਹਿਰ ਦੌਰਾਨ ਇਹ ਖ਼ਬਰਾਂ ਆ ਰਹੀਆਂ ਹਨ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋਈਆ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਦੋਹੇ ਜ਼ਿਲੇ੍ਹ ਦੀਆਂ ਖ਼ਬਰਾਂ ਨੂੰ ਗਲਤ ਕਰਾਰ ਦੇ ਦਿੱਤਾ ਹੈ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਮੌਕੇ ’ਤੇ ਹੀ ਲੁਧਿਆਣਾ ਵਿਖੇ ਹੋਈ ਮੌਤਾਂ ਨੂੰ ਅਫ਼ਵਾਹ ਕਰਾਰ ਦੇ ਦਿੱਤਾ ਸੀ ਤਾਂ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਹੋਈਆਂ 6 ਮੌਤਾਂ ਬਾਰੇ ਵੀ ਜਾਂਚ ਤੋਂ ਬਾਅਦ ਸਾਫ਼ ਕਰ ਦਿੱਤਾ ਗਿਆ ਕਿ ਇਹ ਮੌਤਾਂ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈਆ ਹਨ। ਜਿਸ ਕਾਰਨ ਕੇਂਦਰ ਸਰਕਾਰ ਨੂੰ ਪੰਜਾਬ ਵਲੋਂ ਭੇਜੀ ਗਈ ਰਿਪੋਰਟ ਵਿੱਚ ਨਿੱਲ ਦਿਖਾਇਆ ਗਿਆ ਹੈ। ਇਸ ਰਿਪੋਰਟ ਦੇ ਆਧਾਰ ’ਤੇ ਸੰਸਦ ਸੈਸ਼ਨ ਦੌਰਾਨ ਕੇਂਦਰ ਸਰਕਾਰ ਨੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋਣ ਤੋਂ ਸਾਫ਼ ਨਕਾਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਦੇਸ਼ ਵਿੱਚ ਦੋ ਮਹੀਨੇ ਪਹਿਲਾਂ ਆਈ ਦੂਜੀ ਲਹਿਰ ਦੌਰਾਨ ਅਪ੍ਰੈਲ ਦੇ ਆਖਰੀ ਅਤੇ ਮਈ ਦੇ ਪਹਿਲੇ ਹਫ਼ਤੇ ਆਕਸੀਜਨ ਦੀ ਭਾਰੀ ਘਾਟ ਹੋ ਗਈ ਸੀ। ਇਸ ਦੌਰਾਨ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਆਕਸੀਜਨ ਦੀ ਭਾਰੀ ਘਾਟ ਹੋ ਗਈ ਸੀ। ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਇੰਤਜ਼ਾਮ ਕਰਦੇ ਹੋਏ ਦੇਸ਼ ਦੇ ਕੋਨੇ ਕੋਨੇ ਤੋਂ ਆਕਸੀਜਨ ਪੰਜਾਬ ਲਈ ਲਿਆਂਦੀ ਗਈ ਸੀ। ਇਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਵਿਖੇ 24-25 ਅਪ੍ਰੈਲ ਨੂੰ ਇਹ ਖ਼ਬਰ ਆਈ ਸੀ ਕਿ ਆਕਸੀਜਨ ਦੀ ਘਾਟ ਦੇ ਚਲਦੇ 6 ਮਰੀਜ਼ਾ ਨੇ ਦਮ ਤੋੜ ਦਿੱਤਾ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਜਾਂਚ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਸਨ।

ਇਥੇ ਹੀ ਮਈ ਦੇ ਦੂਜੇ ਹਫ਼ਤੇ ਲੁਧਿਆਣਾ ਵਿਖੇ ਵੀ ਆਕਸੀਜਨ ਦੀ ਘਾਟ ਦੇ ਚਲਦੇ ਮੌਤਾਂ ਹੋਣ ਦੀ ਖ਼ਬਰ ਆਈ ਸੀ ਪਰ ਇਸ ਮਾਮਲੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਲੁਧਿਆਣਾ ਵਿਖੇ ਕੋਈ ਵੀ ਮੌਤ ਆਕਸੀਜਨ ਦੀ ਘਾਟ ਨਾਲ ਨਹੀਂ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਵੀ ਰਿਪੋਰਟ ਭੇਜੀ ਹੈ। ਜਿਸ ਵਿੱਚ ਪੰਜਾਬ ਸਰਕਾਰ ਵਲੋਂ ਆਕਸੀਜਨ ਦੀ ਘਾਟ ਨਾਲ ਮੌਤਾਂ ਦਾ ਅੰਕੜਾ ‘ਨਿੱਲ’ ਦਿਖਾਇਆ ਗਿਆ ਹੈ। ਇਸ ਲਈ ਸਿਰਫ਼ ਪੰਜਾਬ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਦੇ ਰਿਕਾਰਡ ਅਨੁਸਾਰ ਵੀ ਪੰਜਾਬ ਵਿੱਚ ਇੱਕ ਵੀ ਮੌਤ ਆਕਸੀਜਨ ਦੀ ਘਾਟ ਨਾਲ ਨਹੀਂ ਹੋਈ ਹੈ।

ਮਰੀਜ਼ ਨਹੀਂ ਅਸੀਂ ਜੂਝਦੇ ਰਹੇ ਆਕਸੀਜਨ ਦੀ ਘਾਟ ਨਾਲ : ਪੰਜਾਬ ਸਰਕਾਰ

ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਲਈ ਬਣਾਏ ਗਏ ਨੋਡਲ ਅਧਿਕਾਰੀ ਡਾ. ਰਾਜੀਵ ਭਾਸਕਰ ਨੇ ਦੱਸਿਆ ਕਿ ਪੰਜਾਬ ਵਿੱਚ ਕਿਸੇ ਵੀ ਮਰੀਜ਼ ਨੂੰ ਹੋਣ ਤੱਕ ਆਕਸੀਜਨ ਦੀ ਘਾਟ ਨਹੀਂ ਆਉਣ ਦਿੱਤੀ ਗਈ ਹੈ। ਜਦੋਂ ਕਿ ਆਕਸੀਜਨ ਦੀ ਘਾਟ ਨਾਲ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀ ਜੂਝਦੇ ਰਹੇ ਹਨ। ਪੰਜਾਬ ਵਿੱਚ ਉਸ ਸਮੇਂ ਵੱਡਾ ਟਾਕਸ ਸੀ ਕਿ ਕਿਸ ਤਰੀਕੇ ਨਾਲ ਦੂਰ ਦਰਾਡੇ ਦੇ ਇਲਾਕੇ ਤੋਂ ਆਕਸੀਜਨ ਪੰਜਾਬ ਵਿੱਚ ਲਿਆ ਕੇ ਜਰੂਰਤ ਵਾਲੇ ਹਸਪਤਾਲਾਂ ਵਿੱਚ ਪਹੁੰਚਾਈ ਜਾਵੇ। ਇਸ ਲਈ ਸਰਕਾਰ ਦੇ ਅਧਿਕਾਰੀਆਂ ਨੇ 24 ਘੰਟੇ ਕੰਮ ਕੀਤਾ ਅਤੇ ਪੰਜਾਬ ਵਿੱਚ ਇੱਕ ਮਰੀਜ਼ ਦੀ ਆਕਸੀਜਨ ਨਾਲ ਮੌਤਾਂ ਹੋਣਾ ਤਾਂ ਦੂਰ ਕਿਸੇ ਵੀ ਮਰੀਜ਼ ਨੂੰ ਆਕਸੀਜਨ ਦੀ ਘਾਟ ਤੱਕ ਨਹੀਂ ਆਉਣ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ