ਇਤਿਹਾਸ ਬਾਰੇ ਫਾਲਤੂ ਦੀ ਮਗਜ਼ਖਪਾਈ
ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਵੀ ਮੀਡੀਆ ’ਚ ਅਜਿਹੇ ਲੇਖ ਤੇ ਖਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਸਨ ਕਿ ਤਾਜ ਮਹਿਲ ਮੁਗਲ ਬਾਦਸ਼ਾਹ ਦਾ ਨਹੀਂ ਬਣਾਇਆ ਹੋਇਆ ਕੋਈ ਇੱਥੇ ਮੰਦਿਰ ਹੋਣ ਦਾ ਦਾਅਵਾ ਕਰਦਾ ਪਿਛਲੇ ਦੋ ਕੁ ਦਿਨਾਂ ਤੋਂ ਇਹ ਚਰਚਾ ਫਿਰ ਚੱਲ ਪਈ ਤੇ ਇਲਾਹਾਬਾਦ ਹਾਈਕੋਰਟ ’ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਅਦਾਲਤ ਪਟੀਸ਼ਨਰ ’ਤੇ ਖਫ਼ਾ ਹੋ ਗਈ ਤੇ ਅਦਾਲਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੀਆਈਐਲ ਦੀ ਦੁਰਵਰਤੋਂ ਨਾ ਕਰੋ ਅਦਾਲਤ ਨੇ ਇਹ ਵੀ ਕਿਹਾ ਕਿ ਜੇ ਅਦਾਲਤ ’ਚ ਆਉਣਾ ਹੈ ਤਾਂ ਪਹਿਲਾਂ ਪੜ੍ਹ ਕੇ, ਚੰਗੀ ਜਾਣਕਾਰੀ ਲੈ ਕੇ ਆਓ ਮਾਣਯੋਗ ਜੱਜ ਸਾਹਿਬ ਦੀ ਭਾਵਨਾ ਤੇ ਪ੍ਰੇਸ਼ਾਨੀ ਨੂੰ ਸਮਝਿਆ ਜਾ ਸਕਦਾ ਹੈ| ਅਸਲ ’ਚ ਦੇਸ਼ ਦਾ ਬਹੁਤ ਵੱਡਾ ਢਾਂਚਾ ਹੈ ਜੋ ਹਜ਼ਾਰਾਂ ਸਾਲਾਂ ਦੇ ਇਤਿਹਾਸ, ਸੰਸਥਾਵਾਂ, ਸੰਗਠਨਾਂ, ਇਮਾਰਤਾਂ, ਕਲਾ ਤੇ ਸੱਭਿਆਚਾਰ ਦਾ ਦਸਤਾਵੇਜ਼ੀ ਰਿਕਾਰਡ ਰੱਖਦਾ ਹੈ ਦੇਸ਼ ਦੀਆਂ ਸੈਂਕੜੇ ਯੂਨੀਵਰਸਿਟੀਆਂ ’ਚ ਹਜ਼ਾਰਾਂ ਵਿਦਵਾਨਾਂ ਦੇ ਖੋਜ ਕਾਰਜ, ਕਿਤਾਬਾਂ ਹਨ ਜੋ ਇਤਿਹਾਸ ਤੇ ਇਤਿਹਾਸਕ ਇਮਾਰਤਾਂ ਬਾਰੇ ਪੁਖਤਾ, ਵਿਸ਼ਲੇਸ਼ਣਾਤਮਕ, ਸੰਤੁਲਿਤ ਤੇ ਤੱਥਾਂ ’ਤੇ ਆਧਾਰਿਤ ਜਾਣਕਾਰੀਆਂ ਨਾਲ ਭਰਪੂਰ ਹਨ|
ਮੁਗਲਾਂ ਦੀਆਂ ਜ਼ਾਲਮਾਨਾ ਕਾਰਵਾਈਆਂ ਦੀ ਅਲੋਚਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਅਲੋਚਕ ਇਹ ਤਾਂ ਮੰਨਦੇ ਹਨ ਕਿ ਦੇਸ਼ ਅੰਦਰ ਮੁਗਲ ਹਕੂਮਤ ਰਹੀ ਹੈ ਮੁਗਲ ਬਾਦਸ਼ਾਹਾਂ ਨੇ ਕਿਲ੍ਹਿਆਂ, ਮਹਿਲਾਂ, ਮਕਬਰਿਆਂ ਤੇ ਦਫ਼ਤਰਾਂ ਦਾ ਨਿਰਮਾਣ ਵੀ ਕਰਵਾਇਆ ਤੇ ਇਹ ਇਮਾਰਤਾਂ ਆਪਣੀ ਭਵਨ ਨਿਰਮਾਣ ਕਲਾ ਕਾਰਨ ਪ੍ਰਸਿੱਧ ਵੀ ਹਨ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਦੇ ਨਾਲ-ਨਾਲ ਇਨ੍ਹਾਂ ਕਲਾਮਈ ਇਮਾਰਤਾਂ ਦੀ ਖੂਬਸੂਰਤੀ ਸਿਰਫ਼ ਭਾਰਤ ਤੱਕ ਸੀਮਤ ਨਹੀਂ ਸਗੋਂ ਹੋਰਨਾਂ ਮੁਲਕਾਂ ਅੰਦਰ ਡਿੱਗ ਢਹਿ ਚੁੱਕੀਆਂ ਤੇ ਕਰੀਬ ਖੰਡਰ ਬਣ ਚੁੱਕੀਆਂ ਇਮਾਰਤਾਂ ਨੂੰ ਸੰਭਾਲਿਆ ਗਿਆ ਹੈ, ਚਾਹੇ ਉਨ੍ਹਾਂ ਨਾਲ ਕੌੜੀਆਂ ਯਾਦਾਂ ਵੀ ਕਿਉਂ ਨਾ ਜੁੜੀਆਂ ਹੋਣ ਮੁਗਲ ਰਾਜੇ ਚੰਗੇ ਜਾਂ ਮਾੜੇ ਹੋਣ ਇਹ ਵੱਖਰਾ ਵਿਸ਼ਾ ਹੈ ਪਰ ਇਮਾਰਤਾਂ ਦੀ ਪ੍ਰਮਾਣਿਕਤਾ ’ਤੇ ਸ਼ੰਕੇ ਖੜ੍ਹੇ ਕਰਕੇ ਦੇਸ਼ ਦੇ ਇਤਿਹਾਸ ਦੀ ਪ੍ਰਮਾਣਿਕਤਾ ਨੂੰ ਧੁੰਦਲਾ ਕਰਨਾ ਹੈ|
ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਯੂਰਪ ਤੇ ਅਮਰੀਕਾ ਆਧੁਨਿਕਤਾ, ਲੋਕਤੰਤਰ ਤੇ ਮਾਨਵਵਾਦੀ ਮੁੱਲਾਂ ਦੀ ਬਦੌਲਤ ਤਰੱਕੀਆਂ ਦੀਆਂ ਪੌੜੀਆਂ ਚੜ੍ਹ ਰਹੇ ਹਨ ਪਰ ਸਾਡੇ ਮੁਲਕ ’ਚ ਅਜੇ ਇਤਿਹਾਸ ਨਾਲ ਛੇੜਛਾੜ ’ਚ ਹੀ ਸਮਾਂ ਗੁਆਇਆ ਜਾ ਰਿਹਾ ਹੈ ਭਾਵੇਂ ਮਹਾਨ ਅਸ਼ੋਕ ਸਮਰਾਟ, ਮਹਾਰਾਣਾ ਪ੍ਰਤਾਪ, ਸ਼ਿਵਾਜੀ, ਸਿੱਖ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਸਾਡੇ ਆਦਰਸ਼ ਹਨ ਪਰ ਇਤਿਹਾਸ ਨੂੰ ਤਰਤੀਬਬੱਧ ਕਰਨ ਵੇਲੇ ਵਿਰੋਧੀ ਤੇ ਨਾਂਹਪੱਖੀ ਹਕੂਮਤਾਂ ਦਾ ਜ਼ਿਕਰ ਇਤਿਹਾਸ ਦਾ ਅੰਗ ਹੰੁਦਾ ਹੈ ਲੜਾਈ ’ਚ ਬਹਾਦਰ ਯੋਧੇ ਦੀ ਪ੍ਰਸੰਸਾ ਤਾਕਤਵਰ ਦੁਸ਼ਮਣ ਦੇ ਜ਼ਿਕਰ ਨਾਲ ਹੀ ਮੁਕੰਮਲ ਹੁੰਦੀ ਹੈ ਚੰਗਾ ਹੋਵੇ ਜੇਕਰ ਇਤਿਹਾਸ ਨਾਲ ਛੇੜਛਾੜ ਕਰਨ ਦੀ ਬਜਾਇ ਪ੍ਰਦੂਸ਼ਣ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਸਿਹਤ ਤੇ ਸਿੱਖਿਆ ਢਾਂਚੇ ਦੀਆਂ ਕਮੀਆਂ ਦੂਰ ਕਰਨ ਲਈ ਸੰਵਿਧਾਨਕ ਸੰਸਥਾਵਾਂ ਦਾ ਸਹਾਰਾ ਲਿਆ ਜਾਵੇ|
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ