ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਕੋਈ ਨਹੀਂ ਲੈਂਦਾ ਐਮਰਜੈਂਸੀ ਵੇਲੇ ਮਰੀਜਾਂ ਦੀ ਸਾਰ : ਸਮਾਜ ਸੇਵੀ
ਗੁਰੂਹਰਸਹਾਏ (ਸਤਪਾਲ ਥਿੰਦ)। ਪਿੰਡਾਂ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰ ਜਿਨ੍ਹਾਂ ਨੂੰ ਲੋਕ ਪੇਂਡੂ ਡਾਕਟਰਾਂ ਦੇ ਨਾਂਅ ਨਾਲ ਜਾਣਦੇ ਹਨ ਤੋਂ ਇਲਾਵਾ ਪਿੰਡਾਂ ਵਿੱਚ ਛੋਟੀ ਮੋਟੀ ਤਕਲੀਫ ਵਾਲੇ ਮਰੀਜ਼ਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ। ਕੋਰੋਨਾ ਵਾਇਰਸ ਨਾਂਅ ਦੀ ਭਿਆਨਕ ਬਿਮਾਰੀ ਕਰਕੇ ਜਦੋਂ ਦੇਸ਼ ਵਿੱਚ ਜਦੋਂ ਦਾ ਲਾਕਡਾਊਨ ਹੋਇਆ ਹੈ ,ਉਦੋਂ ਤੋਂ ਘਰ ਘਰ ਜਾ ਕੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਾਲੇ ਇਹ ਡਾਕਟਰ ਹੀ ਲੋਕਾਂ ਦੇ ਮਸੀਹਾ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਛੋਟੀ ਮੋਟੀ ਤਕਲੀਫ ਹੋਣ ‘ਤੇ ਆਵਾਜ਼ ਵੱਜਦਿਆਂ ਹੀ ਉਨ੍ਹਾਂ ਦੇ ਸਿਰਹਾਣੇ ਜਾ ਖੜਦੇ ਹਨ ਅਤੇ ਉਨ੍ਹਾਂ ਦਾ ਮੁੱਢਲਾ ਇਲਾਜ ਕਰਦੇ ਹਨ।
ਸਾਨੂੰ ਸਭ ਨੂੰ ਪਤਾ ਹੈ ਕਿ ਲਾਕਡਾਊਨ ਤੋਂ ਪਹਿਲਾਂ ਲੱਖਾਂ ਦੀ ਗਿਣਤੀ ਵਿੱਚ ਮਰੀਜ਼ ਵੱਡੇ-ਵੱਡੇ ਹਸਪਤਾਲਾਂ ਵਿੱਚ ਕਤਾਰਾਂ ਲਾ ਕੇ ਡਾਕਟਰਾਂ ਦੀ ਉਡੀਕ ਕਰਦੇ ਦੇਖੇ ਜਾਂਦੇ ਸੀ ਪਰ ਲਾਕਡਾਊਨ ਤੋਂ ਬਾਅਦ ਇਹ ਸਾਰੇ ਪ੍ਰਾਈਵੇਟ ਅਦਾਰੇ ਵੱਡੇ ਹਸਪਤਾਲ ਬੰਦ ਹੋ ਗਏ ਤਾਂ ਕਿ ਇਹ ਸਾਰੇ ਮਰੀਜਾਂ ਦੀਆਂ ਬਿਮਾਰੀਆਂ ਰਾਤੋਂ ਰਾਤ ਠੀਕ ਹੋ ਗਈਆਂ, ਨਹੀਂ ਇਹ ਸਾਰੇ ਲੋਕ ਇਨ੍ਹਾਂ ਪੇਂਡੂ ਡਾਕਟਰਾਂ ਤੋਂ ਜਿਨ੍ਹਾਂ ਨੂੰ ਕਈ ਲੋਕ ਮਜ਼ਾਕ ਨਾਲ ਝੋਲਾਛਾਪ ਵੀ ਕਹਿ ਦਿੰਦੇ ਹਨ ਤੋਂ ਹੀ ਇਲਾਜ ਕਰਵਾ ਕੇ ਸੰਤੁਸ਼ਟ ਨਜ਼ਰ ਆ ਰਹੇ ਹਨ।
ਆਓ ਦੇਖਦੇ ਹਾਂ ਇਲਾਕੇ ਦੇ ਕੁੱਝ ਸਮਾਜ ਸੇਵੀ ਲੋਕ ਕੀ ਕਹਿੰਦੇ ਹਨ ਇਨ੍ਹਾਂ ਬਾਰੇ
ਲੋਕਾਂ ਦੇ ਮਸੀਹਾ ਬਣੇ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਜਾਂ ਪੇਂਡੂ ਡਾਕਟਰਾਂ ਦੇ ਸਬੰਧ ਵਿੱਚ ਵਿਜੈ ਕੁਮਾਰ ਥਿੰਦ ਪ੍ਰਧਾਨ ਬਲੱਡ ਡੋਨਰ ਸੁਸਾਇਟੀ ਡੇਰਾ ਭਜਨਗੜ੍ਹ ਸਾਹਿਬ ਗੋਲੂਕਾ ਮੋੜ ਨੇ ਕਿਹਾ ਕਿ ਪਿੰਡਾਂ ਵਿੱਚ ਇਨ੍ਹਾਂ ਡਾਕਟਰਾਂ ਤੋਂ ਇਲਾਵਾ ਸਿਹਤ ਸੇਵਾਵਾਂ ਦੇ ਹੋਰ ਕੋਈ ਵੀ ਢੁਕਵੇਂ ਪ੍ਰਬੰਧ ਨਹੀਂ ਹਨ, ਜੇਕਰ ਕਿਸੇ ਪਿੰਡ ਵਿੱਚ ਡਿਸਪੈਂਸਰੀ ਹੈ ਵੀ ਤਾਂ ਉਹ ਕੁਝ ਘੰਟਿਆਂ ਲਈ ਹੀ ਖੁੱਲ੍ਹਦੀ ਹੈ ਬਾਕੀ ਹਰ ਵਕਤ ਲੋਕ ਇਨ੍ਹਾਂ ਪੇਂਡੂ ਡਾਕਟਰਾਂ ‘ਤੇ ਹੀ ਨਿਰਭਰ ਹਨ। ਇਸ ਕਰਕੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਵਿੱਚ ਮੈਂ ਇਨ੍ਹਾਂ ਦਾ ਅਹਿਮ ਯੋਗਦਾਨ ਮੰਨਦਾ ਹਾਂ।
ਇਸ ਸਬੰਧੀ ਗੱਲਬਾਤ ਕਰਦਿਆਂ ਤਿਲਕ ਰਾਜ ਪ੍ਰਧਾਨ ਯੂਥ ਕੰਬੋਜ ਮਹਾਂਸਭਾ ਪੰਜਾਬ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਕਰਦੇ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਸੱਚਮੁੱਚ ਲੋਕਾਂ ਲਈ ਮਸੀਹਾ ਹਨ। ਅੱਧੀ ਅੱਧੀ ਰਾਤ ਨੂੰ ਲੋਕਾਂ ਨੂੰ ਘਰ ਜਾ ਕੇ ਫਸਟਏਡ ਦੇਣਾ ਅਤੇ ਬਹੁਤ ਘੱਟ ਫੀਸਾਂ ਲੈ ਕੇ ਲੋਕਾਂ ਦਾ ਇਲਾਜ ਕਰਨਾ, ਇਸ ਤੋਂ ਵੱਡਾ ਸਮਾਜ ਵਿੱਚ ਮੈਂ ਕੋਈ ਯੋਗਦਾਨ ਨਹੀਂ ਸਮਝਦਾ ਕਿਉਂਕਿ ਬਹੁਤ ਸਾਰੇ ਲੋਕ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੀਆਂ ਫੀਸਾਂ ਹੀ ਨਹੀਂ ਭਰ ਸਕਦੇ ਇਲਾਜ ਕਰਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ , ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਮੌਕੇ ਜਦੋਂ ਲੋਕ ਘਰਾਂ ਚੋਂ ਬਾਹਰ ਹੀ ਨਹੀਂ ਨਿਕਲ ਸਕਦੇ, ਇਨ੍ਹਾਂ ਪੇਂਡੂ ਡਾਕਟਰਾਂ ਵੱਲੋਂ ਸਮਾਜ ਨੂੰ ਬਚਾਉਣ ਲਈ ਪਾਏ ਵੱਡੇ ਯੋਗਦਾਨ ਨੂੰ ਦੇਖਦਿਆਂ ਇਨ੍ਹਾਂ ਨੂੰ ਕੰਮ ਕਰਨ ਲਈ ਮਾਨਤਾ ਦੇ ਦੇਣੀ ਚਾਹੀਦੀ ਹੈ।
ਪਿੰਡਾਂ ਵਿੱਚ ਕੰਮ ਕਰਦੇ ਇਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਾਂ ਬਾਰੇ ਗੱਲ ਕਰਦਿਆਂ ਦੇਸ ਰਾਜ ਸਾਬਕਾ ਸਰਪੰਚ ਨੋਨਾਰੀ ਖੋਖਰ ਨੇ ਕਿਹਾ ਕਿ ਜੋ ਕੰਮ ਇਹ ਪੇਂਡੂ ਡਾਕਟਰ ਪਿੰਡਾਂ ਵਿੱਚ ਬੈਠ ਕੇ ਕਰ ਰਹੇ ਹਨ ਇਸ ਦਾ ਸਰਕਾਰ ਕੋਲ ਕੋਈ ਵੀ ਢੁੱਕਵਾਂ ਬਦਲ ਨਹੀਂ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ। ਉਦੋਂ ਇਹ ਲੋਕ ਲੋਕਾਂ ਨੂੰ ਉਧਾਰ ਸੁਧਾਰ ਦਵਾਈ ਦੇ ਕੇ ਵੀ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ।
ਜਦੋਂ ਇਸ ਸਬੰਧੀ ਯੂਥ ਆਪ ਆਗੂ ਸ਼ੇਖਰ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੇਂਡੂ ਡਾਕਟਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਆਪਸੀ ਨੌਂਹ-ਮਾਸ ਦਾ ਰਿਸ਼ਤਾ ਹੈ, ਕਿਉਂਕਿ ਜਦੋਂ ਵੀ ਕਿਤੇ ਹਨੇਰੇ ਸਵੇਰੇ ਜ਼ਰੂਰਤ ਪੈਂਦੀ ਹੈ ਤਾਂ ਇਹ ਡਾਕਟਰ ਹੀ ਲੋਕਾਂ ਦੇ ਕੰਮ ਆਉਂਦੇ ਹਨ ਅਤੇ ਸਟੇਟ ਦੇ ਕੇ ਕਈ ਵਾਰ ਤੋਂ ਆਪਣੀ ਗੱਡੀ ਜਾਂ ਮੋਟਰਸਾਈਕਲ ਤੇ ਮਰੀਜ਼ ਨੂੰ ਨਾਲ ਬਿਠਾ ਕੇ ਵੱਡੇ ਹਸਪਤਾਲ ਤੱਕ ਪਹੁੰਚਾਉਂਦੇ ਹਨ, ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਵੀ ਖ਼ਾਸ ਧਿਆਨ ਦੇਵੇ ਅਤੇ ਇਨ੍ਹਾਂ ਨੂੰ ਕੋਈ ਟ੍ਰੇਨਿੰਗ ਦੇ ਕੇ ਕੰਮ ਕਰਨ ਦੀ ਮਾਨਤਾ ਦੇਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।