ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!

No longer, Waiting, New Year,  Messages

ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!

ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ ‘ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ ਆਪਣੇ ਸਨੇਹੀਆਂ ਲਈ ਇਹਨਾਂ ਦੀ ਖੂਬ ਖਰੀਦਦਾਰੀ ਕਰਦੇ ਸਨ। New Year

ਬਿੰਦਰ ਸਿੰਘ। ਵਰ੍ਹਾ 2019 ਕੌੜੀਆਂ-ਮਿੱਠੀਆਂ ਯਾਦਾਂ ਛੱਡਦਾ ਸਾਡੇ ਤੋਂ ਰੁਖਸਤ ਹੋ ਗਿਆ ਹੈ ਅਤੇ ਸਾਲ 2020 ਦਸਤਕ ਦੇ ਚੁੱਕਾ ਹੈ। ਸੰਸਾਰ ਦੇ ਤਕਰੀਬਨ ਹਰ ਦੇਸ਼ ਵਿਚ ਨਵੇਂ ਵਰ੍ਹੇ ਨੂੰ ਆਪੋ-ਆਪਣੇ ਤਰੀਕੇ ਨਾਲ ਜੀ ਆਇਆਂ ਕਿਹਾ ਜਾਂਦਾ ਹੈ। ਲੋਕ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮਾਂ ਦੀਆਂ ਪੇਸ਼ਕਾਰੀਆਂ ਕਰਕੇ ਅਤੇ ਪਟਾਕੇ ਆਦਿ ਚਲਾ ਕੇ ਨਵੇਂ ਵਰ੍ਹੇ ਦਾ ਸਵਾਗਤ ਕਰਦੇ ਹਨ। ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਆਪਣੇ ਨੇੜਲਿਆਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੁਨੇਹਿਆਂ ਰਾਹੀਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇਣ ਦਾ ਸਿਲਸਿਲਾ ਵੀ ਕਾਫੀ ਪੁਰਾਣਾ ਹੈ ਹਾਂ ਸਮੇਂ ਦੇ ਨਾਲ-ਨਾਲ ਇਸਦੇ ਤਰੀਕਿਆਂ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। New Year

ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ ‘ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ ਆਪਣੇ ਸਨੇਹੀਆਂ ਲਈ ਇਹਨਾਂ ਦੀ ਖੂਬ ਖਰੀਦਦਾਰੀ ਕਰਦੇ ਸਨ। ਇਹਨਾਂ ਕਾਰਡਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਹੁੰਦੀਆਂ ਸਨ। ਯਾਰਾਂ-ਦੋਸਤਾਂ ਲਈ ਹੋਰ ਕਿਸਮ ਦੇ ਅਤੇ ਰਿਸ਼ਤੇਦਤਾਰਾਂ ਲਈ ਹੋਰ ਕਿਸਮ ਦੇ ਕਾਰਡ ਉਪਲੱਬਧ ਹੁੰਦੇ ਸਨ। ਇਹਨਾਂ ਦਾ ਵਖਰੇਵਾਂ ਸਿਰਫ ਬਾਹਰੀ ਸੁੰਦਰਤਾ ਜਾਂ ਪ੍ਰਿੰਟਿੰਗ ਤੱਕ ਸੀਮਿਤ ਨਹੀਂ ਸੀ ਹੁੰਦਾ, ਇਸਦੇ ਅੰਦਰ ਲਿਖਿਆ ਸੁਨੇਹਾ ਵੀ ਰਿਸ਼ਤੇ ਨਾਲ ਮੇਲ ਖਾਂਦਾ ਹੁੰਦਾ ਸੀ। ਸੋ ਕਾਰਡ ਦੀ ਚੋਣ ਬਾਹਰੀ ਕਵਰ ਅਤੇ ਅੰਦਰਲੇ ਸੁਨੇਹੇ ਮੁਤਾਬਿਕ ਕੀਤੀ ਜਾਂਦੀ ਸੀ। ਦੁਕਾਨਦਾਰਾਂ ਲਈ ਇਹ ਦੀਵਾਲੀ ਵਾਂਗ ਹੀ ਚਾਰ ਪੈਸੇ ਕਮਾਉਣ ਦਾ ਵਧੀਆ ਮੌਕਾ ਹੁੰਦਾ ਸੀ। ਖਰੀਦਦਾਰੀ ਕਰਨ ਉਪਰੰਤ ਕਾਰਡ ਨੂੰ ਡਾਕ ਕਰਨ ਦੀ ਵਾਰੀ ਆਉਂਦੀ ਸੀ। ਇਹਨਾਂ ਗਰੀਟਿੰਗ ਕਾਰਡਾਂ ਦੀ ਵੰਡ-ਵੰਡਾਈ ਦੇ ਚੱਲਦਿਆਂ ਡਾਕੀਆਂ ਕੋਲ ਵੀ ਖਾਸਾ ਕੰਮ ਵਧ ਜਾਂਦਾ ਸੀ। ਵਧੇ ਕੰਮ ਦੀ ਬਦੌਲਤ ਜਨਵਰੀ ਮਹੀਨੇ ਦੇ ਅਖੀਰ ਤੱਕ ਕਾਰਡਾਂ ਦੀ ਆਮਦ ਬਣੀ ਰਹਿੰਦੀ ਸੀ ਅਤੇ ਕਈ ਅਣਵੰਡੇ ਵੀ ਰਹਿ ਜਾਂਦੇ ਸਨ। ਕਾਰਡਾਂ ਦੀ ਉਡੀਕ ਵੀ ਬੜੀ ਉਤਸੁਕਤਾ ਨਾਲ ਕੀਤੀ ਜਾਂਦੀ ਸੀ। ਤਕਰੀਬਨ ਪੰਦਰਾਂ ਦਸੰਬਰ ਤੋਂ ਹੀ ਨਜ਼ਰਾਂ ਗੇਟ ‘ਤੇ ਟਿਕ ਜਾਂਦੀਆਂ ਸਨ ਕਿ ਕਦੋਂ ਡਾਕੀਆ ਕਿਸੇ ਸਨੇਹੀ ਦਾ ਸੁਨੇਹਾ ਲੈ ਕੇ ਆਵੇ। ਕਾਰਡ ਪ੍ਰਾਪਤ ਕਰਦਿਆਂ ਜੋ ਖੁਸ਼ੀ ਮਿਲਦੀ ਸੀ ਉਹ ਅੱਜ ਵੀ ਕਹਿਣੀ ਅਤੇ ਕਥਨੀ ਤੋਂ ਬਾਹਰ ਹੈ। ਇਹਨਾਂ ਕਾਰਡਾਂ ਨੂੰ ਬੜੇ ਚਾਅ ਨਾਲ ਸੰਭਾਲ ਕੇ ਰੱਖਿਆ ਜਾਂਦਾ ਸੀ। ਕਾਰਡ ਨਾ ਭੇਜਣ ਵਾਲੇ ਆਪਣੇ ਨਾਲ ਗਿਲਾ ਵੀ ਜਤਾਇਆ ਜਾਂਦਾ ਸੀ। ਕਈ ਵਾਰ ਉਸਨੇ ਕਾਰਡ ਭੇਜਿਆ ਹੁੰਦਾ ਸੀ ਪਰ ਡਾਕ ਗੜਬੜੀ ਕਾਰਨ ਮਿਲਣ ਵਿੱਚ ਕੁਤਾਹੀ ਹੋ ਜਾਂਦੀ ਸੀ।

ਮੋਬਾਇਲ ਦੀ ਆਮਦ ਨੇ ਹੌਲੀ-ਹੌਲੀ ਕਾਰਡ ਯੁੱਗ ਦਾ ਅੰਤ ਕਰਨਾ ਸ਼ੁਰੂ ਕਰ ਦਿੱਤਾ। ਮੋਬਾਇਲ ਆਮਦ ਦੇ ਸ਼ੁਰੂਆਤੀ ਦਿਨਾਂ ‘ਚ ਟੈਕਸਟ ਮੈਸੇਜ ਭੇਜਿਆ ਜਾਂਦਾ ਸੀ ਅਤੇ ਇਸ ਲਈ ਵੱਖਰੇ ਮੈਸੇਜ ਪੈਕ ਵੀ ਪਵਾਏ ਜਾਂਦੇ ਸਨ, ਕਿਉਂਕਿ ਮੋਬਾਈਲ ਕੰਪਨੀਆਂ ਇਹਨਾਂ ਦਿਨਾਂ ਦੌਰਾਨ ਮੈਸੇਜਾਂ ਦੇ ਆਮ ਆਫਰ ਬੰਦ ਕਰ ਦਿੰਦੀਆਂ ਸਨ। ਟੈਕਸਟ ਮੈਸੇਜਾਂ ਦੇ ਚੱਲਦਿਆਂ ਕਾਰਡਾਂ ਦੇ ਘਟੇ ਰੁਝਾਨ ਨੂੰ ਸਮਾਰਟ ਫੋਨਾਂ ਦੀ ਆਮਦ ਨੇ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਹੈ। ਸਮਾਰਟ ਫੋਨਾਂ ਜਰੀਏ ਸੋਸ਼ਲ ਮੀਡੀਆ ਦੀ ਦੁਨੀਆਂ ‘ਚ ਪ੍ਰਵੇਸ਼ ਹੋਣ ਨਾਲ ਲੋਕਾਂ ਨੇ ਗਰੀਟਿੰਗ ਕਾਰਡਾਂ ਨੂੰ ਬਿਲਕੁਲ ਹੀ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਦੁਕਾਨਾਂ ‘ਤੇ ਕਾਰਡਾਂ ਦੀਆਂ ਸਟਾਲਾਂ ਸੱਜਣ ਵਾਲੇ ਦਿਨ ਬਹੁਤ ਪਿੱਛੇ ਰਹਿ ਗਏ ਹਨ। ਹੁਣ ਤਾਂ ਵਧਾਈ ਮੈਸੇਜ ਭੇਜਣ ਦਾ ਕੰੰਮ ਮਹਿਜ਼ ਇੱਕ ਕਲਿੱਕ ਦੂਰੀ ‘ਤੇ ਹੈ। ਵੱਟਸਅਪ ਅਤੇ ਫੇਸਬੁੱਕ ਸਮੇਤ ਪਤਾ ਨਹੀਂ ਹੋਰ ਕਿੰਨੇ ਹੀ ਸੋਸ਼ਲ ਮੀਡੀਆ ਸਾਧਨ ਮੌਜ਼ੂਦ ਹਨ ਜਿਨ੍ਹਾਂ ਜਰੀਏ ਇੱਕੋ ਕਲਿਕ ਨਾਲ ਸੈਂਕੜੇ ਲੋਕਾਂ ਨੂੰ ਮੁਬਾਰਕਬਾਦ ਕਹੀ ਜਾ ਸਕਦੀ ਹੈ। ਹੁਣ ਤਾਂ ਸੁਨੇਹਾ ਲਿਖਣ ਦੀ ਵੀ ਜਰੂਰਤ ਨਹੀਂ, ਵੱਖ-ਵੱਖ ਸਾਈਟਾਂ ਤਰ੍ਹਾਂ-ਤਰ੍ਹਾਂ ਦੇ ਸੁਨੇਹੇ ਉਪਲੱਬਧ ਕਰਵਾਉਣ ਲੱਗੀਆਂ ਹਨ। ਬੱਸ ਸੁਨੇਹਾ ਡਾਊਨਲੋਡ ਕਰੋ ਤੇ ਅੱਗੇ ਭੇਜ ਦਿਉ।

ਸੁਨੇਹੇ ਭੇਜਣ ਦੀ ਆਸਾਨ ਉਪਲੱਬਧਤਾ ਨੇ ਸੁਨੇਹਿਆਂ ਪ੍ਰਤੀ ਉਤਸੁਕਤਾ ਵੀ ਘਟਾ ਦਿੱਤੀ ਹੈ। ਹੁਣ ਨਵੇਂ ਵਰ੍ਹੇ ਦੇ ਵਧਾਈ ਸੁਨੇਹਿਆਂ ਦੀ ਕਾਰਡਾਂ ਜਿੰਨੀ ਨਾ ਤਾਂ ਉਡੀਕ ਰਹਿੰਦੀ ਹੈ ਅਤੇ ਨਾ ਹੀ ਕਾਰਡਾਂ ਜਿੰਨਾ ਚਾਅ। ਪਤਾ ਹੀ ਨਹੀਂ ਲੱਗਦਾ ਕਿਸ ਦਾ ਸੁਨੇਹਾ ਆ ਗਿਆ ਤੇ ਕਿਸ ਦਾ ਨਹੀਂ। ਇਕੱਤੀ ਦਸੰਬਰ ਨੂੰ ਤਾਂ ਵਟਸਅਪ ‘ਤੇ ਵਧਾਈ ਸੁਨੇਹਿਆਂ ਦਾ ਇੱਕ ਤਰ੍ਹਾਂ ਹੜ੍ਹ ਜਿਹਾ ਈ ਆ ਜਾਂਦਾ ਹੈ। ਕਈ ਸੁਨੇਹੇ ਤਾਂ ਪੜ੍ਹਨ ਤੋਂ ਵੀ ਰਹਿ ਜਾਂਦੇ ਹਨ। ਸੋਸ਼ਲ ਮੀਡੀਆ ਜਰੀਏ ਪ੍ਰਾਪਤ ਆਪਣਿਆਂ ਦੇ ਪਿਆਰ ਨੂੰ ਗਰੀਟਿੰਗ ਕਾਰਡਾਂ ਵਾਂਗ ਸੰਭਾਲ ਕੇ ਰੱਖਣ ਦਾ ਵੀ ਰਿਵਾਜ਼ ਨਹੀਂ ਰਿਹਾ। ਮੋਬਾਈਲ ਦੇ ਹੈਂਗ ਹੋਣ ਡਰੋਂ ਵਧਾਈ ਸੁਨੇਹਿਆਂ ਨੂੰ ਡੀਲੀਟ ਕਰਨ ਦਾ ਸਿਲਸਿਲਾ ਵੀ ਨਾਲੋ-ਨਾਲ ਸ਼ੁਰੂ ਹੋ ਜਾਂਦਾ ਹੈ। ਖੈਰ! ਤਬਦੀਲੀ ਕੁਦਰਤ ਦਾ ਦਸਤੂਰ ਹੈ ਅਤੇ ਇਸ ਤਬਦੀਲੀ ਨਾਲ ਹੀ ਤਬਦੀਲ ਹੋ ਰਿਹਾ ਹੈ ਸਾਡਾ ਸੱਭਿਆਚਾਰ। ਸਮੇਂ ਦੇ ਨਾਲ ਚੱਲਦਿਆਂ ਆਪਣਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਰਬੱਤ ਦਾ ਭਲਾ ਮੰਗਦੇ ਰਹੋ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ! ਇਹ ਨਵਾਂ ਵਰ੍ਹਾ ਤੁਹਾਡੇ ਸਭ ਲਈ ਖੁਸ਼ੀਆਂ, ਖੇੜਿਆਂ ਅਤੇ ਸਫਲਤਾਵਾਂ ਦੇ ਪੈਗਾਮ ਲੈ ਕੇ ਆਵੇ।

ਸ਼ਕਤੀ ਨਗਰ, ਬਰਨਾਲਾ।  

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।