ਨਿਸ਼ਾਨ ਸਿੰਘ ਟੋਨੀ ਸਰਬਸੰਮਤੀ ਨਾਲ ਬਣੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ

ਕੋਮਲ ਕਾਂਸਲ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਤੇਗ ਸਿੰਘ ਨਿੱਕਾ ਮੀਤ ਪ੍ਰਧਾਨ ਚੁਣੇ ਗਏ

ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ)। ਅੱਜ ਸਥਾਨਕ ਸ਼ਹਿਰ ਸੁਨਾਮ ਵਿਖੇ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੌਣ ਐਸ‌‌ਡੀਐਮ‌ ਸੁਨਾਮ ਮਨਜੀਤ ਕੌਰ ਦੀ ਦੇਖ-ਰੇਖ ਵਿੱਚ ਹੋਈ ਜਿਸ ਵਿਚ ਨਿਸ਼ਾਨ ਸਿੰਘ ਟੋਨੀ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਸੁਨਾਮ ਦਾ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਹਿਰ ਦੇ 23 ਵਾਰਡਾਂ ਵਿੱਚੋਂ 19 ਵਾਰਡਾਂ ਵਿੱਚ ਸਿੱਧੇ ਤੌਰ ’ਤੇ ਜੇਤੂ ਰਹੀ ਸੀ ਅਤੇ ਬਾਅਦ ਵਿੱਚ ਬਾਕੀ ਅਜ਼ਾਦ ਨਗਰ ਕੌਂਸਲਰਾਂ ਦਾ ਸਮਰਥਨ ਵੀ ਕਾਂਗਰਸ ਪਾਰਟੀ ਨੂੰ ਮਿਲਿਆ,

ਜਿਸ ਕਾਰਨ ਪ੍ਰਧਾਨਗੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਕੋਈ ਮੁਸ਼ਕਲ ਨਹੀਂ ਆਈ ਅਤੇ ਨਿਸ਼ਾਨ ਸਿੰਘ ਟੋਨੀ ਨੂੰ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਕੋਮਲ ਕਾਂਸਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਤੇਗ ਸਿੰਘ ਨਿੱਕਾ ਨੂੰ ਮੀਤ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ,

ਉਨਾਂ ਨੇ ਕਿਹਾ ਕਿ ਕਿਸੇ ਵਾਰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਨੂੰ ਜੋ ਮਾਨ ਬਖਸ਼ਿਆ ਹੈ ਉਹ ਉਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਖ਼ਾਸ ਤੌਰ ’ਤੇ ਪਹੁੰਚੇ ਮੈਡਮ ਦਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਦੇ ਸਾਰੇ ਨਗਰ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨਗੀ ਦੀ ਚੋਣ ਕੀਤੀ ਗਈ ਹੈ ਅਤੇ ਕਿਸੇ ਨਗਰ ਕੌਂਸਲਰ ਉਪਰ ਪ੍ਰਧਾਨਗੀ ਸਬੰਧੀ ਕੋਈ ਦਬਾਅ ਨਹੀਂ ਪਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਹੋਣ‌ ਕਾਰਨ ਹੁਣ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਮਿਲੇਗੀ। ਇਸ ਮੌਕੇ ਡੀ ਐਸ‌ ਪੀ ਸੁਨਾਮ ਬਲਜਿੰਦਰ ਸਿੰਘ ਪੰਨੂ ਅਤੇ ਐਸ‌ ਐਚ ਓ ਜਤਿੰਦਰ ਪਾਲ ਸਿੰਘ ਵੱਲੋਂ ਪੁਲੀਸ ਪਾਰਟੀ ਸਮੇਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸਾਂਮ ਕਾਂਸਲ, ਗੀਤਾ ਸ਼ਰਮਾ ਚੇਅਰਮੈਨ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨਿਸ਼ ਸੋਨੀ, ਕਾਂਗਰਸ ਦੇ ਬਲਾਕ ਪ੍ਰਧਾਨ ਸੰਜੇ ਖਡਿਆਲਿਆ, ਸਾਬਕਾ ਨਗਰ ਕੌਂਸਲਰ ਮਨਪ੍ਰੀਤ ਬਾਂਸਲ, ਰਾਜਿੰਦਰ ਸਿੰਘ ਕੈਫੀ , ਮਲਕੀਤ ਸਿੰਘ ਥਿੰਦ, ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.